ਨਾਜਾਇਜ਼ ਕਬਜ਼ੇ ਹਟਾਉਣ ਮੁਹਿੰਮ ਖਿਲਾਫ ਦੁਕਾਨਦਾਰ ਤੇ ਰੇਹੜੀ ਵਾਲੇ ਸੜਕਾਂ ''ਤੇ ਉਤਰੇ

12/16/2017 8:07:21 AM

ਫਗਵਾੜਾ, (ਜਲੋਟਾ, ਜ. ਬ.)- ਫਗਵਾੜਾ ਨਗਰ ਨਿਗਮ ਵੱਲੋਂ ਬੀਤੇ ਕਈ ਦਿਨਾਂ ਤੋਂ ਸਰਾਏ ਰੋਡ ਇਲਾਕੇ ਨੂੰ ਕੇਂਦਰ ਬਣਾ ਕੇ ਇਸ ਖੇਤਰ 'ਚ ਚਲਾਈ ਜਾ ਰਹੀ ਨਾਜਾਇਜ਼ ਕਬਜ਼ਾ ਹਟਾਓ ਮੁਹਿੰਮ ਨਾਲ ਗੁਸਾਏ ਉਕਤ ਖੇਤਰ ਦੇ ਲੋਕਾਂ ਵੱਲੋਂ ਅੱਜ ਸ਼ਹਿਰ ਦੀਆਂ ਸੜਕਾਂ 'ਤੇ ਉਤਰ ਕੇ ਨਿਗਮ ਦੀ ਉਕਤ ਕਥਿਤ ਧੱਕੇਸ਼ਾਹੀ ਦੇ ਖਿਲਾਫ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲੋਕਾਂ ਦੇ ਗੁੱਸੇ ਨਾਲ ਸਹਿਮੇ ਨਗਰ ਨਿਗਮ ਨੇ 15 ਦਸੰਬਰ ਨੂੰ ਕਿਸੇ ਵੀ ਇਲਾਕੇ 'ਚ ਨਾਜਾਇਜ਼ ਕਬਜ਼ਾ ਹਟਾਓ ਮੁਹਿੰਮ ਨਹੀਂ ਚਲਾਈ।
ਵਾਪਰੀ ਇਸ ਘਟਨਾ 'ਚ 'ਆਪ' ਆਗੂ ਜਰਨੈਲ ਨੰਗਲ ਦੀ ਅਗਵਾਈ 'ਚ ਸਰਾਏ ਰੋਡ, ਸਿਨੇਮਾ ਰੋਡ ਤੇ ਨਾਈਆਂ ਵਾਲਾ ਚੌਕ 'ਚ ਦੁਕਾਨ ਆਦਿ ਕਰਦੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੇ ਨਾਈਆਂ ਵਾਲਾ ਚੌਕ ਤੋਂ ਨਿਗਮ ਵੱਲੋਂ ਉਨ੍ਹਾਂ ਦੇ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਆੜ 'ਚ ਕੁਝ ਦੁਕਾਨਾਂ ਦੀ ਹੋਈ ਭੰਨ੍ਹ-ਤੋੜ ਦਾ ਮੁੱਦਾ ਬਣਾ ਕੇ ਉਕਤ ਰੋਸ ਰੈਲੀ ਕੱਢੀ। ਰੋਸ ਰੈਲੀ ਗਊਸ਼ਾਲਾ ਬਾਜ਼ਾਰ ਸਣੇ ਹੋਰ ਪ੍ਰਮੁੱਖ ਇਲਾਕਿਆਂ ਤੋਂ ਹੁੰਦੀ ਹੋਈ ਨਿਗਮ ਕੰਪਲੈਕਸ ਪਹੁੰਚੀ, ਜਿਥੇ ਪ੍ਰਦਰਸ਼ਨਕਾਰੀ ਦੁਕਾਨਦਾਰਾਂ, ਰੇਹੜੀ ਵਾਲਿਆਂ ਤੇ ਹੋਰ ਲੋਕਾਂ ਨੇ ਨਿਗਮ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਧਰਨਾ ਲੱਗਾ ਦਿੱਤਾ।
