ਰਾਵੀ ਦਰਿਆ ’ਤੇ ਬਣੇ ਰੇਲਵੇ ਪੁਲ ਤੋਂ ਲੰਘਣ ਵਾਲੀਆਂ ਗੱਡੀਆਂ ਦੇ ਯਾਤਰੀ ਖ਼ਤਰੇ ’ਚ

08/05/2021 11:28:39 AM

ਸੁਜਾਨਪੁਰ (ਜੋਤੀ)- ਜਿੱਥੇ ਇਕ ਪਾਸੇ ਰਾਵੀ ਦਰਿਆ ’ਚ ਕ੍ਰਸ਼ਰ ਮਾਲਕ ਸ਼ਰੇਆਮ ਪੰਜਾਬ ਸਰਕਾਰ ਦੇ ਹੁਕਮਾਂ ਦੀ ਧੱਜੀਆਂ ਉਡਾਉਂਦੇ ਹੋਏ ਨਾਜਾਇਜ਼ ਮਾਈਨਿੰਗ ਕਰ ਰਹੇ ਕਰ ਰਹੇ ਹਨ। ਉੱਥੇ ਹੀ ਕੁਝ ਕ੍ਰਸ਼ਰ ਮਾਲਕ ਸ਼ਰੇਆਮ ਰਾਵੀ ਦਰਿਆ ’ਤੇ ਬਣੇ ਰੇਲਵੇ ਦੇ ਪੁਲ ਕੋਲ ਮਾਈਨਿੰਗ ਕਰ ਰਹੇ ਹਨ, ਜੋ ਕਿ ਰੇਲਵੇ ਵਿਭਾਗ ਲਈ ਖਤਰੇ ਤੋਂ ਖਾਲੀ ਨਹੀਂ ਹੈ। ਉੱਥੇ ਹੀ ਕ੍ਰਸ਼ਰ ਮਾਲਕ ਰਾਵੀ ’ਤੇ ਬਣੇ ਰੇਲਵੇ ਪੁਲ ਦੇ ਹੇਠੋਂ ਕ੍ਰਸ਼ਰ ਨਾਲ ਓਵਰਲੋਡ ਗੱਡੀਆਂ ਨਾਜਾਇਜ਼ ਤੌਰ ’ਤੇ ਧੜੱਲੇ ਨਾਲ ਕੱਢ ਰਹੇ ਹਨ, ਜਿਸ ਕਾਰਨ ਰਾਵੀ ਦਰਿਆ ’ਤੇ ਬਣਿਆ ਸਦੀਆਂ ਪੁਰਾਣਾ ਰੇਲਵੇ ਪੁਲ ਖ਼ਤਰੇ ’ਚ ਆ ਗਿਆ ਹੈ।

