ਹੁਣ ਰਾਤ ਸਮੇਂ ਹੋ ਰਹੀ ਨਾਜਾਇਜ਼ ਮਾਈਨਿੰਗ, ਇੰਝ ਪੰਜਾਬ ਤੇ ਹਿਮਾਚਲ ਪੁਲਸ ਨੂੰ ਚਕਮਾ ਦੇ ਰਿਹੈ ਰੇਤ ਮਾਫੀਆ

07/19/2022 2:18:18 PM

ਤਲਵਾੜਾ (ਅਨੁਰਾਧਾ) : ਮਾਈਨਿੰਗ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਨਾਜਾਇਜ਼ ਮਾਈਨਿੰਗ ’ਤੇ ਰੋਕ ਲਗਾਉਣ ਦੇ ਬਾਵਜੂਦ ਹੁਣ ਰਾਤ ਦੇ ਹਨੇਰੇ ’ਚ ਹਿਮਾਚਲ-ਪੰਜਾਬ ਸਰਹੱਦ ’ਤੇ ਸਰਹੱਦੀ ਖੇਤਰ ਦਾ ਫਾਇਦਾ ਉਠਾਉਂਦੇ ਹੋਏ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਸਰਹੱਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਰਾਤ ਪੈ ਜਾਂਦੀ ਹੈ, ਨਾਜਾਇਜ਼ ਮਾਈਨਿੰਗ ਕਰਨ ਵਾਲੇ ਆਪਣੀਆਂ ਮਸ਼ੀਨਾਂ ਅਤੇ ਵਾਹਨਾਂ ਨਾਲ ਆ ਜਾਂਦੇ ਹਨ ਅਤੇ ਜਿੱਥੇ ਉਨ੍ਹਾਂ ਦਾ ਦਿਲ ਕਰਦਾ ਹੈ, ਮਾਈਨਿੰਗ ਸ਼ੁਰੂ ਕਰ ਦਿੰਦੇ ਹਨ।

ਜੇਕਰ ਹਿਮਾਚਲ ਪੁਲਸ ਛਾਪੇਮਾਰੀ ’ਤੇ ਆਉਂਦੀ ਹੈ ਤਾਂ ਇਹ ਲੋਕ ਤੁਰੰਤ ਪੰਜਾਬ ਦੀ ਸਰਹੱਦ ’ਤੇ ਆ ਜਾਂਦੇ ਹਨ ਅਤੇ ਜੇਕਰ ਪੰਜਾਬ ਪ੍ਰਸ਼ਾਸਨ ਸਰਗਰਮ ਹੁੰਦਾ ਹੈ ਤਾਂ ਇਹ ਲੋਕ ਹਿਮਾਚਲ ਦੀ ਸਰਹੱਦ ਅੰਦਰ ਚਲੇ ਜਾਂਦੇ ਹਨ। ਸਵਾਲ ਇਹ ਹੈ ਕਿ ਛਾਪੇਮਾਰੀ ਤੋਂ ਪਹਿਲਾਂ ਇਨ੍ਹਾਂ ਨੂੰ ਸੂਚਨਾ ਕਿਵੇਂ ਮਿਲੀ ਜਾਂਦੀ ਹੈ। ਲੋਕਾਂ ਨੂੰ ਸ਼ੱਕ ਹੈ ਕਿ ਵਿਭਾਗੀ ਕਰਮਚਾਰੀ ਵੀ ਨਾਲ ਮਿਲੇ ਹੋਏ ਹਨ। ਕੁਝ ਦਿਨ ਪਹਿਲਾਂ ਹੀ ਹਿਮਾਚਲ ਪ੍ਰਸ਼ਾਸਨ ਵੱਲੋਂ ਰਾਤ ਸਮੇਂ ਮਾਈਨਿੰਗ ਕਰਦੇ ਸਮੇਂ ਕੁਝ ਮਸ਼ੀਨਾਂ ਫੜੀਆਂ ਗਈਆਂ ਸਨ ਪਰ ਫਿਰ ਵੀ ਸਰਹੱਦ ’ਤੇ ਇਹ ਨਾਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਵੱਲੋਂ ਅਜੇ ਤੱਕ ਕੋਈ ਨੀਤੀ ਨਹੀਂ ਬਣਾਈ ਗਈ ਅਤੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਕੁਝ ਕਰੈਸ਼ਰ ਮਾਲਕਾਂ ਵੱਲੋਂ ਆਪਸੀ ਮਿਲੀਭੁਗਤ ਨਾਲ ਲਗਾਤਾਰ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਧਰਤੀ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ-ਨਾਲ ਆਲੇ-ਦੁਆਲੇ ਦੇ ਲੋਕਾਂ ਨੂੰ ਆਵਾਜ਼ ਪ੍ਰਦੂਸ਼ਣ ਅਤੇ ਉੱਡਦੀ ਧੂੜ-ਮਿੱਟੀ ਕਾਰਨ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਜਾਇਜ਼ ਮਾਈਨਿੰਗ ਭਾਰੀ ਮੀਂਹ ਕਾਰਨ ਹੜ੍ਹਾਂ ਦਾ ਕਾਰਨ ਬਣ ਸਕਦੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਮੌਸਮ ਵਿਚ ਹੋ ਰਹੀ ਇਸ ਨਾਜਾਇਜ਼ ਮਾਈਨਿੰਗ ਕਾਰਨ ਇੱਥੇ ਕਿਸੇ ਵੀ ਸਮੇਂ ਭਾਰੀ ਬਰਸਾਤ ਕਾਰਨ ਭਿਆਨਕ ਹੜ੍ਹ ਆ ਸਕਦਾ ਹੈ। ਇਸ ਲਈ ਸਰਹੱਦੀ ਖੇਤਰ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ ਅਤੇ ਦੋਵੇਂ ਪਾਸੇ ਮਾਈਨਿੰਗ ਅਧਿਕਾਰੀਆਂ ਨੂੰ ਚੌਕਸੀ ਨਾਲ ਕੰਮ ਕਰਨਾ ਪਵੇਗਾ।

Gurminder Singh

This news is Content Editor Gurminder Singh