ਗਰੀਬ ਵਿਦਿਆਰਥੀ ਨੇ ਫੀਸ ਵਾਪਸ ਲੈਣ ਲਈ ਕੱਢੇ ਇੰਸਟੀਚਿਊਟ ਅੱਗੇ ਤਰਲੇ, ਨਹੀਂ ਮੰਨੇ ਤਾਂ ਚੁੱਕਿਆ ਖੌਫਨਾਕ ਕਦਮ

Monday, Aug 07, 2017 - 07:04 PM (IST)

ਗਰੀਬ ਵਿਦਿਆਰਥੀ ਨੇ ਫੀਸ ਵਾਪਸ ਲੈਣ ਲਈ ਕੱਢੇ ਇੰਸਟੀਚਿਊਟ ਅੱਗੇ ਤਰਲੇ, ਨਹੀਂ ਮੰਨੇ ਤਾਂ ਚੁੱਕਿਆ ਖੌਫਨਾਕ ਕਦਮ

ਬਠਿੰਡਾ (ਬਲਵਿੰਦਰ)— ਗਰੀਬ ਪਰਿਵਾਰ ਦੇ ਵਿਦਿਆਰਥੀ ਨੇ ਫੀਸ ਵਾਪਸ ਲੈਣ ਲਈ ਇੰਸਟੀਚਿਊਟ ਦੇ ਤਰਲੇ ਕੱਢੇ ਪਰ ਜਦੋਂ ਉਹ ਨਹੀਂ ਮੰਨੇ ਤਾਂ ਉਸ ਨੇ ਖੌਫਨਾਕ ਕਦਮ ਚੁੱਕ ਲਿਆ, ਜਿਸ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਜੀ. ਟੀ. ਰੋਡ 'ਤੇ ਸਥਿਤ ਚੰਡੀਗੜ੍ਹ ਦੇ ਇਕ ਆਈਲੈਟਸ ਇਸਟੀਚਿਊਟ 'ਚ ਫੀਸ ਨੂੰ ਲੈ ਕੇ ਇਕ ਵਿਦਿਆਰਥੀ ਨੇ ਆਪਣੇ-ਆਪ 'ਤੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਪਰੰਤੂ ਸਾਥੀ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੇ ਉਸ ਨੂੰ ਅੱਗ ਲਗਾਉਣ ਤੋਂ ਰੋਕ ਲਿਆ। ਮੌਕੇ 'ਤੇ ਪੁਲਸ ਪਾਰਟੀ ਵੀ ਪਹੁੰਚੀ ਅਤੇ ਅਗਲੀ ਕਾਰਵਾਈ ਜਾਰੀ ਹੈ।
ਪਿੰਡ ਰੁਪਾਣਾ (ਸ੍ਰੀ ਮੁਕਤਸਰ ਸਾਹਿਬ) ਦੇ ਇਕ ਗਰੀਬ ਕਿਸਾਨ ਵਿਦਿਆਰਥੀ ਹਰਮੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਨਾਮਾਤਰ ਹੀ ਜ਼ਮੀਨ ਹੈ ਤੇ ਉਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਘਰ ਦਾ ਖਰਚਾ ਵੀ ਬੜੀ ਮੁਸ਼ਕਿਲ ਨਾਲ ਚਲਦਾ ਹੈ। ਜੁਲਾਈ ਮਹੀਨੇ 'ਚ ਉਸ ਨੇ ਬੱਸ ਅੱਡਾ ਨੇੜੇ ਇਕ ਆਈਲੈਟਸ ਇੰਸਟੀਟਿਊਟ 'ਚ ਆਈਲੈਟਸ ਕੋਰਸ ਕਰਨ ਲਈ ਦਾਖਲਾ ਲਿਆ ਸੀ। ਜਿਸ ਦੀ ਫੀਸ ਦੀ ਵੀ ਕਰੀਬ 15 ਹਜ਼ਾਰ ਰੁਪਏ ਭਰ ਦਿੱਤੀ ਗਈ ਸੀ। ਉਹ ਇਕ ਹਫਤਾ ਇੰਸਟੀਚਿਊਟ ਵਿਚ ਆਉਂਦਾ ਰਿਹਾ ਪਰ ਉਸ ਵਾਸਤੇ ਰੋਜ਼ਾਨਾ ਬਠਿੰਡਾ ਆਉਣਾ ਬੜਾ ਮੁਸ਼ਕਿਲ ਸੀ, ਕਿਉਂਕਿ ਉਹ ਰੋਜ਼ਾਨਾ ਦਾ ਖਰਚਾ ਝੱਲਣ ਦੇ ਕਾਬਲ ਵੀ ਨਹੀਂ ਸੀ। ਇਸ ਲਈ ਉਸ ਨੇ ਇੰਸਟੀਚਿਊਟ ਦੇ ਮੈਨੇਜਰ ਨੂੰ ਕੋਰਸ ਨਾ ਕਰਨ ਦੀ ਦਰਖਾਸਤ ਦਿੱਤੀ ਅਤੇ ਨਾਲ ਹੀ ਬੇਨਤੀ ਕੀਤੀ ਕਿ ਬਣਦੀ ਫੀਸ ਕੱਟ ਕੇ ਬਾਕੀ ਫੀਸ ਉਸ ਨੂੰ ਵਾਪਸ ਕੀਤੀ ਜਾਵੇ। ਹਰਮੀਤ ਸਿੰਘ ਨੇ ਦੱਸਿਆ ਕਿ ਮੈਨੇਜਰ ਨੇ ਫੀਸ ਵਾਪਸ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਪਰ ਉਹ ਫੀਸ ਛੱਡਣ ਦੇ ਸਮਰਥ ਨਹੀਂ ਸੀ। ਇਸ ਲਈ ਉਹ ਫੀਸ ਵਾਪਸ ਲੈਣ ਖਾਤਰ ਵਾਰ-ਵਾਰ ਚੱਕਰ ਕੱਢਦਾ ਰਿਹਾ।
ਵਿਦਿਆਰਥੀ ਨੇ ਅੱਗੇ ਦੱਸਿਆ ਕਿ ਅੱਜ ਉਹ ਆਪਣੀ ਮਾਂ ਤੇ ਭੈਣ ਨੂੰ ਵੀ ਨਾਲ ਲੈ ਕੇ ਆਇਆ। ਸਾਰੇ ਪਰਿਵਾਰ ਨੇ ਇੰਸਟੀਟਿਊਟ ਪ੍ਰਬੰਧਕਾਂ ਨੂੰ ਤਰਲਾ ਪਾਇਆ ਕਿ ਫੀਸ ਵਾਪਸ ਕੀਤੀ ਜਾਵੇ, ਪਰ ਉਹ ਨਹੀਂ ਮੰਨੇ। ਅੰਤ ਉਹ ਪੈਟਰੋਲ ਲੈ ਕੇ ਆਇਆ ਤੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਮਜਬੂਰੀ ਵੱਸ ਉਸ ਨੂੰ ਇਹ ਕਦਮ ਚੁੱਕਣਾ ਪਿਆ। ਉਸ ਨੇ ਦੱਸਿਆ ਕਿ ਅੰਤ ਵਿਚ ਸਮਝੌਤਾ ਕਰਕੇ ਪ੍ਰਬੰਧਕਾਂ ਨੇ ਉਸ ਨੂੰ ਬਕਾਇਆ ਫੀਸ ਵਾਪਸ ਕਰ ਦਿੱਤੀ ਹੈ।

ਵਿਦਿਆਰਥੀ ਖਿਲਾਫ ਹੋਵੇ ਕਾਨੂੰਨੀ ਕਾਰਵਾਈ-ਮੈਨੇਜਰ
-ਇੰਸਟੀਚਿਊਟ ਦੇ ਮੈਨੇਜਰ ਅਰਪਿਤਾ ਬਹਿਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਵਿਦਿਆਰਥੀ ਨੇ ਆਪਣੀ ਮਰਜ਼ੀ ਨਾਲ ਫੀਸ ਭਰੀ ਸੀ, ਫਿਰ ਕੋਰਸ ਵਿਚਕਾਰ ਛੱਡ ਦਿੱਤਾ। ਉਨ੍ਹਾਂ ਫੀਸ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਨਿਯਮਾਂ ਅਨੁਸਾਰ ਕੋਰਸ ਵਿਚਕਾਰ ਛੱਡਣ ਵਾਲੇ ਕਿਸੇ ਵੀ ਵਿਦਿਆਰਥੀ ਨੂੰ ਫੀਸ ਵਾਪਸ ਨਹੀਂ ਕੀਤੀ ਜਾਂਦੀ। ਇਸ ਦੇ ਬਾਵਜੂਦ ਉਕਤ ਨੇ ਇੰਸਟੀਟਿਊਟ ਵਿਚ ਹੰਗਾਮਾ ਕੀਤਾ ਤੇ ਗੈਰਕਾਨੂੰਨੀ ਘਟਨਾ ਨੂੰ ਅੰਜਾਮ ਦਿੱਤਾ। ਇਸ ਲਈ ਉਕਤ ਵਿਰੁੱਧ ਕਾਨੂੰਨੀ ਕਾਰਾਵਾਈ ਕੀਤੀ ਜਾਵੇ।

ਕੀ ਕਹਿੰਦੇ ਹਨ ਪੁਲਸ ਅਧਿਕਾਰੀ :
-ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਇੰਸਟੀਚਿਊਟ ਵਿਚ ਗਏ ਸਨ, ਜਿੱਥੇ ਵਿਦਿਆਰਥੀ ਨੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਬਚਤ ਰਹਿ ਗਈ। ਉਨ੍ਹਾਂ ਪੈਟਰੋਲ ਦੀ ਕੈਨੀ ਅਤੇ ਹੋਰ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇੰਸਟੀਚਿਊਟ ਦੇ ਮੈਨੇਜਰ ਵਲੋਂ ਸ਼ਿਕਾਇਤ ਮਿਲੀ ਹੈ ਕਿ ਉਕਤ ਵਿਰੁੱਧ ਕਾਰਵਾਈ ਕੀਤੀ ਜਾਵੇ। ਵਿਦਿਆਰਥੀ ਦਾ ਬਿਆਨ ਦਰਜ ਕਰਨ ਬਾਕੀ ਹੈ। ਉਸ ਤੋਂ ਬਾਅਦ ਜਾਂਚ ਰਿਪੋਰਟ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


Related News