ਪ੍ਰਸ਼ਾਸਨ ਨੇ ਨਿਕਾਸੀ ਨਾਲੇ ''ਤੇ ਹੋ ਰਿਹਾ ਨਾਜਾਇਜ਼ ਕਬਜ਼ਾ ਰੋਕਿਆ

11/12/2017 1:11:01 PM

ਨਡਾਲਾ (ਸੁਖਜਿੰਦਰ)— ਸਥਾਨਕ ਕੌਂਸਲਰਾਂ ਤੇ ਲੋਕਾਂ ਦੇ ਸਖਤ ਵਿਰੋਧ ਦੇ ਬਾਅਦ ਪ੍ਰਸ਼ਾਸਨ ਨੇ ਹਰਕਤ 'ਚ ਆਉਂਦਿਆਂ ਕਸਬੇ ਦੇ ਮੁੱਖ ਨਿਕਾਸੀ ਨਾਲੇ 'ਤੇ ਹੋ ਰਿਹਾ ਨਾਜਾਇਜ਼ ਕਬਜ਼ਾ ਰੋਕ ਦਿੱਤਾ। ਜਾਣਕਾਰੀ ਅਨੁਸਾਰ ਜਲੰਧਰ ਦੇ ਇਕ ਕਥਿਤ ਕਾਲੋਨਾਈਜ਼ਰ ਵਲੋਂ ਆਪਣੀ ਨਵੀਂ ਉਸਾਰੀ ਕੀਤੀ ਜਾ ਰਹੀ ਨਵੀਂ ਕਾਲੋਨੀ ਨੂੰ ਨਵਾਂ ਰਸਤਾ ਦੇਣ ਲਈ ਕਸਬੇ ਦੇ ਮੁੱਖ ਨਿਕਾਸੀ ਨਾਲੇ ਦੀ ਉਸਾਰੀ ਸ਼ੁਰੂ ਕਰ ਦਿੱਤੀ, ਜਿਸ ਦੀ ਨਗਰ ਪੰਚਾਇਤ ਜਾਂ ਮਾਲ ਮਹਿਕਮੇ ਕੋਲੋਂ ਕੋਈ ਮਨਜ਼ੂਰੀ ਨਹੀਂ ਲਈ। ਦੋ ਦਿਨ ਪਹਿਲਾਂ ਇਹ ਮਾਮਲਾ ਕੁਝ ਲੋਕਾਂ ਨੇ ਈ. ਓ. ਨਡਾਲਾ ਦੇ ਧਿਆਨ 'ਚ ਲਿਆਂਦਾ ਸੀ ਪਰ ਉਸਾਰੀ ਦਾ ਕੰਮ ਜਾਰੀ ਰਿਹਾ, ਜਿਸ ਕਾਰਨ ਲੋਕ ਕਾਫੀ ਨਾਰਾਜ਼ ਸਨ। ਇਸ ਦੌਰਾਨ ਕੌਂਸਲਰ ਰਾਮ ਸਿੰਘ, ਸੰਦੀਪ ਪਸਰੀਚਾ, ਇੰਦਰਜੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਨਿਕਾਸੀ ਨਾਲਾ 99 ਫੁੱਟ ਹੈ, ਜਦਕਿ ਸਬੰਧਤ ਵਿਅਕਤੀ ਵਲੋਂ ਨਾਲੇ 'ਤੇ ਪੁਲੀ ਬਣਾਉਣ ਦੀ ਆੜ 'ਚ ਕਰੀਬ 45 ਫੁੱਟ ਤੋਂ ਵੀ ਵੱਧ ਥਾਂ ਨਾਜਾਇਜ਼ ਕਬਜ਼ੇ 'ਚ ਕਰ ਲਈ ਹੈ। ਇਸ ਨਾਲ ਕਸਬੇ 'ਚ ਗੰਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਵੇਗੀ। ਲੋਕਾਂ ਵੱਲੋਂ ਪਹਿਲਾਂ ਹੀ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਉਨ੍ਹਾਂ ਆਖਿਆ ਕਿ ਕਿਸੇ ਵੀ ਕੀਮਤ 'ਤੇ ਨਾਜਾਇਜ਼ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ। ਇਸ ਦੌਰਾਨ ਇਹ ਮਾਮਲਾ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ, ਐੱਸ. ਡੀ. ਐੱਮ. ਸੰਜੀਵ ਕੁਮਾਰ ਦੇ ਧਿਆਨ 'ਚ ਲਿਆਉਣ ਦੇ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਤੇ ਨਾਜਾਇਜ਼ ਕਬਜ਼ੇ ਦਾ ਕੰਮ ਰੋਕ ਦਿੱਤਾ। ਇਸ ਮੌਕੇ ਗੁਰਪਿੰਦਰ ਸਿੰਘ, ਸੂਬੇਦਾਰ ਨਿਰਮਲ ਸਿੰਘ ਅਤੇ ਹੋਰ ਹਾਜ਼ਰ ਸਨ।