ਖ਼ੁਲਾਸਾ : ਗਰਭਪਾਤ ਲਈ ਔਰਤਾਂ ਤੋਂ ਮੋਟੀ ਰਕਮ ਲੈਂਦੀ ਸੀ ਔਰਤ, ਬਾਅਦ 'ਚ ਗੰਦੇ ਨਾਲੇ 'ਚ ਸੁੱਟਦੀ ਸੀ ਭਰੂਣ (ਤਸਵੀਰਾਂ)

05/19/2022 11:51:07 AM

ਲੁਧਿਆਣਾ (ਰਾਜ/ਜ.ਬ.) : ਰਿਸ਼ੀ ਨਗਰ ’ਚ ਮਹਿਲਾ ਡਾਕਟਰ ਆਪਣੇ ਹਸਪਤਾਲ ਅੰਦਰ ਨਾਜਾਇਜ਼ ਤੌਰ ’ਤੇ ਸਕੈਨਿੰਗ ਸੈਂਟਰ ਚਲਾ ਰਹੀ ਸੀ, ਜੋ ਗਰਭਵਤੀ ਔਰਤਾਂ ਤੋਂ ਮੋਟੀ ਰਕਮ ਲੈ ਕੇ ਉਨ੍ਹਾਂ ਦਾ ਲਿੰਗ ਨਿਰਧਾਰਣ ਟੈਸਟ ਕਰਦੀ ਸੀ ਪਰ ਸਿਹਤ ਵਿਭਾਗ ਨੇ ਉਸ ਦਾ ਪਰਦਾਫਾਸ਼ ਕਰ ਦਿੱਤਾ। ਸਿਵਲ ਸਰਜਨ ਡਾ. ਐੱਸ. ਪੀ. ਸਿੰਘ ਤੇ ਪਰਿਵਾਰ ਕਲਿਆਣ ਅਧਿਕਾਰੀ ਡਾ. ਹਰਪ੍ਰੀਤ ਸਿੰਘ ਦੀ ਅਗਵਾਈ ’ਚ ਸਿਹਤ ਵਿਭਾਗ ਦੀ ਟੀਮ ਨੇ ਥਾਣਾ ਪੀ. ਏ. ਯੂ. ਦੀ ਪੁਲਸ ਦੀ ਮਦਦ ਨਾਲ ਹਸਪਤਾਲ ’ਚ ਛਾਪੇਮਾਰੀ ਕੀਤੀ, ਜਿੱਥੇ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਨਾਲ ਕਾਫੀ ਪਾਬੰਦੀਸ਼ੁਦਾ ਸਮਾਨ ਬਰਾਮਦ ਕੀਤਾ ਗਿਆ। ਇਸ ਦੌਰਾਨ ਮਹਿਲਾ ਡਾਕਟਰ ਅਤੇ ਉਸ ਦੇ ਪੁੱਤਰ ਨੂੰ ਟੀਮ ਨੇ ਫੜ੍ਹ ਕੇ ਥਾਣਾ ਪੀ. ਏ. ਯੂ. ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਰਿਸ਼ੀ ਨਗਰ ਦੀ ਔਰਤ ਮਹਿੰਦਰ ਕੌਰ ਖ਼ੁਦ ਨੂੰ ਬੀ. ਏ. ਐੱਮ. ਐੱਸ. ਡਾਕਟਰ ਦੱਸਦੀ ਹੈ। ਉਸ ਨੇ ਰਿਸ਼ੀ ਨਗਰ ’ਚ ਆਪਣਾ ਮਹਿੰਦਰ ਹਸਪਤਾਲ ਖੋਲ੍ਹਿਆ ਹੋਇਆ ਹੈ, ਜਿੱਥੇ ਉਹ ਨਾਜਾਇਜ਼ ਤੌਰ ’ਤੇ ਪੋਰਟੇਬਲ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਨਾਲ ਗਰਭਵਤੀ ਔਰਤਾਂ ਦਾ ਲਿੰਗ ਨਿਰਧਾਰਣ ਟੈਸਟ ਕਰਦੀ ਸੀ। ਗੁਪਤ ਸੂਚਨਾ ਮਿਲਣ ਤੋਂ ਬਾਅਦ ਬੁੱਧਵਾਰ ਸਵੇਰੇ ਟੀਮ ਨੇ ਪੁਲਸ ਨਾਲ ਮਿਲ ਕੇ ਹਸਪਤਾਲ ਵਿਚ ਛਾਪਾ ਮਾਰ ਕੇ ਮੌਕੇ ’ਤੇ ਮਸ਼ੀਨ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਵਿਅਕਤੀ ਨੂੰ ਮਿਲੀ ਮਿਸਾਲੀ ਸਜ਼ਾ, 20 ਸਾਲ ਰਹੇਗਾ ਜੇਲ੍ਹ 'ਚ


