ਪੰਜਾਬ ’ਚ ਹਿੰਦੂ ਨੇਤਾਵਾਂ ਦੀ ਅਣਦੇਖੀ ਕਾਂਗਰਸ ਲਈ ਖ਼ਤਰਨਾਕ ਸਾਬਿਤ ਹੋਵੇਗੀ

08/10/2021 11:23:48 AM

ਜਲੰਧਰ (ਚੋਪੜਾ)– ਪੰਜਾਬ ’ਚ ਸਿੱਖਾਂ ਤੋਂ ਬਾਅਦ ਹਿੰਦੂ ਸਭ ਤੋਂ ਵੱਡਾ ਵੋਟ ਬੈਂਕ ਹੈ ਪਰ ਕਾਂਗਰਸ ’ਤੇ ਦੋਸ਼ ਹੈ ਕਿ ਪਾਰਟੀ ’ਚ ਹਿੰਦੂਆਂ ਨੂੰ ਲਗਾਤਾਰ ਅਣਦੇਖਿਆਂ ਕੀਤਾ ਜਾਂਦਾ ਰਿਹਾ ਹੈ। ਸੂਬੇ ਦੀ 39 ਫੀਸਦੀ ਆਬਾਦੀ ਹਿੰਦੂ ਵਰਗ ਨਾਲ ਸਬੰਧਤ ਹੈ। 117 ਵਿਧਾਨ ਸਭਾ ਹਲਕਿਆਂ ’ਚੋਂ 65 ਦੇ ਲਗਭਗ ਸ਼ਹਿਰੀ ਇਲਾਕਿਆਂ ’ਚ ਹਿੰਦੂ ਵੱਡੀ ਗਿਣਤੀ ’ਚ ਹਨ। ਸੂਬੇ ’ਚ 1 ਕਰੋੜ ਤੋਂ ਵੱਧ ਦੀ ਆਬਾਦੀ ਹੋਣ ਦੇ ਬਾਵਜੂਦ ਵੀ ਕਾਂਗਰਸ ’ਚ ਅਕਸਰ ਹਿੰਦੂਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਅਨੁਸਾਰ ਤਵੱਜੋਂ ਨਹੀਂ ਮਿਲਦੀ ਆ ਰਹੀ ਹੈ। ਕਾਂਗਰਸ ਦੇ ਸੀਨੀਅਰ ਹਿੰਦੂ ਨੇਤਾਵਾਂ ਦਾ ਮੰਨਣਾ ਹੈ ਕਿ ਕੈਪਟਨ ਸਰਕਾਰ ਦੇ ਪਿਛਲੇ ਸਾਢੇ 4 ਸਾਲਾਂ ਤੋਂ ਬਣੇ ਆ ਰਹੇ ਮੌਜੂਦਾ ਹਾਲਾਤਾਂ ’ਚ ਉਨ੍ਹਾਂ ਨੂੰ ਅਣਦੇਖਿਆਂ ਕਰਨਾ ਪਾਰਟੀ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਹਾਲਾਂਕਿ 10 ਸਾਲਾਂ ਤੱਕ ਸੱਤਾ ਦਾ ਬਨਵਾਸ ਕੱਟ ਕੇ ਕਾਂਗਰਸ ਨੇ ਸਾਲ 2017 ’ਚ ਮੁੜ ਸੂਬੇ ਦੀ ਕਮਾਨ ਸੰਭਾਲੀ। ਕਾਂਗਰਸ ਨੂੰ ਸ਼ਹਿਰਾਂ ਨਾਲ ਸਬੰਧਤ ਸੀਟਾਂ ਜਿਤਾਉਣ ’ਚ ਹਿੰਦੂ ਵਰਗ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਟਿਫਨ ਬੰਬ ਮਿਲਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ, DGP ਨੇ ਲੋਕਾਂ ਨੂੰ ਕੀਤੀ ਅਪੀਲ (ਤਸਵੀਰਾਂ)

ਉਂਝ ਤਾਂ ਕੈਪਟਨ-ਸਿੱਧੂ ਟਕਰਾਅ ’ਚ ਮੁੱਖ ਮੰਤਰੀ ਨੇ ਵੀ ਸਿੱਧੂ ਦੇ ਪ੍ਰਧਾਨ ਦੀ ਕੁਰਸੀ ਵੱਲ ਵਧਦੇ ਕਦਮਾਂ ਨੂੰ ਰੋਕਣ ਲਈ ਹਿੰਦੂ ਕਾਰਡ ਖੇਡਦੇ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ, ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਾਵਾਂ ਦੀ ਚਰਚਾ ਛੇੜੀ, ਉੱਧਰ ਆਪਣੇ ਮੁਕਾਬਲੇਬਾਜ਼ ਮੰਨੇ ਜਾਂਦੇ ਅਸ਼ਵਨੀ ਸੇਖੜੀ ਨੂੰ ਬਿਨਾਂ ਸ਼ਰਤ ਸਮਰਥਨ ਦਿੰਦੇ ਹੋਏ ਉਨ੍ਹਾਂ ਦਾ ਨਾਂ ਵੀ ਪ੍ਰਧਾਨ ਅਹੁਦੇ ਲਈ ਹਾਈ ਕਮਾਨ ਦੇ ਸਾਹਮਣੇ ਪੇਸ਼ ਕੀਤਾ। ਕੈਪਟਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਦੀ ਪ੍ਰਧਾਨਗੀ ’ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਹੁਣ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਦੋਵੇਂ ਮਹੱਤਵਪੂਰਨ ਅਹੁਦੇ ਜੱਟ ਬਿਰਾਦਰੀ ਦੇ ਹੱਥਾਂ ’ਚ ਆ ਗਏ ਹਨ, ਜਿਸ ਤੋਂ ਬਾਅਦ ਸੂਬੇ ਦੇ ਹਿੰਦੂ ਵਰਗ ’ਚ ਅੰਦਰਖਾਤੇ ਰੋਸ ਫੈਲ ਗਿਆ ਹੈ ਅਤੇ ਕਾਂਗਰਸ ਦੇ ਹਿੰਦੂ ਵਿਰੋਧੀ ਹੋਣ ਦੀ ਭਾਵਨਾ ਨੂੰ ਬਲ ਮਿਲਿਆ ਹੈ।

ਇਹ ਵੀ ਪੜ੍ਹੋ : ਨੂਰਮਹਿਲ ਤੋਂ ਵੱਡੀ ਖ਼ਬਰ : ਤੜਕੇ ਸਵੇਰੇ ਘਰ 'ਚ ਵੜ ਕੇ ਗੋਲੀਆਂ ਨਾਲ ਭੁੰਨਿਆ ਨੌਜਵਾਨ, ਇਲਾਕੇ 'ਚ ਫੈਲੀ ਦਹਿਸ਼ਤ

ਬੇਸ਼ੱਕ ਸਿੱਧੂ ਪ੍ਰਧਾਨਗੀ ਹਾਸਲ ਕਰਨ ਦੀ ਲੜਾਈ ’ਚ ਬਾਜ਼ੀ ਮਾਰਨ ’ਚ ਸਫਲ ਰਹੇ ਪਰ ਕਾਰਜਭਾਰ ਸੰਭਾਲਣ ਦੇ ਬਾਅਦ ਤੋਂ ਉਹ ਅਜੇ ਤੱਕ ਹਿੰਦੂ ਵਰਗ ਦੀ ਨਬਜ਼ ਫੜਨ ’ਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਸਿੱਧੂ ਨੇ ਬੜੀ ਬੇਬਾਕੀ ਤੇ ਜਾਣੇ-ਪਛਾਣੇ ਅੰਦਾਜ਼ ਨਾਲ ਹਾਈਕਮਾਨ ਵੱਲੋਂ ਸੌਂਪੇ 16 ਸੂਤਰੀ ਏਜੰਡੇ ’ਚੋਂ ਬਰਗਾੜੀ ਕਾਂਡ, ਬਿਜਲੀ ਸਮਝੌਤਿਆਂ ਸਮੇਤ 5 ਸੂਤਰੀ ਪ੍ਰਮੁੱਖ ਕੰਮਾਂ ਦਾ ਏਜੰਡਾ ਮੁੱਖ ਮੰਤਰੀ ਦੇ ਸਾਹਮਣੇ ਪੇਸ਼ ਕੀਤਾ ਪਰ ਉਹ ਅਜੇ ਤੱਕ ਸ਼ਹਿਰੀ ਤੇ ਹਿੰਦੂ ਵਰਗ ਦੀ ਆਵਾਜ਼ ਨਹੀਂ ਬਣ ਸਕੇ ਹਨ। ਸਿੱਧੂ ਨੇ ਸੂਬੇ ਦੀ ਬੰਦ ਹੁੰਦੀ ਇੰਡਸਟਰੀ, ਟਰੇਡ ਅਤੇ ਵਪਾਰ ਦੇ ਹਾਲਾਂਤ ’ਤੇ ਚੁੱਪ ਧਾਰ ਰੱਖੀ ਹੈ। ਓਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਹਿੰਦੂ ਕੇਡਰ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦਾ ਚੇਅਰਮੈਨ ਬਣਾ ਕੇ ਪਾਰਟੀ ਨਾਲੋਂ ਲਗਾਤਾਰ ਦੂਰ ਕੀਤੇ ਜਾ ਰਹੇ ਹਿੰਦੂ ਨੇਤਾਵਾਂ ਵਿਚ ਇਕ ਉਮੀਦ ਜਗਾਈ ਹੈ ਕਿ ਸ਼ਾਇਦ ਹੁਣ ਕਾਂਗਰਸ ਵਿਚ ਸੇਖੜੀ ਵਾਂਗ ਉਨ੍ਹਾਂ ਨੂੰ ਵੀ ਮਾਣ-ਸਨਮਾਨ ਮਿਲੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

DIsha

This news is Content Editor DIsha