ਇਕ ਵਾਰ ਫਿਰ ਪ੍ਰਸ਼ਾਸਨ ਨੇ ਹਿੰਮਤ ਕਰ ਕੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕੱਸੀ ਕਮਰ

06/19/2018 6:35:08 AM

ਤਰਨਤਾਰਨ   (ਰਮਨ)   ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਵਸਾਈ ਗਈ ਪਵਿੱਤਰ ਨਗਰੀ ਸ੍ਰੀ ਤਰਨਤਾਰਨ ਸਾਹਿਬ ਵਿਖੇ ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਜਿਥੇ ਗੁਰੂ ਨਗਰੀ ਨੂੰ ਗ੍ਰਹਿਣ ਲਾ ਰਹੇ ਹਨ ਉਥੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ਹਿਰ ਦੀ ਆਵਾਜਾਈ ਕਾਫੀ ਜ਼ਿਆਦਾ ਵਿਗਡ਼ ਚੁੱਕੀ ਹੈ ਜਿਸ ਦੌਰਾਨ ਕਬਜ਼ਾਧਾਰੀਆਂ  ਨੂੰ ਨਕੇਲ ਪਾਉਣ ਲਈ ਇਕ ਵਾਰ ਫਿਰ ਪ੍ਰਸ਼ਾਸਨ ਨੇ  ਕਮਰ ਕੱਸ ਲਈ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਪ੍ਰਸ਼ਾਸਨਕ ਅਧਿਕਾਰੀ ਨਾਜਾਇਜ਼ ਕਬਜ਼ੇ ਹਟਾਉਣ ਦੀ ਨੀਅਤ ਨਾਲ ਕੰਮ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਸਿਆਸਤ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਮਾਣਯੋਗ ਹਾਈਕੋਰਟ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਦਿੱਤੇ ਸਖਤ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਦੇ ਆਦੇਸ਼ਾਂ ’ਤੇ ਅੱਜ ਸਹਾਇਕ ਕਮਿਸ਼ਨਰ ਰਜਨੀਸ਼ ਅਰੋਡ਼ਾ ਵੱਲੋਂ ਨਗਰ ਕੌਂਸਲ, ਟਰੈਫਿਕ ਪੁਲਸ ਦੀ ਟੀਮ ਨੂੰ ਨਾਲ  ਲੈ ਕੇ ਤਹਿਸੀਲ ਚੌਕ, ਬੋਹਡ਼ੀ ਚੌਕ, ਚਾਰ ਖੰਭਾ ਚੌਕ, ਰੋਹੀ ਪੁਲ, ਸਰਹਾਲੀ ਰੋਡ, ਗਾਰਦ ਬਾਜ਼ਾਰ, ਜੰਡਿਆਲਾ ਰੋਡ ਆਦਿ ਦੇ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਤੁਰੰਤ ਹਟਾਉਣ ਸਬੰਧੀ ਪਹਿਲੀ ਅਤੇ ਆਖਰੀ ਚੇਤਾਵਨੀ  ਦਿੱਤੀ ਹੈ। ਇਸ ਮੌਕੇ ਟੀਮ ਵੱਲੋਂ ਪੂਰੀ ਵੀਡੀਓਗ੍ਰਾਫੀ ਵੀ ਕੀਤੀ ਗਈ। ਇਸ ਸਬੰਧੀ ਰਜਨੀਸ਼ ਅਰੋਡ਼ਾ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ   ਸ਼ਹਿਰ ਵਾਸੀਆਂ ਅਤੇ ਵਾਹਨ ਚਾਲਕਾਂ ਨੂੰ ਟਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ।  ਇਸ ਲਈ ਮੰਗਲਵਾਰ ਤੋਂ ਸਾਰੇ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਨਗਰ ਕੌਂਸਲ ਦੀ ਟੀਮ ਸਬੰਧਤ ਦੁਕਾਨਦਾਰ ਆਦਿ ਨੂੰ ਮੌਕੇ ’ਤੇ 100 ਰੁਪਏ ਤੋਂ ਲੈ ਕੇ 2 ਹਜ਼ਾਰ ਤੱਕ ਦਾ ਜੁਰਮਾਨਾ ਲਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਪ੍ਰਸ਼ਾਸਨ   ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜੋ ਸਰਕਾਰੀ ਡਿਊਟੀ ਵਿਚ ਵਿਗਣ ਪਾਉਣ ਦੀ ਕੋਸ਼ਿਸ਼ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿਚ ਲਿਆਂਦੀ ਜਾਵੇਗੀ। ਟ੍ਰੈਫਿਕ ਪੁਲਸ ਦੇ ਜ਼ਿਲਾ ਇੰਚਾਰਜ ਇੰਸਪੈਕਟਰ ਕ੍ਰਿਪਾਲ ਸਿੰਘ, ਏ.ਐੱਸ.ਆਈ ਵਿਨੋਦ ਕੁਮਾਰ ਵੱਲੋਂ ਇਕ ਦਰਜਨ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਗਏ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਸੁਪਰਡੈਂਟ ਕੰਵਲਜੀਤ ਸਿੰਘ, ਸਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ। 
ਪ੍ਰਸ਼ਾਸਨ ਦੇ ਕੰਮ ਵਿਚ ਦਖਲ ਦੇਣ ਵਾਲੇ ਦੀ ਲਵਾਂਗਾ ਕਲਾਸ : ਡਿਪਟੀ ਕਮਿਸ਼ਨਰ 
ਡੀ.ਸੀ ਪ੍ਰਦੀਪ ਸਭਰਵਾਲ ਨੇ ਕਿਹਾ ਕਿ ਗੁਰੂ ਨਗਰੀ ਵਿਚ ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਵੱਲੋਂ ਸਰਕਾਰੀ ਸਡ਼ਕ ਉਪਰ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਜਿਸ ਨੂੰ ਛੁਡਾਉਣ ਲਈ ਸਹਾਇਕ ਕਮਿਸ਼ਨਰ ਰਜਨੀਸ਼ ਅਰੋਡ਼ਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਸ ਮੁਹਿੰਮ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ ਉਸ ਦੀ ਕਲਾਸ ਮੈਂ ਆਪ ਲਵਾਂਗਾ।