ਪੰਜਾਬ ''ਚ ਸਮੱਗਲਰਾਂ ਨੂੰ ਕਿਹੜੀ ਡਿਸਟਿਲਰੀ ਕਰ ਰਹੀ ਹੈ ਨਾਜਾਇਜ਼ ਸ਼ਰਾਬ ਸਪਲਾਈ?

07/05/2018 10:13:30 AM

ਚੰਡੀਗੜ੍ਹ/ਮਾਛੀਵਾੜਾ ਸਾਹਿਬ (ਟੱਕਰ) - ਪੰਜਾਬ ਸਰਕਾਰ ਦੇ ਐਕਸਾਈਜ਼ ਵਿਭਾਗ ਨੇ ਨਵੀਂ ਪਾਲਿਸੀ ਤਹਿਤ ਸ਼ਰਾਬ ਠੇਕੇਦਾਰਾਂ ਦਾ ਕੋਟਾ ਘਟਾ ਦਿੱਤਾ ਹੈ, ਤਾਂ ਜੋ ਸ਼ਰਾਬ ਦੀ ਸਮੱਗਲਿੰਗ ਨਾ ਹੋ ਸਕੇ ਤੇ ਠੇਕੇਦਾਰ ਆਪਣੇ ਠੇਕਿਆਂ 'ਤੇ ਸ਼ਰਾਬ ਵੇਚ ਸਕਣ। ਇਸ ਦੇ ਬਾਵਜੂਦ ਨਾਜਾਇਜ਼ ਸ਼ਰਾਬ ਦੇ ਸਮੱਗਲਰਾਂ ਨੂੰ 1-2 ਡਿਸਟਿਲਰੀਆਂ ਨੇ ਬਿਨਾਂ ਲੇਬਲ ਤੇ ਬਿਨਾਂ ਬਰਾਂਡ ਵਾਲੀ ਸ਼ਰਾਬ ਜਾਂ ਅਰੁਣਾਂਚਲ ਪ੍ਰਦੇਸ਼ 'ਚ ਵਿਕਣਯੋਗ ਸ਼ਰਾਬ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਪੰਜਾਬ ਦੇ ਐਕਸਾਈਜ਼ ਵਿਭਾਗ ਨੂੰ ਤਾਂ ਚੂਨਾ ਲਗ ਹੀ ਰਿਹਾ ਹੈ, ਉਥੇ ਹੀ ਸ਼ਰਾਬ ਠੇਕੇਦਾਰ ਵੀ ਇਸ ਨਾਜਾਇਜ਼ ਸਮੱਗਲਿੰਗ ਕਾਰਨ ਘਾਟੇ ਵੱਲ ਜਾ ਰਹੇ ਹਨ।
ਜਾਣਕਾਰੀ ਅਨੁਸਾਰ 1 ਅਪ੍ਰੈਲ ਤੋਂ ਲੈ ਕੇ 30 ਜੂਨ ਤਕ ਪੰਜਾਬ ਦੇ 5 ਵੱਖ-ਵੱਖ ਜ਼ਿਲਿਆਂ ਲੁਧਿਆਣਾ, ਪਠਾਨਕੋਟ, ਫਤਿਹਗੜ੍ਹ ਸਾਹਿਬ, ਜਲੰਧਰ ਤੇ ਹੋਰ 1-2 ਥਾਵਾਂ ਤੋਂ ਪੁਲਸ ਨੇ ਸਮੱਗਲਰਾਂ ਤੋਂ ਸ਼ਰਾਬ ਦੇ ਭਰੇ ਜੋ ਟਰੱਕ ਫੜੇ ਹਨ, ਉਨ੍ਹਾਂ 'ਚ ਇਹ ਸ਼ਰਾਬ ਜਾਂ ਤਾਂ ਬਿਨਾਂ ਲੇਬਲ ਤੇ ਬਿਨਾਂ ਬਰਾਂਡ ਤੋਂ ਹੈ ਜਾਂ ਅਰੁਣਾਂਚਲ ਪ੍ਰਦੇਸ਼ ਵਿਚ ਵਿਕਣਯੋਗ ਹੈ। ਪੁਲਸ ਜ਼ਿਲਾ ਖੰਨਾ ਦੀ ਮਾਛੀਵਾੜਾ ਪੁਲਸ ਨੇ ਕੁਝ ਦਿਨ ਪਹਿਲਾਂ ਬਿਨਾਂ ਲੇਬਲ ਤੇ ਬਿਨਾਂ ਬਰਾਂਡ ਵਾਲੀ 475 ਪੇਟੀਆਂ ਸ਼ਰਾਬ ਫੜੀ ਸੀ ਤੇ ਪੁਲਸ ਵਲੋਂ ਇਸ ਦੀ ਤਹਿ ਤਕ ਪੁੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਸਫ਼ਲਤਾ ਨਹੀਂ ਮਿਲੀ। 
ਜਿਹੜੀ ਡਿਸਟਿਲਰੀ ਤੋਂ ਇਹ ਨਾਜਾਇਜ਼ ਸ਼ਰਾਬ ਸਪਲਾਈ ਹੁੰਦੀ ਹੈ, ਉਸ ਤਕ ਪੁੱਜਣ ਦੀ ਕੋਈ ਗੁੰਜਾਇਸ਼ ਨਹੀਂ ਰੱਖੀ ਜਾਂਦੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੰਦਾਜ਼ਨ ਅੰਗਰੇਜ਼ੀ ਸ਼ਰਾਬ ਦੀ ਇਕ ਪੇਟੀ ਪਿੱਛੇ ਐਕਸਾਈਜ਼ ਵਿਭਾਗ ਨੂੰ 1500 ਤੋਂ 2000 ਰੁਪਏ ਤਕ ਦਾ ਚੂਨਾ ਲਗਦਾ ਹੈ ਤੇ ਇਹ ਰਕਮ ਕਰੋੜਾਂ ਵਿਚ ਪਹੁੰਚ ਜਾਂਦੀ ਹੈ।
ਐਕਸਾਈਜ਼ ਵਿਭਾਗ 'ਚ ਇਸ ਗੱਲ ਦੀ ਚਰਚਾ ਜ਼ੋਰਾਂ 'ਤੇ ਹੈ ਕਿ 1-2 ਡਿਸਟਿਲਰੀਆਂ ਸ਼ਰਾਬ ਦੇ ਸਮੱਗਲਰਾਂ ਨੂੰ ਸਿੱਧੀ ਸਪਲਾਈ ਕਰ ਰਹੀਆਂ ਹਨ ਪਰ ਡਿਸਟਿਲਰੀਆਂ ਦਾ ਮਾਲਕ ਪੰਜਾਬ ਦੇ ਸਿਆਸੀ ਅਸਰ-ਰਸੂਖ ਵਾਲਿਆਂ ਦੇ ਅਤਿ ਨਜ਼ਦੀਕੀ ਹੋਣ ਕਾਰਨ ਉਨ੍ਹਾਂ 'ਤੇ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਡਿਸਟਿਲਰੀ ਤੋਂ ਹੋ ਨਾਜਾਇਜ਼ ਸ਼ਰਾਬ ਦੀ ਹੋ ਰਹੀ ਸਿੱਧੀ ਸਪਲਾਈ ਕਾਰਨ ਠੇਕਿਆਂ 'ਤੇ 400 ਰੁਪਏ ਤਕ ਵਿਕਣ ਵਾਲੀ ਬੋਤਲ ਬਾਹਰ 150 ਤੋਂ 200 ਰੁਪਏ ਵਿਕ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਅਰੁਣਾਂਚਲ ਪ੍ਰਦੇਸ਼ ਦੀ ਸ਼ਰਾਬ ਦਾ ਗੋਰਖਧੰਦਾ ਕਿਵੇਂ ਚਲਦੈ?
ਪੰਜਾਬ ਤੇ ਚੰਡੀਗੜ੍ਹ ਦੀਆਂ ਕੁਝ ਡਿਸਟਿਲਰੀਆਂ ਕੋਲ ਅਰੁਣਾਂਚਲ ਪ੍ਰਦੇਸ਼ ਵਿਚ ਸ਼ਰਾਬ ਸਪਲਾਈ ਕਰਨ ਦਾ ਲਾਇਸੈਂਸ ਹੈ ਤੇ ਜਾਣਕਾਰੀ ਅਨੁਸਾਰ ਡਿਸਟਿਲਰੀਆਂ 'ਚੋਂ ਸ਼ਰਾਬ ਦਾ ਭਰਿਆ ਟਰੱਕ ਅਰੁਣਾਂਚਲ ਪ੍ਰਦੇਸ਼ ਸਪਲਾਈ ਲਈ ਨਿਕਲਦਾ ਹੈ ਪਰ ਕੁਝ ਹੀ ਕਿਲੋਮੀਟਰ ਜਾ ਕੇ ਇਹ ਸ਼ਰਾਬ ਸਮੱਗਲਰਾਂ ਦੇ ਟਰੱਕਾਂ ਵਿਚ ਬਦਲ ਦਿੱਤੀ ਜਾਂਦੀ ਹੈ, ਜੋ ਮੁੜ ਪੰਜਾਬ 'ਚ ਵਿਕਦੀ ਹੈ। ਇਸ ਨਾਲ ਪੰਜਾਬ ਸਰਕਾਰ ਦੇ ਖ਼ਜਾਨੇ ਨੂੰ ਚੂਨਾ ਲਗ ਰਿਹਾ ਹੈ।  