ਮਾਈਨਿੰਗ ਕਾਰਨ ਪੁਲ ਨੂੰ ਕਿਸੇ ਵੀ ਸਮੇਂ ਨੁਕਸਾਨ ਪੁੱਜ ਸਕਦਾ ਹੈ, ਜਿਸ ਨਾਲ ਰੇਲ ਮੁਸਾਫ਼ਰਾਂ ਦੀ ਜਾਨ ’ਤੇ ਬਣ ਸਕਦੀ ਹੈ। ਇਸ ’ਚ ਖ਼ਾਸ ਗੱਲ ਇਹ ਹੈ ਕਿ ਇਹ ਪੁਲ ਪੰਜਾਬ ਸਮੇਤ ਹੋਰਨਾਂ ਸੂਬਿਆਂ ਦਾ ਜੰਮੂ-ਕਸ਼ਮੀਰ ਨਾਲ ਰੇਲ ਮਾਰਗ ਰਾਹੀਂ ਸੰਪਰਕ ਜੋੜਦਾ ਹੈ। ਜੇਕਰ ਇਸ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਦੇਸ਼ ਦਾ ਇਕ ਹਿੱਸਾ ਪੂਰੀ ਤਰ੍ਹਾਂ ਰੇਲ ਮਾਰਗ ਤੋਂ ਕੱਟ ਜਾਵੇਗਾ, ਜਿਸ ਕਾਰਨ ਪੂਰੇ ਭਾਰਤ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਥੇ ਵਰਨਣਯੋਗ ਹੈ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ‘ਜਗਬਾਣੀ’ ਨੇ ਮੁਸਾਫ਼ਰਾਂ ਦੀ ਜਾਨ ਨੂੰ ਧਿਆਨ ’ਚ ਰੱਖਦੇ ਹੋਏ ਉਕਤ ਖ਼ਬਰਾਂ ਨੂੰ ਬੜੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਤਾਂ ਰੇਲਵੇ ਮਹਿਕਮੇ ਨੇ ਤੁਰੰਤ ਹਰਕਤ ’ਚ ਆਉਂਦੇ ਹੋਏ ਉਕਤ ਮਾਰਗ ਨੂੰ ਪੂਰਨ ਰੂਪ ’ਚ ਬੰਦ ਕਰ ਦਿੱਤਾ ਸੀ ਪਰ ਬਾਅਦ ’ਚ ਪਤਾ ਨਹੀਂ ਕਿਨ੍ਹਾਂ ਅਧਿਕਾਰੀਆਂ ਦੀ ਇਜਾਜ਼ਤ ਨਾਲ ਇਕ ਵਾਰ ਫਿਰ ਇਸ ਪੁਲ ਨੂੰ ਖੋਲ੍ਹ ਦਿੱਤਾ ਗਿਆ ਸੀ। ਇਸ ਨਾਲ ਪੁਲ ਅਤੇ ਰੇਲ ਯਾਤਰੀਆਂ ਦੀ ਸੁਰੱਖਿਆ ’ਤੇ ਇਕ ਵਾਰ ਮੁੜ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਇਸ ਨਾਲ ਰੇਲਵੇ ਵਿਭਾਗ ਦੀ ਕਾਰਜਪ੍ਰਣਾਲੀ ਵੀ ਸ਼ੱਕ ਦੇ ਘੇਰੇ ’ਚ ਆ ਰਹੀ ਹੈ।

ਇਹ ਵੀ ਪੜ੍ਹੋ:  ਕੋਲਡ ਡ੍ਰਿੰਕ ’ਚ ਜ਼ਹਿਰ ਦੇ ਕੇ ਮਾਰਨ ’ਚ ਰਿਹਾ ਅਸਫ਼ਲ ਤਾਂ ਕਹੀ ਦਾ ਦਸਤਾ ਮਾਰ ਕੇ ਕੀਤਾ ਦੋਸਤ ਦਾ ਕਤਲ

ਪੁਲ ਦੇ ਹੇਠਾਂ ਸ਼ਰੇਆਮ ਚੱਲ ਰਹੀ ਵਾਹਨਾਂ ਦੀ ਆਵਾਜਾਈ
ਇਸ ਪੁਲ ਦੇ ਹੇਟੋਂ ਗੱਡੀਆਂ ਦੇ ਨਿਕਲਣ ’ਤੇ ਮਹਿਕਮੇ ਦੇ ਵੱਲੋਂ ਰੋਕ ਲਗਾਈ ਹੋਈ ਹੈ। ਫਿਰ ਵੀ ਪ੍ਰਸ਼ਾਸਨ ਦੀਆਂ ਅੱਖਾਂ ਦੇ ਸਾਹਮਣੇ ਪਤਾ ਨਹੀਂ ਕਿਵੇਂ ਪੁਲ ਦੇ ਹੇਠੋਂ ਗੱਡੀਆਂ ਨੂੰ ਨਾਜਾਇਜ਼ ਤੌਰ ’ਤੇ ਕੱਢਣ ਦਿੱਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਰਾਵੀ ਦਰਿਆ ’ਤੇ ਬਣਿਆ ਇਹ ਰੇਲਵੇ ਪੁਲ ਟ੍ਰੈਫਿਕ ਪੁਲ ਨਾ ਹੋ ਕੇ ਸਿਰਫ ਰੇਲਵੇ ਮਹਿਕਮੇ ਦੀ ਵਰਤੋਂ ਲਈ ਬਣਾਇਆ ਗਿਆ ਹੈ ਅਤੇ ਇਸ ਦੀ ਸੁਰੱਖਿਆ ਲਈ ਨੇੜੇ ਹੀ ਵਿਭਾਗ ਵਲੋਂ ਪੁਲਸ ਦੀ ਪੋਸਟ ਵੀ ਬਣਾਈ ਹੋਈ ਹੈ। ਮਹਿਕਮੇ ਦੇ ਕਰਮਚਾਰੀਆਂ ਦੇ ਸਾਹਮਣਿਓਂ ਗੱਡੀਆਂ ਦੀ ਆਵਾਜਾਈ ਲਗਾਤਾਰ ਜਾਰੀ ਹੈ। ਅਜਿਹੇ ’ਚ ਗੱਡੀਆਂ ਕੱਢਣ ਵਾਲਿਆਂ ਨੂੰ ਕਿਸ ਦਾ ਆਸ਼ੀਰਵਾਦ ਹਾਸਲ ਹੈ, ਇਹ ਵੱਡਾ ਸਵਾਲ ਹੈ। ਹੁਣ ਦੇਖਣਾ ਇਹ ਹੈ ਕਿ ਰੇਲਵੇ ਵਿਭਾਗ ਇਸ ਮਾਰਗ ਨੂੰ ਬੰਦ ਕਰਵਾਉਣ ’ਚ ਕਿੱਥੋਂ ਤੱਕ ਕਾਮਯਾਬ ਹੁੰਦਾ ਹੈ।