ਇਸ ਦੀ ਸੂਚਨਾ ਮਿਲਦੇ ਹੀ ਏ. ਐੱਸ. ਪੀ. ਫਗਵਾੜਾ ਹਰੀਸ਼ ਦਿਆਮਾ ਓਮ ਪ੍ਰਕਾਸ਼, ਐੱਸ. ਐੱਚ. ਓ. ਸਿਟੀ ਭਾਰਤ ਮਸੀਹ ਲੱਦੜ, ਪੀ. ਸੀ. ਆਰ. ਇੰਚਾਰਜ ਇੰਸਪੈਕਟਰ ਅਮਨ ਕੁਮਾਰ ਭਾਰੀ ਪੁਲਸ ਪਾਰਟੀ ਨਾਲ ਨਿਗਮ ਦਫਤਰ ਪਹੁੰਚ ਗਏ ਪਰ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਨਿਗਮ ਕਮਿਸ਼ਨਰ ਦੇ ਖਿਲਾਫ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।  ਹਾਲਾਤ ਵਿਗੜਦਿਆਂ ਦੇਖ ਏ. ਐੱਸ. ਪੀ. ਹਰੀਸ਼ ਦਿਆਮਾ ਓਮ ਪ੍ਰਕਾਸ਼ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ 'ਆਪ' ਆਗੂ ਜਰਨੈਲ ਨੰਗਲ ਨੇ ਏ. ਐੱਸ. ਪੀ. ਹਰੀਸ਼ ਦਿਆਮਾ ਨੇ ਪੁੱਛਿਆ ਕਿ ਨਿਗਮ ਵੱਲੋਂ ਨਾਜਾਇਜ਼ ਕਬਜ਼ਿਆਂ ਦੀ ਆੜ 'ਚ ਗਰੀਬਾਂ ਦੀਆਂ ਦੁਕਾਨਾਂ 'ਚ ਕੀਤੀ ਗਈ ਭੰਨ੍ਹ-ਤੋੜ ਜਾਇਜ਼ ਹੈ? ਨੰਗਲ ਨੇ ਸਵਾਲ ਕੀਤਾ ਕਿ ਕੀ ਗਰੀਬ ਰੇਹੜੀ ਵਾਲਿਆਂ ਤੇ ਮਿਹਨਤ-ਮਜ਼ਦੂਗੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਵਾਲੇ ਛੋਟੇ ਦੁਕਾਨਕਾਰਾਂ, ਜੋ ਖੋਖਾ ਲਗਾਕੇ ਰੋਜ਼ੀ-ਰੋਟੀ ਕਮਾਉਂਦੇ ਹਨ, ਉਨ੍ਹਾਂ ਨੂੰ ਤੋੜਨਾ ਚੰਗੀ ਗੱਲ ਹੈ? ਕੀ ਨਿਗਮ ਦਾ ਸਰਕਾਰੀ ਅਮਲਾ ਅਤੇ ਕਮਿਸ਼ਨਰ ਬਖਤਾਵਰ ਸਿੰਘ ਜਨਤਾ ਨੂੰ ਅੱਜ ਤਕ ਰੋਜ਼ਗਾਰ ਮੁਹੱਈਆ ਕਰਵਾ ਸਕੇ ਹਨ? ਜੇਕਰ ਨਹੀਂ ਤਾਂ ਫਿਰ ਬਿਨਾਂ ਕਿਸੇ ਕਾਰਨ ਰਾਜਸੀ ਦਬਾਅ 'ਚ ਗਰੀਬਾਂ 'ਤੇ ਜ਼ੁਲਮ 'ਤੇ ਜ਼ੁਲਮ ਕੀਤੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਉਹ ਹੁਣ ਨਿਗਮ ਦਾ ਸਰਕਾਰੀ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ। ਇਸ ਦੌਰਾਨ ਅੰਦੋਲਨਕਾਰੀਆਂ ਨੇ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਨੰਗਲ ਦੇ ਹੱਥ 'ਚ ਫੜਾ ਦਿੱਤੀਆਂ ਅਤੇ ਨੰਗਲ ਨੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੀਆਂ  ਦੁਕਾਨਾਂ ਦੀਆਂ ਚਾਬੀਆਂ ਲੈਣ ਤੇ ਬਦਲੇ 'ਚ ਉਕਤ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਦੇ ਪਰਿਵਾਰ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾ ਦੇਵੇ।