ਕੀ ਕਹਿਣੈ ਸਹਾਇਕ ਕਮਿਸ਼ਨਰ ਦਾ 
ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ ਗੁਰਤੇਜ ਸਿੰਘ ਨੇ ਕਿਹਾ ਕਿ ਪੰਜਾਬ 'ਚ ਅਰੁਣਾਂਚਲ ਪ੍ਰਦੇਸ਼ ਜਾਂ ਬਿਨਾਂ ਲੇਬਲ ਤੇ ਬਰਾਂਡ ਤੋਂ ਸ਼ਰਾਬ ਦੀ ਸਮੱਗਲਿੰਗ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਅਜੇ ਤਕ ਇਹ ਪਤਾ ਨਹੀਂ ਲੱਗਾ ਕਿ ਇਹ ਪੰਜਾਬ ਜਾਂ ਚੰਡੀਗੜ੍ਹ ਦੀ ਕਿਸ ਡਿਸਟਿਲਰੀ ਤੋਂ ਆ ਰਹੀ ਹੈ। ਉਨ੍ਹਾਂ ਮੰਨਿਆ ਕਿ ਇਸ ਨਾਲ ਜਿਥੇ ਐਕਸਾਈਜ਼ ਵਿਭਾਗ ਨੂੰ ਚੂਨਾ ਲਗ ਰਿਹਾ ਹੈ, ਉਥੇ ਹੀ ਸੂਬੇ ਦੇ ਸ਼ਰਾਬ ਠੇਕੇਦਾਰਾਂ ਨੂੰ ਨਾਜਾਇਜ਼ ਸ਼ਰਾਬ ਵਿਕਣ ਨਾਲ ਨੁਕਸਾਨ ਹੋ ਰਿਹਾ ਹੈ।