ਗਰਭਪਾਤ ਲਈ ਵੱਖਰਾ ਕਮਰਾ, ਗੰਦੇ ਨਾਲੇ 'ਚ ਸੁੱਟਿਆ ਜਾਂਦਾ ਸੀ ਭਰੂਣ
ਦੱਸਿਆ ਜਾ ਰਿਹਾ ਹੈ ਕਿ ਖ਼ੁਦ ਨੂੰ ਡਾਕਟਰ ਦੱਸਣ ਵਾਲੀ ਔਰਤ ਗਰਭਵਤੀਆਂ ਦੇ ਲਿੰਗ ਨਿਰਧਾਰਣ ਟੈਸਟ ਕਰਨ ਤੋਂ ਬਾਅਦ ਉਨ੍ਹਾਂ ਦਾ ਗਰਭਪਾਤ ਵੀ ਕਰਦੀ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਗਰਭਪਾਤ ਤੋਂ ਬਾਅਦ ਭਰੂਣ ਨੂੰ ਕੁੱਝ ਦੂਰੀ ’ਤੇ ਗੰਦੇ ਨਾਲੇ ’ਚ ਸੁੱਟਿਆ ਜਾਂਦਾ ਸੀ। ਹੁਣ ਪੁਲਸ ਇਸ ਦੀ ਜਾਂਚ ਕਰੇਗੀ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਮੁਲਾਜ਼ਮਾਂ ਨੇ ਦਿੱਤੀ ਸਖ਼ਤ ਚਿਤਾਵਨੀ


ਮਹਿੰਦਰ ਕੌਰ ਦੀ ਡਿਗਰੀ ਦੀ ਹੋਵੇਗੀ ਜਾਂਚ
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿੰਦਰ ਕੌਰ ਖ਼ੁਦ ਨੂੰ ਬੀ. ਏ. ਐੱਮ. ਐੱਸ. ਡਾਕਟਰ ਦੱਸਦੀ ਹੈ ਪਰ ਉਸ ਦੀ ਡਿਗਰੀ ਸਹੀ ਜਾਂ ਜਾਅਲੀ ਹੈ, ਇਸ ਦੀ ਜਾਂਚ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਔਰਤ ਕੋਲ ਜਾਅਲੀ ਡਿਗਰੀ ਹੈ। ਉਹ ਪਹਿਲਾਂ ਦਾਈ ਸੀ, ਬਾਅਦ ਵਿਚ ਉਸ ਕੋਲ ਕਿਵੇਂ ਡਿਗਰੀ ਆ ਗਈ, ਸਮਝ ਤੋਂ ਪਰ੍ਹੇ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸਮਰਾਲਾ 'ਚ ਰਾਤ ਦੇ ਹਨ੍ਹੇਰੇ ਦੌਰਾਨ ਵੱਡੀ ਵਾਰਦਾਤ, ਸ਼ਰਾਬ ਠੇਕੇ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ


ਔਰਤ ਦਾ ਪੁੱਤਰ ਸਰਕਾਰੀ ਡਾਕਟਰ, ਖੰਨਾ ’ਚ ਹੈ ਤਾਇਨਾਤ
ਫੜ੍ਹੀ ਗਈ ਔਰਤ ਦਾ ਪੁੱਤਰ ਸਰਕਾਰੀ ਡਾਕਟਰ ਹੈ, ਜੋ ਕਿ ਖੰਨਾ ਦੇ ਪਾਇਲ ਹਸਪਤਾਲ ਵਿਚ ਤਾਇਨਾਤ ਹੈ। ਸੂਤਰਾਂ ਦਾ ਕਹਿਣਾ ਹੈ ਕਿ ਔਰਤ ਆਪਣੇ ਪੁੱਤਰ ਨਾਲ ਮਿਲ ਕੇ ਇਸ ਨਾਜਾਇਜ਼ ਸਕੈਨਿੰਗ ਸੈਂਟਰ ਨੂੰ ਚਲਾਉਂਦੀ ਸੀ, ਹਾਲਾਂਕਿ ਪੁਲਸ ਨੇ ਔਰਤ ਦੇ ਪੁੱਤਰ ਨੂੰ ਵੀ ਫੜ੍ਹਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita