ਜੇਕਰ ਚੌਲਾਂ ਦੀ ਡਲਿਵਰੀ ਨਾ ਹੋਈ ਤਾਂ ਕੋਰੋਨਾ ਤੋਂ ਵੀ ਵੱਡਾ ਸੰਕਟ ਹੋਵੇਗਾ ਪੈਦਾ : ਸਤ ਪ੍ਰਕਾਸ਼ ਗੋਇਲ

04/05/2020 9:24:59 PM

ਪਟਿਆਲਾ,(ਰਾਜੇਸ਼)- ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਜੇਕਰ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਪੰਜਾਬ ਦੇ ਸ਼ੈਲਰਾਂ ’ਚੋਂ ਚੌਲਾਂ ਦੀ ਡਲਿਵਰੀ ਨਾ ਸ਼ੁਰੂ ਕੀਤੀ ਤਾਂ ਦੇਸ਼ ਵਿਚ ਕੋਰੋਨਾ ਤੋਂ ਵੀ ਵੱਡਾ ਸੰਕਟ ਪੈਦਾ ਹੋ ਜਾਵੇਗਾ ਅਤੇ ਚੌਲ ਖਰਾਬ ਹੋ ਜਾਣਗੇ ਕਿਉਂਕਿ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਸੁੱਸਰੀ ਪੈਦਾ ਹੋਣ ਦਾ ਖਤਰਾ ਵੱਧ ਜਾਵੇਗਾ ਅਤੇ ਹਜ਼ਾਰਾਂ ਟਨ ਝੋਨਾ ਅਤੇ ਤਿਆਰ ਚੌਲ ਖਰਾਬ ਹੋ ਸਕਦੇ ਹਨ। ਗੱਲਬਾਤ ਕਰਦਿਆਂ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਸਤ ਪ੍ਰਕਾਸ਼ ਗੋਇਲ ਨੇ ਕਿਹਾ ਕਿ ਪੰਜਾਬ ਵਿਚ 4 ਹਜ਼ਾਰ ਦੇ ਲਗਭਗ ਸ਼ੈਲਰ ਹਨ, ਜਿਨ੍ਹਾਂ ਵਿਚ ਪੰਜਾਬ ਸਰਕਾਰ ਦੀ 170 ਲੱਖ ਟਨ ਜ਼ੀਰੀ ਸਟੋਰ ਹੋਈ ਹੈ, ਜਿਸ ’ਚੋਂ ਸ਼ੈਲਰ ਮਾਲਕਾਂ ਨੇ ਅੱਧੇ ਚੌਲ ਤਿਆਰ ਕਰ ਕੇ ਕੇਂਦਰ ਸਰਕਾਰ ਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) ਨੂੰ ਦੇ ਦਿੱਤਾ ਹੈ ਜਦੋਂ ਕਿ 85 ਲੱਖ ਟਨ ਜ਼ੀਰੀ ਬਕਾਇਆ ਸ਼ੈਲਰਾਂ ਵਿਚ ਪਈ ਹੈ। ਕੋਰੋਨਾ ਸੰਕਟ ਕਾਰਣ ਸ਼ੈਲਰ ਇੰਡਸਟਰੀ ਬੰਦ ਪਈ ਹੈ ਪਰ ਰਾਈਸ ਮਿਲਰਾਂ ਨੂੰ ਆਪਣੇ ਮਜ਼ਦੂਰਾਂ ਨੂੰ ਤਨਖਾਹ ਅਤੇ ਉਨ੍ਹਾਂ ਨੂੰ ਰੋਟੀ ਦੇਣੀ ਪੈ ਰਹੀ ਹੈ। ਰਾਈਸ ਮਿਲਰ ਆਪਣੀ ਸਮਾਜਕ ਜ਼ਿੰਮੇਵਾਰੀ ਸਮਝਦੇ ਹੋਏ ਮਜ਼ਦੂਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਰਹੇ ਹਨ ਪਰ ਇਹ ਸਿਲਸਿਲਾ ਜ਼ਿਆਦਾ ਦੇਰ ਨਹੀਂ ਚੱਲਣਾ ਕਿਉਂਕਿ ਰਾਈਸ ਮਿਲਰਾਂ ਦੀ ਵੀ ਇਕ ਲਿਮਟ ਹੈ।

ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਐੱਫ. ਸੀ. ਆਈ. ਨੂੰ ਹੁਕਮ ਜਾਰੀ ਕਰੇ ਕਿ ਉਹ ਸ਼ੈਲਰਾਂ ਤੋਂ ਚੌਲ ਚੁੱਕੇ। ਜੇਕਰ ਸਮੇਂ ਸਿਰ ਐੱਫ. ਸੀ. ਆਈ. ਨੇ ਠੋਸ ਕਦਮ ਨਾ ਚੁੱਕੇ ਤਾਂ ਸ਼ੈਲਰਾਂ ਵਿਚ ਪਈ ਜ਼ੀਰੀ ਖਰਾਬ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਮਜ਼ਦੂਰ ਭੱਜਣੇ ਸ਼ੁਰੂ ਹੋ ਜਾਣਗੇ, ਜਿਸ ਦਾ ਵੱਡਾ ਖਮਿਆਜ਼ਾ ਦੇਸ਼ ਨੂੰ ਭੁਗਤਣਾ ਪਵੇਗਾ। ਸਤ ਪ੍ਰਕਾਸ਼ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਇਸ ਮਾਮਲੇ ਵਿਚ ਦਖਲ ਦੇ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਗੱਲ ਕਰਨ।


Bharat Thapa

Content Editor

Related News