ਝੁੱਗੀਆਂ ''ਚ ਲੱਗੇ ਨਾਜਾਇਜ਼ ਬਿਜਲੀ ਦੇ ਕੁਨੈਕਸ਼ਨ, ਕੰਭਕਰਨੀ ਨੀਂਦ ਸੁੱਤਾ ਵਿਭਾਗ

10/09/2017 12:09:54 PM

ਸੁਲਤਾਨਪੁਰ ਲੋਧੀ(ਧੀਰ)— ਇਕ ਪਾਸੇ ਪੰਜਾਬ 'ਚ ਮੌਜੂਦਾ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਬੀਤੇ 10 ਸਾਲਾਂ ਦੇ ਰਾਜ 'ਚ ਸੂਬੇ ਦੇ ਖਜ਼ਾਨੇ ਨੂੰ ਖਾਲੀ ਕਰਕੇ ਜਾਣ ਤੋਂ ਬਾਅਦ ਉਸ ਨੂੰ ਦੁਬਾਰਾ ਸਹੀ ਤਰੀਕੇ ਨਾਲ ਲਿਆ ਕੇ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ 'ਚ ਜੀ-ਜਾਨ ਨਾਲ ਜੁੱਟੇ ਹੋਏ ਹਨ, ਉਥੇ ਦੂਜੇ ਪਾਸੇ ਸੂਬੇ ਦੇ ਹੀ ਕੁਝ ਵਿਭਾਗ ਉਨ੍ਹਾਂ ਦੇ ਇਨ੍ਹਾਂ ਯਤਨਾਂ ਨੂੰ ਫੇਲ ਕਰਨ 'ਚ ਜੁਟੇ ਹਨ। ਜੀ ਹਾਂ, ਸੂਬੇ 'ਚ ਪਾਵਰਕਾਮ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਕਥਿਤ ਤੌਰ 'ਤੇ ਮਿਲੀਭੁਗਤ ਨਾਲ ਜਿਥੇ ਰੋਜ਼ਾਨਾ ਹਜ਼ਾਰਾਂ ਬਿਜਲੀ ਯੂਨਿਟਾਂ ਦੀ ਚੋਰੀ ਹੋ ਰਹੀ ਹੈ, ਉਥੇ ਸੂਬੇ ਨੂੰ ਬਿਜਲੀ ਪੱਖੋਂ ਸਰਪਲਸ ਕਰਨ ਦੇ ਯਤਨਾਂ ਨੂੰ ਵੀ ਧੱਕਾ ਲੱਗ ਰਿਹਾ ਹੈ। 
ਜਿਸ ਦਾ ਉਦਾਹਰਣ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਮੁੱਖ ਦਾਣਾ ਮੰਡੀ ਦੇ ਬਾਹਰ ਵੱਡੀ ਗਿਣਤੀ 'ਚ ਲੱਗੀਆਂ ਹੋਈਆਂ ਝੁੱਗੀਆਂ 'ਚ ਅਧਿਕਾਰੀਆਂ ਦੀ ਕਥਿਤ ਤੌਰ 'ਤੇ ਮਿਲੀਭੁਗਤ ਨਾਲ ਪ੍ਰਵਾਸੀ ਮਜ਼ਦੂਰ ਬੇਖੌਫ ਕੁੰਡੀਆਂ ਲਗਾ ਕੇ ਜਿੱਥੇ ਪੂਰਨ ਤੌਰ 'ਤੇ ਐਸ਼ ਨਾਲ ਜੀਵਨ ਬਤੀਤ ਕਰ ਰਹੇ ਹਨ, ਉਥੇ ਕੁਝ ਝੁੱਗੀਆਂ ਵਾਲਿਆਂ ਨੇ ਨਾਜਾਇਜ਼ ਕੁਨੈਕਸ਼ਨਾਂ 'ਤੇ ਡਿੱਸ਼ਾਂ ਵੀ ਲਾਈਆਂ ਹੋਈਆਂ ਹਨ। 'ਜਗ ਬਾਣੀ' ਦੀ ਟੀਮ ਨੇ ਜਦੋਂ ਮੌਕੇ 'ਤੇ ਜਾ ਕੇ ਸਾਰੀ ਛਾਣਬੀਨ ਕੀਤੀ ਤਾਂ ਦੰਗ ਰਹਿ ਗਏ।