ਇਹ ਵੀ ਪੜ੍ਹੋ:  ਵਿਰਸਾ ਸਿੰਘ ਵਲਟੋਹਾ 'ਤੇ ਲੱਗੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ, ਅਦਾਲਤ ਪੁੱਜਾ ਮਾਮਲਾ

ਬੰਦ ਹੋਵੇਗਾ ਰਸਤਾ, ਲੱਗੇਗਾ ਬੈਰੀਕੇਡ : ਏ. ਡੀ.ਆਰ. ਐੱਮ.
ਇਸ ਸਬੰਧ ’ਚ ਜਦੋਂ ਏ. ਡੀ. ਆਰ.ਐੱਮ. ਬੀ. ਪੀ. ਸਿੰਘ ਨੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਰਾਹ ਜਲਦੀ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੀ. ਆਰ. ਪੀ. ਨੂੰ ਮੀਮੋ ਦੇ ਦਿੱਤਾ ਗਿਆ ਹੈ ਅਤੇ ਉੱਥੇ ਸਥਾਈ ਤੌਰ ’ਤੇ ਬੈਰੀਕੇਡ ਲਗਾ ਕੇ ਰਾਹ ਨੂੰ ਬੰਦ ਕਰ ਦਿੱਤਾ ਜਾਵੇਗਾ।

ਕਿਤੇ ਮਾਈਨਿੰਗ ਮਾਫ਼ੀਆ ਦੇ ਦਬਾਅ ’ਚ ਤਾਂ ਨਹੀਂ ਰੇਲਵੇ
ਰਾਵੀ ਦਰਿਆ ਤੋਂ ਸ਼ਰੇਆਮ ਮਾਈਨਿੰਗ ਕਰਕੇ ਟਿੱਪਰਾਂ ’ਚ ਭਰ ਕੇ ਰੇਤ ਕੱਢੀ ਜਾ ਰਹੀ ਹੈ। ਇਹ ਟਿੱਪਰ ਸ਼ਰੇਆਮ ਪੁਲ ਦੇ ਹੇਠੋਂ ਕੱਢ ਰਹੇ ਹਨ ਪਰ ਕੋਈ ਉਨ੍ਹਾਂ ਨੂੰ ਰੋਕਦਾ ਨਹੀਂ। ਅਜਿਹੇ ’ਚ ਸਵਾਲ ਹੈ ਕਿ ਕਿਤੇ ਮਾਈਨਿੰਗ ਮਾਫੀਆ ਤਾਂ ਰੇਲਵੇ ’ਤੇ ਦਬਾਅ ਨਹੀਂ ਬਣਾ ਰਿਹਾ। ਅਜੇ ਕੁਝ ਦਿਨ ਪਹਿਲਾਂ ਵੀ ਇਕ ਦਿਨ ਦੇ ਲਈ ਰਾਹ ਬੰਦ ਕੀਤਾ ਗਿਆ ਸੀ ਪਰ ਉਸ ਨੂੰ ਫਿਰ ਖੋਲ੍ਹ ਦਿੱਤਾ ,ਜਿਸ ਕਾਰਨ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ:  ਸੰਸਦ ਦੇ ਬਾਹਰ ਹੋਈ ਹਰਸਿਮਰਤ ਤੇ ਬਿੱਟੂ ਦੀ ਬਹਿਸ ’ਚ ਸੁਖਬੀਰ ਦੀ ਐਂਟਰੀ, ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri