ਪਰਾਲੀ ਸਾੜਣ ਬਾਰੇ ''ਆਪ'' ਦੋਗਲੀ ਬੋਲੀ ਨਾ ਬੋਲੇ, ਜੇ ਉਸ ਨੂੰ ਸੱਚੀ ਹਮਦਰਦੀ ਹੈ ਤਾਂ ਮਦਦ ਕਰੇ

11/11/2017 7:25:33 AM

ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਨੂੰ ਪੁੱਛਿਆ ਕਿ ਉਹ ਸਪੱਸ਼ਟ ਕਰੇ ਕਿ ਪਰਾਲੀ ਸਾੜਣ ਦੇ ਮੁੱਦੇ ਉੱਤੇ ਸੁਖਪਾਲ ਖਹਿਰਾ ਦੀ ਅਗਵਾਈ ਵਾਲੀ ਪੰਜਾਬ ਇਕਾਈ ਸਹੀ ਹੈ ਜਾਂ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ? ਪਾਰਟੀ ਨੇ ਕਿਹਾ ਕਿ ਆਪ ਆਪਣੀ ਦੋਗਲੀ ਬੋਲੀ ਦੇ ਸੱਭਿਆਚਾਰ ਨਾਲ ਅਜੇ ਵੀ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜਿਸ ਤਰ੍ਹਾਂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ 'ਆਪ' ਦੀ ਪੰਜਾਬ ਇਕਾਈ ਤੇ ਦਿੱਲੀ ਵਾਲੀ ਇਕਾਈ ਵੱਖੋ-ਵੱਖਰੀ ਬੋਲੀ ਬੋਲ ਰਹੀਆਂ ਸਨ, ਹੁਣ ਉਸੇ ਤਰ੍ਹਾਂ ਪਰਾਲੀ ਸਾੜਣ ਦੇ ਮੁੱਦੇ ਉੱਤੇ 'ਆਪ' ਦੀਆਂ ਦੋਵੇਂ ਇਕਾਈਆਂ ਨੇ ਵੱਖਰੇ ਸਟੈਂਡ ਲਏ ਹਨ। ਇਹ ਸਭ ਉਨ੍ਹਾਂ ਵਲੋਂ ਆਪੋ ਆਪਣੇ ਵੋਟਰਾਂ ਨੂੰ ਮੂਰਖ ਬਣਾਉਣ ਲਈ ਖੇਡੀ ਜਾ ਰਹੀ ਚਾਲ ਹੈ, ਜਿਸ ਅਨੁਸਾਰ ਖਹਿਰਾ ਨੇ ਕਿਸਾਨਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਉਨ੍ਹਾਂ ਨਾਲ ਖੜ੍ਹਾ ਹੈ ਜਦਕਿ ਅਰਵਿੰਦ ਕੇਜਰੀਵਾਲ ਚਾਹੁੰਦਾ ਹੈ ਕਿ ਪਰਾਲੀ ਸਾੜਣ ਉੱਤੇ ਤੁਰੰਤ ਰੋਕ ਲਾਈ ਜਾਵੇ।
ਦੋਗਲੀ ਬੋਲੀ ਬੋਲ ਕੇ 'ਆਪ' ਨੂੰ ਪੰਜਾਬੀਆਂ ਨੂੰ ਮੂਰਖ ਬਣਾਉਣ ਤੋਂ ਵਰਜਦਿਆਂ ਮਲੂਕਾ ਨੇ ਕਿਹਾ ਕਿ ਜੇ 'ਆਪ' ਚਾਹੁੰਦੀ ਹੈ ਕਿ ਉਸ ਨੂੰ ਗੰਭੀਰਤਾ ਨਾਲ ਲਿਆ ਜਾਵੇ, ਤਾਂ ਉਸ ਨੂੰ ਇਕ ਆਵਾਜ਼ ਵਿਚ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਪੰਜਾਬੀ ਕਿਸਾਨਾਂ ਦੀ ਮਾੜੀ ਹਾਲਤ ਨੂੰ ਲੈ ਕੇ ਸੱਚਮੁੱਚ ਫਿਕਰਵੰਦ ਹੈ ਤਾਂ ਉਸ ਨੂੰ ਆਪਣੀ ਸਰਕਾਰ ਵਲੋਂ ਕਿਸਾਨਾਂ ਲਈ ਤੁਰੰਤ ਵਿੱਤੀ ਸਹਾਇਤਾ ਦਾ ਐਲਾਨ ਕਰਨਾ ਚਾਹੀਦਾ ਹੈ। ਜੇਕਰ ਕੇਜਰੀਵਾਲ ਪੰਜਾਬੀ ਕਿਸਾਨਾਂ ਨੂੰ ਕੋਈ ਵੀ ਵਿੱਤੀ ਮਦਦ ਕਰੇ ਬਗੈਰ ਫੋਕੀ ਸ਼ੌਹਰਤ ਵਾਸਤੇ ਉੁਨ੍ਹਾਂ ਨਾਲ ਹਮਦਰਦੀ ਦਾ ਢੋਲ ਪਿੱਟਦਾ ਹੈ ਤਾਂ ਸਪੱਸ਼ਟ ਹੋ ਜਾਵੇਗਾ ਕਿ 'ਆਪ' ਸਿਰਫ ਪੰਜਾਬ ਤੇ ਦਿੱਲੀ ਦੇ ਵੋਟਰਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ ਅਤੇ ਇਸ ਨੂੰ ਪੰਜਾਬ ਦੇ ਕਿਸਾਨਾਂ ਜਾਂ ਦਿੱਲੀ ਦੇ ਲੋਕਾਂ ਦੀ ਰੱਤੀ ਭਰ ਵੀ ਚਿੰਤਾ ਨਹੀਂ ਹੈ। 'ਆਪ' ਨੂੰ ਤੁਰੰਤ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਦਿਆਂ ਮਲੂਕਾ ਨੇ ਕਿਹਾ ਕਿ ਝੂਠੀ ਹਮਦਰਦੀ ਪੰਜਾਬੀ ਕਿਸਾਨਾਂ ਦਾ ਇਹ ਵਿਸ਼ਵਾਸ ਹੋਰ ਪੱਕਾ ਕਰ ਦੇਵੇਗੀ ਕਿ 'ਆਪ' ਨੂੰ ਉਨ੍ਹਾਂ ਦੀ ਮਾੜੀ ਹਾਲਤ ਦੀ ਕੋਈ ਚਿੰਤਾ ਨਹੀਂ, ਉਹ ਸਿਰਫ ਕਿਸਾਨੀ ਦੇ ਦੁੱਖਾਂ ਉੱਤੇ ਸਿਆਸਤ ਕਰਨ ਵਿਚ ਦਿਲਚਸਪੀ ਰੱਖਦੀ ਹੈ।