ਝੁੱਗੀਆਂ 'ਤੇ ਲੱਗੀਆਂ ਹਨ ਡਿਸ਼ਾਂ
ਨਾਜਾਇਜ਼ ਕੁੰਡੀਆਂ ਦੇ ਕੁਨੈਕਸ਼ਨਾਂ ਤੋਂ ਕਈ ਝੁੱਗੀਆਂ ਦੇ ਉਪਰ ਡਿਸ਼ ਲਗਾ ਕੇ ਪੂਰੀ ਰਾਤ ਦੇ ਮਨੋਰੰਜਨ ਦੇ ਸਾਧਨ ਵੀ ਰੱਖੇ ਹੋਏ ਹਨ। ਆਸ-ਪਾਸ ਲੱਗੇ ਮੀਟ-ਮੁਰਗੇ ਦੇ ਖੋਖਿਆਂ 'ਚ ਵੀ ਕਿਸੇ ਦੇ ਕੋਲ ਵੀ ਕੋਈ ਕੁਨੈਕਸ਼ਨ ਨਹੀਂ ਨਜ਼ਰ ਆਇਆ।

ਕੀ ਕਹਿੰਦੇ ਹਨ ਬਿਜਲੀ ਵਿਭਾਗ ਦੇ ਐੱਸ. ਡੀ.  ਓ. 
ਇਸ ਸਬੰਧੀ ਪਾਵਰਕਾਮ ਡਿਜੀਜਨ-1 ਦੇ ਐੱਸ. ਡੀ.ਓ. ਇੰਜ. ਗੁਰਦੀਪ ਸਿੰਘ ਨੇ ਕਿਹਾ ਕਿ ਮੇਰੇ ਧਿਆਨ 'ਚ ਇਹ ਪਹਿਲੀ ਵਾਰ ਮਾਮਲਾ ਆਇਆ ਹੈ। ਪਹਿਲਾਂ ਤਾਂ ਰਾਤ ਨੂੰ ਹੀ ਸਾਰੇ ਕੁਨੈਕਸ਼ਨ ਵੇਖਾਂਗੇ ਬਾਕੀ ਕੱਲ ਸਵੇਰ ਤੱਕ ਸਾਰੇ ਨਾਜਾਇਜ਼ ਕੁਨੈਕਸ਼ਨ ਨੂੰ ਉਤਾਰ ਕੇ ਇਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਵੀ ਕਰਾਂਗੇ।
ਕੀ ਕਹਿੰਦੇ ਹਨ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ 
ਇਸ ਸਬੰਧੀ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਜ਼ੋਰਾਵਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਥੋੜ੍ਹੇ ਦਿਨ ਪਹਿਲਾਂ ਹੀ ਮੁੱਖ ਦਾਣਾ ਮੰਡੀ  'ਚ ਡਿਊਟੀ ਲੱਗੀ ਹੈ। ਫਿਰ ਵੀ ਉਹ ਰਾਤ ਨੂੰ ਸਾਰੇ ਮਾਮਲੇ ਦੀ ਖੁਦ ਜਾਂਚ ਕਰਨਗੇ ਤੇ ਜਲਦੀ ਖੁੱਲ੍ਹੇ ਬਾਕਸਾਂ ਨੂੰ ਬੰਦ ਕਰਵਾਇਆ ਜਾਵੇਗਾ।
ਮੰਡੀਕਰਨ ਬੋਰਡ ਦੇ ਬਿਜਲੀ ਖੰਭਿਆਂ ਤੋਂ ਵੀ ਹੁੰਦੀ ਹੈ ਚੋਰੀ 
ਮੰਡੀਕਰਨ ਬੋਰਡ ਵਲੋਂ ਮੰਡੀ 'ਚ ਲਾਏ ਹੋਏ ਬਿਜਲੀ ਦੀ ਲਾਈਟਾਂ ਦੇ ਖੰਭਿਆਂ 'ਤੇ ਲੱਗੇ ਬਾਕਸ ਸਾਰੇ ਖੁੱਲ੍ਹੇ ਪਏ ਹਨ ਤੇ ਰਾਤ ਨੂੰ ਮਜ਼ਦੂਰਾਂ ਵਲੋਂ ਉਨ੍ਹਾਂ ਤਾਰਾਂ ਨੂੰ ਵੀ ਕੁੰਡੀ ਪਾ ਕੇ ਉਸ ਤੋਂ ਬੇਖੌਫ ਲਾਈਟ ਦੀ ਚੋਰੀ ਕੀਤੀ ਜਾ ਰਹੀ ਹੈ। 
ਬਗੈਰ ਮੀਟਰ ਦੇ ਕੁਨੈਕਸ਼ਨ ਤੋਂ ਕਿਵੇਂ ਰੋਜ਼ਾਨਾ ਜਗਦੀਆਂ ਹਨ ਲਾਈਟਾਂ 
ਇਸ ਸਬੰਧੀ ਪ੍ਰਾਪਤ ਜਾਣਕਾਰੀ 'ਤੇ ਵੇਖਣ ਨੂੰ ਮਿਲਿਆ ਕਿ ਕਿਵੇਂ ਰੋਜ਼ਾਨਾ ਬਗੈਰ ਮੀਟਰ ਦੇ ਕੁਨੈਕਸ਼ਨ ਤੋਂ ਲਾਈਟਾਂ, ਪੱਖੇ ਚੱਲ ਰਹੇ ਹਨ, ਜਦਕਿ ਪਾਵਰਕਾਮ ਕਿਸੇ ਗਰੀਬ ਦੇ ਘਰ ਮੀਟਰ ਲਗਾਉਣ ਲਈ ਇੰਨੀ ਜਲਦੀ ਪਹਿਲ ਨਹੀਂ ਕਰਦਾ। ਕੀ ਇਸ 'ਚ ਕਥਿਤ ਤੌਰ 'ਤੇ ਫੀਲਡ ਸਟਾਫ ਦੇ ਨਾਲ ਮਿਲੀਭੁਗਤ ਹੈ ਜਾਂ ਫਿਰ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਨਾਜਾਇਜ਼ ਕੁਨੈਕਸ਼ਨ ਤੇ ਕੁੰਡੀਆਂ ਦੀ ਭਰਮਾਰ 
ਸੁਲਤਾਨਪੁਰ ਲੋਧੀ-ਕਪੂਰਥਲਾ ਮੁੱਖ ਹਾਈਵੇ ਮਾਰਗ 'ਤੇ ਮੁੱਖ ਦਾਣਾ ਮੰਡੀ ਦੇ ਬਾਹਰ ਸੱਜੇ ਤੇ ਖੱਬੇ ਦੋਵੇਂ ਪਾਸੇ ਨਾਜਾਇਜ਼ ਕੁਨੈਕਸ਼ਨ ਤੇ ਕੁੰਡੀਆਂ ਲੱਗੀਆਂ ਹੋਈਆਂ ਸਨ ਤੇ ਰਾਤ ਦੇ ਸਮੇਂ ਤਾਂ ਇਨ੍ਹਾਂ ਝੁੱਗੀਆਂ 'ਚ ਪੂਰੀ ਤਰ੍ਹਾਂ ਦੀਵਾਲੀ ਹੁੰਦੀ ਹੈ। ਸੜਕ 'ਤੇ ਹੀ ਪੁਰਾਣੀ ਚੂੰਗੀ ਦੀ ਬੈਕਸਾਈਡ 'ਤੇ ਕੁੱਝ ਮਜ਼ਦੂਰਾਂ ਨੇ ਤਾਰ ਨੂੰ ਕੁੰਡੀ ਪਾ ਕੇ ਉਸ ਨੂੰ ਦੂਰ ਸੜਕ 'ਤੇ ਇਕ ਸੁੱਕੇ ਹੋਏ ਦਰੱਖਤ ਨਾਲ ਟੰਗ ਕੇ ਉਥੇ ਝੋਨੇ ਦਾ ਫੂਸ ਬਿਜਲੀ ਵਾਲੇ ਪੱਖੇ ਨਾਲ ਉਡਾਇਆ ਜਾ ਰਿਹਾ ਹੈ, ਜਿਸ ਬਾਰੇ ਵਿਭਾਗ ਨੂੰ ਜਿਵੇਂ ਕੁਝ ਪਤਾ ਹੀ ਨਹੀਂ ਹੈ।