ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ

02/26/2021 6:18:18 PM

ਕਪੂਰਥਲਾ (ਵਿਪਨ)— ਕਪੂਰਥਲਾ ਵਿਖੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੋਸਟਲ ’ਚ ਰਹਿੰਦੇ 40 ਤੋਂ ਵੱਧ ਵਿਦਿਆਰਥੀਆਂ ਦੀ ਸਿਹਤ ਵਿਗੜਨ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਉਕਤ ਵਿਦਿਆਰਥੀਆਂ ’ਚ ਇਨ੍ਹਾਂ ਵਿਦਿਆਰਥੀਆਂ ਨੇ ਰਾਤ ਨੂੰ ਹੋਸਟਲ ਦੀ ਮੈੱਸ ’ਚੋਂ ਰੋਟੀ ਖਾਧੀ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਉਲਟੀ ਸਮੇਤ ਹੋਰ ਸਮੱਸਿਆਵਾਂ ਸ਼ੁਰੂ ਹੋ ਗਈਆਂ। ਉਨ੍ਹਾਂ ਦਾ ਪਹਿਲਾਂ ਤਾਂ ਯੂਨੀਵਰਸਿਟੀ ਦੀ ਡਿਸਪੈਂਸਰੀ ’ਚ ਮੁੱਢਲਾ ਇਲਾਜ ਕੀਤਾ ਗਿਆ ਪਰ ਹਾਲਤ ’ਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਵੀਰਵਾਰ ਦੇਰ ਰਾਤ ਸਿਵਲ ਹਸਪਤਾਲ ਕਪੂਰਥਲਾ ’ਚ ਭਰਤੀ ਕਰਵਾਉਣਾ ਪਿਆ। ਇਸ ਤੋਂ ਇਲਾਵਾ ਕੁਝ ਵਿਦਿਆਰਥੀਆਂ ਨੂੰ ਦਵਾਈ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ।

PunjabKesari

ਹੋਸਟਲ ’ਚ ਰਹਿਣ ਵਾਲੇ ਵਿਦਿਆਰਥੀਆਂ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਬਾਕੀ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਮਾਪਿਆਂ ’ਚ ਸੁਰੱਖਿਆ ਸਬੰਧੀ ਕਈ ਸਵਾਲ ਖੜ੍ਹੇ ਹੋਣ ਲੱਗੇ ਹਨ। ਯੂਨੀਵਰਸਿਟੀ ਦੇ ਹੋਸਟਲ ’ਚ ਸੈਂਕੜੇ ਵਿਦਿਆਰਥੀ ਰਹਿੰਦੇ ਹਨ, ਜੋ ਕਿ ਹੋਸਟਲ ਦੀ ਮੈੱਸ ’ਚੋਂ ਹੀ ਖਾਣਾ ਖਾਂਦੇ ਹਨ। ਜਿਹੜੇ ਵਿਦਿਆਰਥੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ, ਉਨ੍ਹਾਂ ’ਚੋਂ ਕੁਝ ਨੂੰ ਤਾਂ ਡਾਕਟਰਾਂ ਨੇ ਦਵਾਈ ਦੇ ਕੇ ਭੇਜ ਦਿੱਤਾ ਹੈ ਪਰ ਕਈ ਅਜੇ ਵੀ ਹਸਪਤਾਲ ’ਚ ਜ਼ੇਰੇ ਇਲਾਜ ਹਨ।

ਜ਼ੇਰੇ ਇਲਾਜ ਵਿਦਿਆਰਥੀ
ਪੰਕਜ, ਸ਼ਿਵਮ ਕੁਮਾਰ, ਰਾਹੁਲ ਕੁਮਾਰ, ਰਮਨ ਸਿੰਘ, ਅਭਿਸ਼ੇਕ , ਸ਼ਕਤੀ, ਇੰਦਰਜੀਤ ਸ਼ਰਮਾ, ਜਸਪ੍ਰੀਤ ਸਿੰਘ, ਅਨੁਜ, ਦੀਪਕ ਗੁਪਤਾ, ਪ੍ਰਸ਼ਾਂਤ ਕੁਮਾਰ, ਕੰਵਰਪਾਲ ਸਿੰਘ, ਪ੍ਰਵੀਨ ਸਿੰਘ, ਨਵੀਨ ਕੁਮਾਰ, ਸੁਮਿਤ, ਮਯੰਕ ਮਿਸ਼ਰਾ, ਹਰਸ਼ ਸਿੰਘ, ਭੀਮ ਕੁਮਾਰ, ਆਯੂਸ਼, ਸ਼ਾਮਦੀਪ, ਪ੍ਰਦੁੱਮਣ ਕੁਮਾਰ, ਆਦਰਸ਼ ਖੱਤਰੀ, ਹਰਮਨਦੀਪ ਸਿੰਘ, ਦਿਪਾਂਸ਼ੂ, ਉਦੈ ਸਿੰਘ, ਰੋਹਿਤ ਕੁਮਾਰ ਅਤੇ ਵਿੱਕੀ ਕੁਮਾਰ ਆਦਿ।

ਫੂਡ ਪੋਇਜ਼ਨਿੰਗ ਕਾਰਨ ਬੀਮਾਰ ਹੋਏ ਵਿਦਿਆਰਥੀ : ਐੱਸ. ਐੱਮ. ਓ.
ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਤਾਰਾ ਸਿੰਘ ਦਾ ਕਹਿਣਾ ਹੈ ਕਿ ਵੀਰਵਾਰ ਦੇਰ ਰਾਤ ਉਨ੍ਹਾਂ ਨੂੰ ਡਿਊਟੀ ’ਤੇ ਤਾਇਨਾਤ ਡਾ. ਸੇਠੀ ਤੋਂ ਬੱਚਿਆਂ ਦੀ ਸਿਹਤ ਵਿਗੜਨ ਦੀ ਖ਼ਬਰ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਸਟਾਫ ਦੇ ਨਾਲ ਬੱਚਿਆਂ ਦੀ ਸਿਹਤ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਸਾਰੇ ਬੱਚਿਆਂ ਦੇ ਬਲੱਡ ਸੈਂਪਲ ਲਏ ਗਏ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ’ਚ ਫੂਡ ਪੋਇਜ਼ਨਿੰਗ ਦੇ ਲੱਛਣ ਪਾਏ ਗਏ। ਵਿਦਿਆਰਥੀ ਖਤਰੇ ਤੋਂ ਬਾਹਰ ਹੈ।

ਮਾਮਲੇ ਸਬੰਧੀ ਤੱਥ ਜੁਟਾਉਣ ਲਈ ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ : ਕੁੱਲਪਤੀ
ਇਸ ਸਬੰਧੀ ਯੂਨੀਵਰਸਿਟੀ ਦੇ ਕੁੱਲਪਤੀ ਡਾ. ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਯੂਨੀਵਰਸਿਟੀ ਹੋਸਟਲ ਦੀ ਮੈੱਸ ਸਟੂਡੈਂਸ ਵੱਲੋਂ ਹੀ ਕੋਆਪ੍ਰੇਟਿਵ ਬੇਸਿਸ ’ਤੇ ਚਲਾਈ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਸਬੰਧੀ ਚਾਰ ਮੈਂਬਰੀ ਉੱਚ ਕਮੇਟੀ ਦਾ ਗਠਨ ਕੀਤਾ ਗਿਆ, ਜੋ ਕਿ ਉਕਤ ਮਾਮਲੇ ਸਬੰਧੀ ਤੱਥ ਜੁਟਾਉਣ ’ਚ ਲੱਗ ਗਈ ਹੈ। ਯੂਨੀਵਰਸਿਟੀ ਇਸ ਮਾਮਲੇ ਨੂੰ ਸਖ਼ਤੀ ਨਾਲ ਲੈ ਰਹੀ ਹੈ।


shivani attri

Content Editor

Related News