ਨਾਜਾਇਜ਼ ਪਟਾਕਾ ਕਾਰੋਬਾਰੀਆਂ 'ਤੇ ਪੁਲਸ ਦਾ ਸ਼ਿਕੰਜਾ, ਦੁਕਾਨਾਂ ਸੀਲ ਕਰਨ 'ਤੇ ਮਚਿਆ ਭੜਥੂ

09/20/2019 12:53:10 PM

ਹੁਸ਼ਿਆਰਪੁਰ (ਅਮਰਿੰਦਰ) - ਬਟਾਲਾ ਫੈਕਟਰੀ ਧਮਾਕੇ ਮਗਰੋਂ ਹੁਸ਼ਿਆਰਪੁਰ ਪ੍ਰਸ਼ਾਸਨ ਅਤੇ ਪੁਲਸ ਅਗਲੇ ਫੈਸਟੀਵਲ ਸੀਜ਼ਨ ਦੁਸਹਿਰਾ ਤੇ ਦੀਵਾਲੀ ਦੇ ਮੱਦੇਨਜ਼ਰ ਨਾਜਾਇਜ਼ ਪਟਾਕਾ ਕਾਰੋਬਾਰੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਅਤੇ ਪੁਲਸ ਪਾਰਟੀ ਨਾਲ ਤਹਿਸੀਲਦਾਰ ਹਰਮਿੰਦਰ ਸਿੰਘ ਨੇ ਸ਼ਹਿਰ ਦੇ ਕਸ਼ਮੀਰੀ ਬਾਜ਼ਾਰ, ਪ੍ਰਤਾਪ ਚੌਕ, ਸ਼ੀਸ਼ ਮਹਿਲ ਬਾਜ਼ਾਰ ਖੇਤਰ 'ਚ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਨਾਜਾਇਜ਼ ਪਟਾਕੇ ਜ਼ਬਤ ਕਰਕੇ ਥਾਣੇ ਲੈ ਗਈ। ਇਸ ਦੌਰਾਨ ਟੀਮ ਨੇ 2 ਦੁਕਾਨਾਂ ਨੂੰ ਨਾਜਾਇਜ਼ ਤੌਰ 'ਤੇ ਪਟਾਕੇ ਭੰਡਾਰ ਕਰਨ ਦੇ ਇਲਜ਼ਾਮ ਸਹੀ ਪਾਏ ਜਾਣ 'ਤੇ ਦੁਕਾਨ ਨੂੰ ਸੀਲ ਕਰ ਦਿੱਤਾ। ਇਸ ਕਾਰਨ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਹੀ ਪਟਾਕਿਆਂ ਦੀ ਵਿਕਰੀ ਕੀਤੀ ਜਾ ਸਕੇਗੀ। ਕਿਸੇ ਤਰ੍ਹਾਂ ਦੀ ਮਨਮਾਨੀ ਨਹੀਂ ਚੱਲਣ ਦਿੱਤੀ ਜਾਵੇਗੀ।

ਦੁਕਾਨਦਾਰਾਂ ਨੂੰ ਦਿੱਤੀ ਚਿਤਾਵਨੀ
ਜ਼ਿਕਰਯੋਗ ਹੈ ਕਿ ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਂਦੇ ਜ਼ਿਲੇ 'ਚ ਲਾਇਸੈਂਸਧਾਰਕਾਂ ਦੇ ਨਾਲ-ਨਾਲ ਨਾਜਾਇਜ਼ ਦੁਕਾਨਾਂ ਜਿਥੇ ਜਗ੍ਹਾ ਮਿਲੇ ਸਜ਼ ਜਾਂਦੀਆਂ ਹਨ। ਇਸ ਲਈ ਪਟਾਕਾ ਵਿਸਫੋਟ ਨਾਲ ਕਿਸ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ ਇਸ ਲਈ ਪ੍ਰਸ਼ਾਸਨ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਪ੍ਰਸ਼ਾਸਨ ਵਲੋਂ ਜਾਰੀ ਲਾਇਸੈਂਸ ਪ੍ਰਮਾਣ-ਪੱਤਰਾਂ ਦੀ ਜਾਂਚ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜ਼ਿਆਦਾ ਆਬਾਦੀ ਵਾਲੇ ਖੇਤਰਾਂ 'ਚ ਪਟਾਕੇ ਦਾ ਭੰਡਾਰ ਨਹੀਂ ਹੋਣਾ ਚਾਹੀਦਾ। ਜੇਕਰ ਅਜਿਹਾ ਵਾਪਰਿਆ ਤਾਂ ਲਾਇਸੈਂਸ ਰੱਦ ਕਰਦੇ ਹੋਏ ਸਖਤ ਕਾਰਵਾਈ ਕੀਤੀ ਜਾਵੇਗੀ।



ਪਟਾਕੇ ਸ਼ਹਿਰ 'ਚ ਆਉਣ ਤੋਂ ਰੋਕਣ ਦਾ ਨਹੀਂ ਇੰਤਜ਼ਾਮ
ਬਟਾਲਾ ਪਟਾਕਾ ਫੈਕਟਰੀ ਵਿਚ ਧਮਾਕੇ ਦੇ ਦੋ ਹਫਤੇ ਬਾਅਦ ਜਾਗੀ ਹੁਸ਼ਿਆਰਪੁਰ ਪੁਲਸ ਤੇ ਪ੍ਰਸ਼ਾਸਨ ਭਾਵੇਂ ਕੁੱਝ ਦੁਕਾਨਾਂ ਤੋਂ ਪਟਾਕੇ ਬਰਾਮਦ ਕਰ ਰਹੀ ਹੈ ਪਰ ਸ਼ਹਿਰ ਵਿਚ ਨਾਜਾਇਜ਼ ਤਰੀਕੇ ਨਾਲ ਪਟਾਕੇ ਨਾ ਆਉਣ ਦਿੱਤੇ ਜਾਣ ਇਸ ਨੂੰ ਰੋਕਣ ਲਈ ਪੁਲਸ ਦੇ ਕੋਲ ਕੋਈ ਪੱਕਾ ਇੰਤਜ਼ਾਮ ਨਹੀਂ ਹੈ। ਸਾਫ਼ ਹੈ ਕਿ ਜਦੋਂ ਪਟਾਕੇ ਕਿਸੇ ਗੁਦਾਮ 'ਚ ਰੱਖੇ ਜਾਣਗੇ ਅਤੇ ਪੁਲਸ ਨੂੰ ਸੂਚਨਾ ਮਿਲੇਗੀ, ਉਦੋਂ ਇਨ੍ਹਾਂ ਨੂੰ ਫੜਿਆ ਜਾ ਸਕੇਗਾ।

ਤੰਗ ਗਲੀਆਂ 'ਚ ਪਟਾਕੇ ਸਟੋਰ ਕਰਨਾ ਖਤਰਨਾਕ
ਦੀਵਾਲੀ 'ਤੇ ਵਿਕਰੀ ਲਈ ਦੂਜੇ ਸ਼ਹਿਰਾਂ ਤੋਂ ਲਿਆ ਕੇ ਪਟਾਕਿਆਂ ਦਾ ਸਟੋਰ ਤੰਗ ਗਲੀਆਂ ਵਿਚ ਸ਼ੁਰੂ ਹੋ ਗਿਆ ਹੈ। ਬਿਨਾਂ ਲਾਇਸੈਂਸ ਚੱਲ ਰਹੇ ਪਟਾਕੇ ਦਾ ਕਾਰੋਬਾਰ ਰੋਕਣ ਲਈ ਕੋਈ ਪ੍ਰਬੰਧਕੀ ਸਖਤੀ ਨਹੀਂ ਦਿਸ ਰਹੀ। ਲਾਪ੍ਰਵਾਹੀ ਦਾ ਆਲਮ ਇਵੇਂ ਹੀ ਰਿਹਾ ਤਾਂ ਕਦੇ ਵੀ ਨਾਜਾਇਜ਼ ਤੌਰ 'ਤੇ ਪਟਾਕਾ ਕਾਰੋਬਾਰ ਕਿਸੇ ਦੀ ਜਾਨ ਦੀ ਆਫਤ ਬਣ ਸਕਦਾ ਹੈ। ਸੂਤਰਾਂ ਮੁਤਾਬਕ ਜਿਵੇਂ-ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਸ਼ਹਿਰ 'ਚ ਪਟਾਕਿਆਂ ਦੀ ਵੱਡੀ ਖੇਪ ਨਾਜਾਇਜ਼ ਤੌਰ 'ਤੇ ਵਪਾਰੀਆਂ ਦੁਆਰਾ ਮੰਗਾਈ ਜਾਣ ਲੱਗੀ ਹੈ। ਸ਼ਹਿਰ ਵਿਚ ਹੀ ਜਗ੍ਹਾ-ਜਗ੍ਹਾ ਇਸ ਦਾ ਸਟੋਰ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਸਾਰੇ ਤਰ੍ਹਾਂ ਦੇ ਪਟਾਕੇ ਭਾਰੀ ਗਿਣਤੀ 'ਚ ਹਨ। ਕੁੱਝ ਪਟਾਕੇ ਬਹੁਤ ਜ਼ਿਆਦਾ ਚਾਨਣ ਕਰਨ ਵਾਲੇ ਹਨ ਤਾਂ ਕੁੱਝ ਇੰਨਾ ਤੇਜ਼ ਧਮਾਕਾ ਕਰਨ ਵਾਲੇ ਹਨ ਕਿ ਜਿਨ੍ਹਾਂ ਨੂੰ ਸੁਣ ਕੇ ਕੰਨ ਬੋਲੇ ਹੋ ਜਾਣ ।

ਲਾਇਸੈਂਸ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਭੇਜੀ ਰਿਪੋਰਟ : ਐੱਸ. ਡੀ. ਐੱਮ.
ਸੰਪਰਕ ਕਰਨ 'ਤੇ ਐੱਸ. ਡੀ. ਐੱਮ. ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਨਾਜਾਇਜ਼ ਤੌਰ 'ਤੇ ਪਟਾਕੇ ਸਟੋਰ ਕਰਨ ਵਾਲੀ ਦੁਕਾਨ ਤੋਂ ਪਟਾਕੇ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਵਿਚ ਵਿਸਫੋਟਕ ਐਕਟ ਦੇ ਤਹਿਤ ਪੁਲਸ ਕੇਸ ਬਣਾਇਆ ਜਾ ਰਿਹਾ ਹੈ। ਪਟਾਕਾ ਵੇਚਣ ਲਈ ਲਾਇਸੈਂਸ ਜਿਸ ਸਥਾਨ ਲਈ ਮਿਲਿਆ ਹੈ ਉਥੇ ਹੀ ਵੇਚਣ ਅਤੇ ਡਿਸਪਲੇਅ ਕਰਨ ਦਾ ਕਾਨੂੰਨ ਹੈ। ਬਿਨਾਂ ਲਾਇਸੈਂਸ ਫੜੇ ਜਾਣ 'ਤੇ ਸਖਤ ਕਾਨੂੰਨੀ ਕਾਰਵਾਈ ਹੋਵੇਗੀ। ਦੋਸ਼ੀ ਦੁਕਾਨਦਾਰਾਂ ਦੇ ਲਾਇਸੈਂਸ ਕੈਂਸਲ ਕਰਨ ਲਈ ਡੀ. ਸੀ. ਨੂੰ ਰਿਪੋਰਟ ਭੇਜੀ ਜਾ ਰਹੀ ਹੈ।

rajwinder kaur

This news is Content Editor rajwinder kaur