ਹਥਿਆਰਬੰਦ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਮਸ਼ੀਨਾਂ ਦੀ ਕੀਤੀ ਭੰਨ-ਤੋੜ

11/16/2019 3:53:29 PM

ਮੋਗਾ (ਆਜ਼ਾਦ) : ਪਿੰਡ ਬਾਸੀਆਂ ਵਿਖੇ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਖੋਦਾਈ ਕਰਨ ਦਾ ਯਤਨ ਕੀਤੇ ਜਾਣ ਅਤੇ ਅੰਨ੍ਹੇਵਾਹ ਫਾਇਰਿੰਗ ਕਰਨ ਦੇ ਇਲਾਵਾ ਰੇਤ ਦੀ ਖੋਦਾਈ ਕਰ ਰਹੀਆਂ ਮਸ਼ੀਨਾਂ ਦੀ ਭੰਨ-ਤੋੜ ਕੀਤੀ ਗਈ। ਇਸ ਦੇ ਨਾਲ ਹੀ ਕਰਿੰਦਿਆਂ ਦੀ ਕੁੱਟ-ਮਾਰ ਕਰ ਕੇ ਸਵਾ ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਪਿੰਡ ਲੌਂਗੀਵਿੰਡ ਦੇ ਸਰਪੰਚ ਕੁਲਬੀਰ ਸਿੰਘ, ਜੋ ਪੀ. ਏ. ਡੀ. ਬੀ. ਬੈਂਕ ਦੇ ਚੇਅਰਮੈਨ ਵੀ ਹਨ, ਸਮੇਤ 14 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸੁਖਵੰਤ ਸਿੰਘ ਪੁੱਤਰ ਮੇਜਰ ਸਿੰਘ ਨਿਵਾਸੀ ਪਿੰਡ ਬੂਲੇ (ਜ਼ੀਰਾ) ਨੇ ਕਿਹਾ ਕਿ 1 ਅਕਤੂਬਰ 2019 ਤੋਂ ਪ੍ਰਾਈਮ ਵਿਜ਼ਨ ਇੰਡਸਟਰੀ ਵੱਲੋਂ ਪਿੰਡ ਬਾਸੀਆਂ ਵਿਖੇ ਰੇਤ ਦਾ ਮਨਜ਼ੂਰਸ਼ੁਦਾ ਖੱਡਾ ਲਿਆ ਹੋਇਆ ਹੈ, ਜੋ ਕੁਲਦੀਪ ਸਿੰਘ ਨਿਵਾਸੀ ਪਿੰਡ ਨਸੀਰਪੁਰ ਜਾਨੀਆਂ ਦੇ ਨਾਂ 'ਤੇ ਹੈ, ਜਿਥੇ ਉਹ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਹੈ। ਬੀਤੀ ਰਾਤ ਜਦੋਂ ਰੇਤ ਦੇ ਖੱਡਿਆਂ ਦਾ ਕੰਮ ਚੱਲ ਰਿਹਾ ਸੀ ਤਾਂ ਇਸ ਦੌਰਾਨ ਵੱਖ-ਵੱਖ ਗੱਡੀਆਂ 'ਚ ਹਥਿਆਰਬੰਦ ਵਿਅਕਤੀਆਂ, ਜਿਨ੍ਹਾਂ 'ਚ ਕੁਲਵੀਰ ਸਿੰਘ ਸਰਪੰਚ ਪਿੰਡ ਲੌਂਗੀਵਿੰਡ ਦੇ ਇਲਾਵਾ ਹਰਬੰਸ ਸਿੰਘ ਸਹੋਤਾ, ਅਮਨਦੀਪ ਸਿੰਘ ਨਿਵਾਸੀ ਪਿੰਡ ਕਮਾਲਕੇ ਖੁਰਦ, ਗੁਰਜੀਤ ਸਿੰਘ ਨਿਵਾਸੀ ਸੰਗੋਵਾਲ ਕਪੂਰਥਲਾ, ਮਨਜਿੰਦਰ ਸਿੰਘ ਉਰਫ ਰਾਜੂ ਕਮਾਲਕੇ ਖੁਰਦ, ਸੁਰਜੀਤ ਸਿੰਘ ਮੱਝਲੀ ਅਤੇ ਉਨ੍ਹਾਂ ਨਾਲ 7-8 ਅਣਪਛਾਤੇ ਵਿਅਕਤੀ ਵੀ ਸਨ, ਨੇ ਆਉਂਦਿਆਂ ਹੀ ਰੇਤ ਦੇ ਖੱਡਿਆਂ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਸਰਪੰਚ ਕੁਲਬੀਰ ਸਿੰਘ ਅਤੇ ਉਸ ਦੇ ਸਾਥੀ ਵੱਲੋਂ ਪਿਸਟਲ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਅਤੇ ਸਾਡੀਆਂ ਦੋ ਜੇ. ਸੀ. ਬੀ. ਮਸ਼ੀਨਾਂ, ਦੋ ਪੋਪਲਾਈਨ ਮਸ਼ੀਨਾਂ ਅਤੇ ਬੁਲੈਰੋ ਗੱਡੀ ਦੀਆਂ ਲਾਈਟਾਂ ਤੋੜ ਦਿੱਤੀਆਂ, ਨਾਲ ਹੀ ਦਫਤਰ 'ਚ ਪਈਆਂ ਕੁਰਸੀਆਂ, ਮੇਜ ਵੀ ਭੰਨ ਦਿੱਤਾ।

ਇਸ ਮੌਕੇ ਉਨ੍ਹਾਂ ਉਥੇ ਕੰਮ ਕਰਦੇ ਮੁਲਾਜ਼ਮਾਂ ਰਾਜਿੰਦਰ ਵੈਨੀਪਾਲ ਉਰਫ ਰਾਜੂ, ਮੁਕੇਸ਼ ਸ਼ਰਮਾ ਅਤੇ ਪ੍ਰਭਜੋਤ ਸਿੰਘ ਨਿਵਾਸੀ ਗੰਗਾ ਨਗਰ ਦੀ ਕੁੱਟ-ਮਾਰ ਵੀ ਕੀਤੀ ਅਤੇ ਜਾਂਦੇ ਸਮੇਂ ਦਫਤਰ 'ਚ ਰੇਤੇ ਦੀ ਪਈ ਰਕਮ ਜੋ ਕਰੀਬ ਸਵਾ ਲੱਖ ਦੇ ਕਰੀਬ ਸੀ, ਲੈ ਕੇ ਫਰਾਰ ਹੋ ਗਏ ਅਤੇ ਜਾਣ ਸਮੇਂ ਵੀ ਉਹ ਹਵਾਈ ਫਾਇਰ ਕਰਦੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਕਥਿਤ ਦੋਸ਼ੀ ਨਾਜਾਇਜ਼ ਢੰਗ ਨਾਲ ਮਾਈਨਿੰਗ ਕਰਨਾ ਚਾਹੁੰਦੇ ਹਨ ਅਤੇ ਇਸ ਕਰ ਕੇ ਉਹ ਸਾਨੂੰ ਕੁੱਟ-ਮਾਰ ਕਰ ਕੇ ਭਜਾਉਣ ਲਈ ਆਏ ਸਨ। ਉਕਤ ਝਗੜੇ 'ਚ ਸਰਵਨ ਸਿੰਘ ਨਿਵਾਸੀ ਕੋਟ ਮੁਹੰਮਦ ਖਾਂ ਦੇ ਇਲਾਵਾ ਦੂਜੇ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ। ਰੇਤ ਦੀ ਖੱਡ ਦੇ ਠੇਕੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਕÎਥਿਤ ਦੋਸ਼ੀਆਂ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈ । ਜਦੋਂ ਇਸ ਸਬੰਧੀ ਹਰਬੰਸ ਸਿੰਘ ਸਹੋਤਾ ਨਿਵਾਸੀ ਪਿੰਡ ਕਮਾਲਕੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਦਾ ਉਕਤ ਜ਼ਮੀਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੁਲਬੀਰ ਸਿੰਘ ਸਰਪੰਚ ਅਤੇ ਚੇਅਰਮੈਨ ਪੀ. ਏ. ਡੀ. ਬੀ. ਧਰਮਕੋਟ ਪਿੰਡ ਲੌਂਗੀਵਿੰਡ ਅਤੇ ਉਨ੍ਹਾਂ ਨਾਲ 7-8 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਅਮਨਦੀਪ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਦੂਜਿਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

Anuradha

This news is Content Editor Anuradha