ਜਲੰਧਰ: ਗੁਰੂ ਬਾਜ਼ਾਰ ਤੋਂ ਜ਼ਬਤ ਕੀਤਾ ਗਿਆ ਨਾਜਾਇਜ਼ ਪਟਾਕਿਆਂ ਦਾ ਜ਼ਖੀਰਾ, 2 ਗ੍ਰਿਫਤਾਰ

09/18/2019 1:32:24 AM

ਜਲੰਧਰ,(ਜ.ਬ.): ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ 'ਤੇ ਜਲੰਧਰ ਕਮਿਸ਼ਨਰੇਟ ਪੁਲਸ ਨੇ ਅੱਜ ਤਿਉਹਾਰੀ ਸੀਜ਼ਨ 'ਚ ਕਿਸੇ ਵੀ ਤਰ੍ਹਾਂ ਦੀ ਤ੍ਰਾਸਦੀ ਨੂੰ ਰੋਕਣ ਲਈ ਸ਼ਹਿਰ ਦੇ ਇਲਾਕਿਆਂ 'ਚ ਨਾਜਾਇਜ਼ ਤੌਰ 'ਤੇ ਪਟਾਕਿਆਂ ਦਾ ਪਤਾ ਲਾਉਣ ਲਈ ਇਕ ਵੱਡੇ ਪੈਮਾਨੇ 'ਤੇ ਮੁਹਿੰਮ ਚਲਾਈ ਗਈ। ਜਿਸ ਤਹਿਤ ਏ. ਡੀ. ਸੀ. ਪੀ. ਸੂਡਰਵਿਜੀ ਦੀ ਨਿਗਰਾਨੀ 'ਚ ਥਾਣਾ ਨੰਬਰ 4 ਦੇ ਮੁਖੀ ਕਮਲਜੀਤ ਨੇ ਪੁਲਸ ਪਾਰਟੀ ਸਮੇਤ ਸ਼ੇਖਾਂ ਬਾਜ਼ਾਰ ਸਥਿਤ ਗੁਰੂ ਬਾਜ਼ਾਰ ਤੋਂ 3 ਥਾਵਾਂ ਤੋਂ ਵੱਡੀ ਮਾਤਰਾ 'ਚ ਪਟਾਕਿਆਂ ਦਾ ਵੱਡਾ ਜ਼ਖੀਰਾਂ ਬਰਾਮਦ ਕੀਤਾ। ਪੁਲਸ ਨੇ ਉਥੋਂ 2 ਪਟਾਕਾ ਕਾਰੋਬਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।

2 ਦੁਕਾਨਾਂ ਕਿਸ਼ਨ ਐਂਡ ਸੰਨਜ਼ ਤੇ ਕਿੱਟੂ ਪਤੰਗਾ ਵਾਲਾ ਦੋਵੇਂ ਗੁਰੂ ਬਾਜ਼ਾਰ/ਸ਼ੇਖਾਂ ਬਾਜ਼ਾਰ 'ਚ ਸਥਿਤ ਹਨ, ਜਿੱਥੋਂ ਪਟਾਕਾ ਬਰਾਮਦ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਅਖਿਲ ਦੂਆ ਪੁੱਤਰ ਗੁਲਸ਼ਨ ਦੂਆ ਵਾਸੀ ਨਿਜਾਤਮ ਨਗਰ, ਪੁਨੀਤ ਦੂਆ ਉਰਫ ਮੋਨੂੰ ਪੁੱਤਰ ਰਾਕੇਸ਼ ਕੁਮਾਰ ਦੂਆ ਵਾਸੀ ਇਸਲਾਮਗੰਜ ਵਜੋਂ ਹੋਈ ਹੈ। ਪੁਲਸ ਨੇ ਦੁਕਾਨ ਦੇ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ੇਖਾਂ ਬਾਜ਼ਾਰ ਦੇ ਨਾਲ ਲੱਗਦੇ ਗੁਰੂ ਬਾਜ਼ਾਰ 'ਚ ਕੁਝ ਲੋਕ ਪਤੰਗਾਂ ਦੀ ਆੜ 'ਚ ਨਾਜਾਇਜ਼ ਪਟਾਕੇ ਵੇਚ ਰਹੇ ਹਨ ਅਤੇ ਜਿਨ੍ਹਾਂ ਨੇ ਬਾਜ਼ਾਰ ਵਿਚ ਹੀ ਗੋਦਾਮ ਬਣਾਏ ਹੋਏ ਹਨ। ਕਾਰਵਾਈ ਕਰਦੇ ਹੋਏ ਛਾਪਾਮਾਰੀ ਕੀਤੀ ਤਾਂ ਉਥੋਂ ਕਿੱਟੂ ਪਤੰਗਾਂ ਵਾਲੇ ਦੇ ਗੋਦਾਮ ਅਤੇ ਉਸ ਦੇ ਨਾਲ ਬਣੀ ਮਾਰਕੀਟ ਕਿਸ਼ਨ ਲਾਲ ਐਂਡ ਸੰਨਜ਼ ਦੀਆਂ ਦੁਕਾਨਾਂ ਤੋਂ ਅਤੇ ਬਾਜ਼ਾਰ ਦੇ ਨਾਲ ਲੱਗਦੀ ਗਲੀ ਦੇ ਇਕ ਘਰ 'ਚੋਂ ਵੱਡੀ ਮਾਤਰਾ ਵਿਚ ਪਟਾਕੇ ਬਰਾਮਦ ਹੋਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਛਾਪੇ ਦੌਰਾਨ ਦੁਕਾਨ ਦੇ ਮਾਲਕ ਉਨ੍ਹਾਂ ਨੂੰ ਪਟਾਕਿਆਂ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕੇ, ਇਸ ਕਾਰਣ ਪੁਲਸ ਨੇ ਸਾਰੇ ਪਟਾਕੇ ਕਬਜ਼ੇ ਵਿਚ ਲੈ ਲਏ।