ਆਈਫੋਨ ''ਚ ਲੁਕੋ ਕੇ ਹੈਰੋਇਨ ਵੇਚਣ ਆਈ ਕਾਬੂ

01/09/2018 7:31:23 AM

ਜਲੰਧਰ, (ਪ੍ਰੀਤ)- ਸ਼ਹਿਰ 'ਚ ਹੈਰੋਇਨ ਦੀ ਸਪਲਾਈ ਦੇਣ ਆਈ ਔਰਤ ਨੂੰ ਥਾਣਾ ਨੰਬਰ 8 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਔਰਤ ਕੋਲੋਂ ਪੁਲਸ ਨੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਏ. ਡੀ. ਸੀ. ਪੀ. ਸਿਟੀ.-1 ਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਨੰਬਰ 8 ਦੇ ਐੱਸ. ਐੱਚ. ਓ. ਨਵਦੀਪ ਸਿੰਘ ਦੀ ਅਗਵਾਈ 'ਚ ਫੋਕਲ ਪੁਆਇੰਟ ਚੌਕੀ ਇੰਚਾਰਜ ਏ. ਐੱਸ. ਆਈ. ਸੰਜੀਵ ਕੁਮਾਰ ਤੇ ਏ. ਐੱਸ. ਆਈ. ਸੁਖਚੈਨ ਕੌਰ ਨੇ ਪੁਲਸ ਟੀਮ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਪਠਾਨਕੋਟ ਰੋਡ ਵਲੋਂ ਆ ਰਹੀ ਔਰਤ ਜੋਗਿੰਦਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਪਿੰਡ ਦੌਲੋਵਾਲ, ਫਤਿਹਗੜ੍ਹ ਪੰਚਤੂਰ, ਮੋਗਾ ਨੂੰ ਗ੍ਰਿਫਤਾਰ ਕੀਤਾ। 
ਮਹਿਲਾ ਪੁਲਸ ਕਰਮਚਾਰੀ ਏ. ਐੱਸ. ਆਈ. ਸੁਖਚੈਨ ਕੌਰ ਨੇ ਤਲਾਸ਼ੀ ਲਈ ਤਾਂ ਜੋਗਿੰਦਰ ਕੌਰ ਕੋਲੋਂ ਆਈਫੋਨ ਤੇ ਉਸ 'ਚ ਲੁਕਾਈ ਗਈ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਮੋਗਾ ਦੇ ਪਿੰਡ ਦੋਲੋਵਾਲ ਤੋਂ ਇਥੇ ਹੈਰੋਇਨ ਦੀ ਸਪਲਾਈ ਦੇਣ ਆਈ ਸੀ। ਪੁਲਸ ਨੇ ਮੁਲਜ਼ਮ ਔਰਤ ਦਾ ਪੁਲਸ ਰਿਮਾਂਡ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਉਹ ਹੈਰੋਇਨ ਕਿਥੋਂ ਖਰੀਦ ਕੇ ਲਿਆਉਂਦੀ ਸੀ ਤੇ ਕਿਨ੍ਹਾਂ ਨੂੰ ਸਪਲਾਈ ਕਰਦੀ ਸੀ। ਜੋਗਿੰਦਰ ਕੌਰ ਖਿਲਾਫ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ।