ਨਹੀਂ ਰੁੱਕ ਰਹੀ ਨਾਜਾਇਜ਼ ਮਾਈਨਿੰਗ, ਮਿਲੀਭੁਗਤ ਨਾਲ ਦਿਨ-ਰਾਤ ਚੱਲ ਰਿਹੈ ਕੰਮ

12/01/2019 12:30:40 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਨਾਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਲਗਾਤਾਰ ਚੱਲ ਰਿਹਾ ਹੈ। ਲੋਹੰਡ ਖੱਡ 'ਚ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਵੱਲੋਂ ਕੋਈ ਯੋਗ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਹੋ ਰਹੇ ਹਨ, ਜਦਕਿ ਮਾਈਨਿੰਗ ਕਰਨ ਵਾਲਿਆਂ ਦੇ ਹੌਂਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ। ਜੋ ਰੋਜ਼ਾਨਾ ਬਿਨਾਂ ਡਰ ਭੈਅ ਤੋਂ ਦਿਨ ਰਾਤ ਖੱਡ 'ਚੋਂ ਮਸ਼ੀਨਾਂ ਰਾਹੀਂ ਛੋਟੇ ਖਣਿਜ ਪਦਾਰਥਾਂ ਦੀ ਨਿਕਾਸੀ ਕਰ ਕੇ ਟਿੱਪਰਾਂ ਰਾਹੀਂ ਉਕਤ ਮਾਲ ਨੂੰ ਕਰਸ਼ਰਾਂ 'ਤੇ ਸਪਲਾਈ ਕਰ ਰਹੇ ਹਨ। ਹੋ ਰਹੀ ਇਸ ਨਾਜਾਇਜ਼ ਮਾਈਨਿੰਗ ਕਾਰਨ ਜਿੱਥੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ।

ਉਥੇ ਹੀ ਮਾਈਨਿੰਗ ਕਰਨ ਵਾਲੇ ਅਸਰ ਰਸੂਖ ਰੱਖਦੇ ਵਿਅਕਤੀਆਂ ਅਤੇ ਗੁੰਡਾ ਪਰਚੀ ਵਾਲਿਆਂ ਨੂੰ ਰੋਜ਼ਾਨਾ ਲੱਖਾਂ ਰੁਪਏ ਦੀ ਆਮਦਨ ਹੋ ਰਹੀ ਹੈ। ਲੋਹੰਡ ਖੱਡ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ 4 ਨਵੰਬਰ ਨੂੰ ਪ੍ਰਿੰਟ ਮੀਡੀਆ ਵਿਚ ਲੀਡ ਅਤੇ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ਪਰ ਇਸ ਦੇ ਬਾਵਜੂਦ ਵੀ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ, ਜਿਸ ਕਾਰਣ ਮਾਈਨਿੰਗ ਮਾਫੀਏ ਵੱਲੋਂ ਬਿਨਾਂ ਡਰ ਭੈਅ ਤੋਂ ਨਾਜਾਇਜ਼ ਮਾਈਨਿੰਗ ਦਾ ਕੰਮ ਜਾਰੀ ਰੱਖਿਆ ਹੋਇਆ ਹੈ। ਦੂਜੇ ਪਾਸੇ ਪੁਲਸ ਵੱਲੋਂ ਵੀ ਆਪਣੇ ਪੱਧਰ 'ਤੇ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਜਦੋਂ ਵੀ ਉਨ੍ਹਾਂ ਕੋਲ ਨਾਜਾਇਜ਼ ਮਾਈਨਿੰਗ ਹੋਣ ਸਬੰਧੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਮਾਈਨਿੰਗ ਵਿਭਾਗ ਕੋਲ ਸ਼ਿਕਾਇਤ ਕਰਨ ਨੂੰ ਕਹਿੰਦੇ ਹਨ।

ਲੋਹੰਡ ਖੱਡ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਕਵਰੇਜ ਕਰਨ ਲਈ ਜਦੋਂ ਟੀਮ ਖੱਡ 'ਚ ਗਈ ਤਾਂ ਛੋਟੇ ਖਣਿਜ ਪਦਾਰਥਾਂ ਨਾਲ ਭਰੇ ਹੋਏ ਕਈ ਟਿੱਪਰ ਖੱਡ 'ਚੋਂ ਆ ਰਹੇ ਸਨ ਜੋ ਕਿ ਲੋਹੰਡ ਖੱਡ 'ਚ ਮੌਜੂਦ ਕਰਸ਼ਰਾਂ ਅਤੇ ਭਰਤਗੜ੍ਹ ਦੇ ਕਰਸ਼ਰਾਂ ਨੂੰ ਮਾਲ ਲੈ ਕੇ ਜਾ ਰਹੇ ਸਨ। ਟਿੱਪਰ ਚਾਲਕ ਵੱਲੋਂ ਫੋਨ ਕਰਕੇ ਖੱਡ 'ਚ ਲੱਗੀਆਂ ਜੇ. ਸੀ. ਬੀ. ਦੇ ਚਾਲਕਾਂ ਨੂੰ ਸੂਚਿਤ ਕੀਤਾ ਗਿਆ, ਜੋ ਕਿ ਆਪਣੀਆਂ ਮਸ਼ੀਨਾਂ ਨੂੰ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਏਰੀਏ 'ਚ ਸੁਰੱਖਿਅਤ ਟਿਕਾਣਿਆਂ ਉਪਰ ਲੈ ਗਏ।

ਮਾਈਨਿੰਗ ਵਿਭਾਗ ਦੇ ਅਫਸਰਾਂ ਨੇ ਨਹੀਂ ਚੁੱਕਿਆ ਫੋਨ
ਲੋਹੰਡ ਖੱਡ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਬਾਰੇ ਜਦੋਂ ਗੱਲ ਕਰਨ ਲਈ ਡਰੇਨਜ਼ ਵਿਭਾਗ ਕਮ ਮਾਈਨਿੰਗ ਵਿਭਾਗ ਦੇ ਐਕਸੀਅਨ ਰੁਪਿੰਦਰ ਸਿੰਘ ਪਾਬਲਾ ਅਤੇ ਐੱਸ. ਡੀ. ਓ. ਨਰਿੰਦਰਪਾਲ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਅਧਿਕਾਰੀਆਂ ਨੇ ਆਪਣਾ ਫੋਨ ਹੀ ਨਹੀਂ ਚੁੱਕਿਆ।

ਕੀ ਕਹਿਣਾ ਹੈ ਡੀ. ਸੀ. ਦਾ
ਇਸ ਬਾਰੇ ਜਦੋਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮਿਤ ਜਾਰੰਗਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਅਧਿਕਾਰੀਆਂ ਨੂੰ ਲੋਹੰਡ ਖੱਡ ਦਾ ਮੌਕਾ ਦੇਖਣ ਲਈ ਭੇਜਣਗੇ, ਜੋ ਵੀ ਮੌਕੇ 'ਤੇ ਨਾਜਾਇਜ਼ ਮਾਈਨਿੰਗ ਕਰਦਾ ਪਾਇਆ ਗਿਆ ਉਸ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri