ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਹਾਈਕੋਰਟ ਜਾਵਾਂਗੇ : ਪੀੜਤ ਪਰਿਵਾਰ

01/13/2018 9:33:53 PM

ਈਸੜੂ/ਬੀਜਾ (ਬੈਨੀਪਾਲ/ਬਿਪਨ)— ਬੀਤੇ ਐਤਵਾਰ ਨੂੰ ਰਾਤ ਸਮੇਂ ਪਿੰਡ ਜਲਾਜਣ ਵਿਖੇ ਵਾਪਰੇ ਗੋਲੀ ਕਾਂਡ 'ਚ ਜ਼ਖਮੀ ਹੋਏ ਜਤਿੰਦਰ ਸਿੰਘ ਉਸ ਦੀ ਪਤਨੀ ਸਵਰਨਜੀਤ ਕੌਰ ਪੁੱਤਰ ਗੁਰਵਿੰਦਰ ਸਿੰਘ ਤੇ ਅਮਨਿੰਦਰ ਸਿੰਘ ਨੂੰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਤੋਂ ਛੁੱਟੀ ਮਿਲਣ ਉਪਰੰਤ ਘਰੇ ਪੁੱਜਣ ਤੇ ਉਨਾਂ ਅਤੇ ਜਤਿੰਦਰ ਸਿੰਘ ਦੇ ਭਰਾ ਬਲਵਿੰਦਰ ਸਿੰਘ ਨੇ ਪ੍ਰੈੱਸ ਕਾਂਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ 7 ਜਨਵਰੀ ਨੂੰ ਦਲਜੀਤ ਸਿੰਘ ਜੀਤਾ ਨੇ ਸਾਡੇ ਘਰ 'ਤੇ ਹਮਲਾ ਕਰਕੇ ਸਾਨੂੰ ਸਾਰਿਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਨਾਲ ਸਾਰੇ ਮੈਂਬਰਾਂ ਦਾ ਬਚਾਅ ਹੋ ਗਿਆ। 
ਉਨ੍ਹਾਂ ਕਿਹਾ ਕਿ ਹਮਲੇ ਸਮੇਂ ਦਲਜੀਤ ਸਿੰਘ ਜੀਤੇ ਦੇ ਨਾਲ ਥਾਣੇਦਾਰ ਸੋਹਣ ਸਿੰਘ ਅਤੇ ਉਸ ਦਾ ਲੜਕਾ ਵਰਿੰਦਰਜੀਤ ਸਿੰਘ ਵੀ ਨਾਲ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅਸੀਂ ਉਸੇ ਦਿਨ ਤੋਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦੇ ਆ ਰਹੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ। ਸਗੋਂ ਪੁਲਸ ਦੇ ਉੱਚ ਅਧਿਕਾਰੀ ਥਾਣੇਦਾਰ ਸੋਹਣ ਸਿੰਘ ਅਤੇ ਉਸ ਦੇ ਪੁੱਤਰ ਵਰਿੰਦਰਜੀਤ ਸਿੰਘ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੀ ਹੈ। 
ਪੀੜਤ ਪਰਿਵਾਰ ਨੇ ਕਿਹਾ ਕਿ ਸੋਹਣ ਸਿੰਘ ਦੀਆਂ ਪਿਛਲੇ ਸਮੇਂ ਦੀਆਂ ਹੁਣ ਤੱਕ ਦੀਆਂ ਮੋਬਾਇਲ ਡਟੇਲ ਅਤੇ ਲੋਕੇਸ਼ਨਾਂ ਕਢਵਾਈਆਂ ਜਾਣ ਤਾਂ ਉਸ ਤੋਂ ਸਿੱਧ ਹੋ ਜਾਵੇਗਾ ਕਿ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਉਸ ਦਾ ਰਾਬਤਾ ਕਾਇਮ ਸੀ। ਉਨ੍ਹਾਂ ਕਿਹਾ ਕਿ ਸੋਹਣ ਸਿੰਘ, ਵਾਪਰੇ ਗੋਲੀ ਕਾਂਡ ਤੋਂ ਬਾਅਦ ਪੁਲਸ ਚਂਕੀ ਈਸੜੂ ਵਿਚ ਮੌਜੂਦ ਰਿਹਾ, ਪਰ ਪੁਲਸ ਨੇ ਉਸ ਦੀ ਅਤੇ ਉਸ ਦੇ ਲੜਕੇ ਦੀ ਗ੍ਰਿਫਤਾਰੀ ਨਹੀਂ ਪਾਈ, ਪਤਾ ਨਹੀਂ ਕਿਉਂ। 
ਬਲਵਿੰਦਰ ਸਿੰਘ ਨੇ ਕਿਹਾ ਕਿ ਥਾਣੇਦਾਰ ਸੋਹਣ ਸਿੰਘ ਤੇ ਉਸ ਦੇ ਲੜਕੇ ਵਰਿੰਦਰਜੀਤ ਸਿੰਘ ਖਿਲਾਫ ਕਾਰਵਾਈ ਕਰਨ ਦਾ ਡੀ.ਐੱਸ.ਪੀ. ਜਗਵਿੰਦਰ ਸਿੰਘ ਚੀਮਾ ਨੇ ਭਰੋਸਾ ਦਿੱਤਾਂ ਤਦ ਹੀ ਪਿੰਡ ਵਾਸੀਆਂ ਨੇ ਧਰਨਾ ਲਗਾਉਣ ਦਾ ਆਪਣਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਗਰ ਪੁਲਸ ਪ੍ਰਸਾਸ਼ਨ ਨੇ ਚਾਰੇ ਹਮਲਾਵਰਾਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਹ ਹਾਈਕੋਰਟ ਦਾ ਦਰਵਾਜਾਂ ਖੜਕਾਉਣ ਤੋਂ ਇਲਾਵਾ ਸੜਕਾਂ ਤੇ ਰੋਸ ਧਰਨੇ ਲਗਾਉਣ ਲਈ ਮਜਬੂਰ ਹੋਣਗੇ। ਇਸ ਸਬੰਧੀ ਐੱਸ.ਐੱਚ.ਓ. ਸਦਰ ਖੰਨਾ ਵਿਨੋਦ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਜਾਂਚ ਜਾਰੀ ਹੈ, ਜੇਕਰ ਥਾਣੇਦਾਰ ਸੋਹਣ ਸਿੰਘ ਦੋਸ਼ੀ ਪਾਇਆ ਗਿਆ ਤਾਂ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।