ਐੱਸ. ਐੱਚ. ਓ. ਰਾਜੇਸ਼ ਠਾਕੁਰ ''ਤੇ ਲਾਇਆ ਨਾਜਾਇਜ਼ ਰੇਡ ਕਰਨ ਦਾ ਦੋਸ਼

01/10/2018 2:34:45 PM

ਜਲੰਧਰ (ਕਮਲੇਸ਼, ਮਹੇਸ਼)— ਸਵਰਨਜੀਤ ਕੌਰ ਵਾਸੀ ਗੁਰੂ ਗੋਬਿੰਦ ਸਿੰਘ ਐਵੇਨਿਊ ਨੇ ਮੰਗਲਵਾਰ ਇਕ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ 6 ਜਨਵਰੀ ਨੂੰ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਰਾਜੇਸ਼ ਠਾਕੁਰ ਪੁਲਸ ਮੁਲਾਜ਼ਮਾਂ ਨਾਲ ਉਨ੍ਹਾਂ ਦੇ ਘਰ ਵਿਚ ਆ ਗਏ ਅਤੇ ਕਹਿਣ ਲੱਗੇ ਕਿ ਉਹ ਇਕ ਕੇਸ ਵਿਚ ਵਾਂਟੇਡ ਹੈ ਅਤੇ ਉਹ ਜ਼ਬਰਦਸਤੀ ਥਾਣੇ ਲੈ ਗਏ। ਸਵਰਨਜੀਤ ਨੇ ਦੱਸਿਆ ਕਿ ਇਹ ਸਾਰੀ ਘਟਨਾ ਉਨ੍ਹਾਂ ਦੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵਕੀਲ ਨਾਲ ਗੱਲ ਵੀ ਨਹੀਂ ਕਰਨ ਦਿੱਤੀ ਗਈ ਅਤੇ ਪੁਲਸ ਨੇ ਉਨ੍ਹਾਂ ਨਾਲ ਸਰਾਸਰ ਧੱਕਾ ਕੀਤਾ ਹੈ। ਇਸ ਦੌਰਾਨ ਸਵਰਨਜੀਤ ਦੇ ਵਕੀਲ ਨੇ ਕਿਹਾ ਕਿ ਐੱਸ. ਐੱਚ. ਓ. ਵੱਲੋਂ ਕੀਤੀ ਗਈ ਰੇਡ ਪੂਰੀ ਤਰ੍ਹਾਂ ਨਾਲ ਨਾਜਾਇਜ਼ ਸੀ ਅਤੇ ਪੁਲਸ ਨੇ ਉਨ੍ਹਾਂ ਦੇ ਕਲਾਇੰਟ ਨੂੰ ਮੌਲਿਕ ਅਧਿਕਾਰਾਂ ਦੀ ਵੀ ਵਰਤੋਂ ਨਹੀਂ ਕਰਨ ਦਿੱਤੀ। ਉਨ੍ਹਾਂ ਕਿਹਾ ਕਿ ਐੱਸ. ਐੱਚ. ਓ. ਦੀ ਕਾਰਵਾਈ ਸ਼ੱਕ ਦੇ ਘੇਰੇ ਵਿਚ ਆਉਂਦੀ ਹੈ। ਇਸ ਲਈ ਉਨ੍ਹਾਂ ਨੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਰਾਜੇਸ਼ ਠਾਕੁਰ ਦੀ 5 ਤੋਂ 6 ਜਨਵਰੀ ਦੀ ਫੋਨ ਰਿਕਾਰਡਿੰਗ ਕਢਵਾਉਣ ਲਈ ਲਿਖਿਆ ਹੈ।