ਬਾਬੇ ਵਾਲੇ ਚੋਲੇ 'ਚ ਕਰਦਾ ਸੀ ਕਾਲਾ ਧੰਦਾ, ਜਦੋਂ ਚੜ੍ਹਿਆ ਪੁਲਸ ਹੱਥੇ ਤਾਂ ਖੁੱਲ੍ਹ ਗਏ ਸਾਰੇ ਭੇਤ

04/15/2023 6:42:51 PM

ਸੁਲਤਾਨਪੁਰ ਲੋਧੀ (ਸੋਢੀ)-ਪੁਲਸ ਨੇ ਬਾਬੇ ਵਾਲਾ ਚੋਲਾ ਪਾ ਕੇ ਗੈਰ-ਕਾਨੂੰਨੀ ਧੰਦਾ ਕਰਨ ਵਾਲੇ ਪਾਖੰਡੀ ਬਾਬੇ ਨੂੰ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 1 ਰਿਵਾਲਵਰ, 5 ਗ੍ਰਾਮ ਹੈਰੋਇਨ ਅਤੇ 7000 ਡਰੱਗ ਮਨੀ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਨਵ-ਨਿਯੁਕਤ ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਰਾਜਪਾਲ ਸਿੰਘ ਸੰਧੂ ਦੇ ਹੁਕਮਾਂ ’ਤੇ ਐੱਸ. ਪੀ. (ਡੀ.) ਹਰਵਿੰਦਰ ਸਿੰਘ ਦੀ ਅਗਵਾਈ ’ਚ ਨਵ-ਨਿਯੁਕਤ ਥਾਣਾ ਮੁਖੀ ਸੁਲਤਾਨਪੁਰ ਲੋਧੀ ਇੰਸਪੈਕਟਰ ਸ਼ਿਵਕੰਵਲ ਸਿੰਘ ਨੇ ਨਸ਼ਾ ਸਮੱਲਗਰਾਂ ਖ਼ਿਲਾਫ਼ ਮੁਹਿੰਮ ਚਲਾਈ।

ਇਸ ਦੌਰਾਨ ਏ. ਐੱਸ. ਆਈ. ਬਲਦੇਵ ਸਿੰਘ ਜਦ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਮਹੱਲਾ ਅਰੋੜਾ ਰਸਤਾ ਵਿਖੇ ਮੌਜੂਦ ਸੀ ਤਾਂ ਇਕ ਕਾਰ ਆਉਂਦੀ ਵਿਖਾਈ ਦਿੱਤੀ। ਪੁਲਸ ਨੇ ਡਰਾਈਵਰ ਨੂੰ ਟਾਰਚ ਦੀ ਰੌਸ਼ਨੀ ਨਾਲ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਚਾਲਕ ਨੇ ਇਕਦਮ ਕਾਰ ਭਜਾ ਕੇ ਪਿੱਛੇ ਮੋੜਨ ਲੱਗਾ, ਜਿਸ ਨੂੰ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਰੋਕ ਲਿਆ। ਨਾਮ-ਪਤਾ ਪੁੱਛਣ ਉਕਤ ਨੇ ਆਪਣਾ ਨਾਮ ਬੂਟਾ ਸਿੰਘ ਉਰਫ਼ ਬਾਬਾ ਨਿਵਾਸੀ ਦੀਪੇਵਾਲ ਦੱਸਿਆ ਅਤੇ ਉਸ ਦੀ ਨਾਲ ਦੀ ਸੀਟ ’ਤੇ ਬੈਠੇ ਨੌਜਵਾਨ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਰਾਕੇਸ਼ ਕੁਮਾਰ ਮੁਹੱਲਾ ਲਲਾਰੀਆਂ ਦੱਸਿਆ।

ਇਹ ਵੀ ਪੜ੍ਹੋ : ਮੋਹਿੰਦਰ ਭਗਤ ਦੇ ਘਰ ਪੁੱਜੀ ਭਾਜਪਾ ਲੀਡਰਸ਼ਿਪ, ਭਾਵੁਕ ਹੋ ਪਿਤਾ ਚੁੰਨੀ ਲਾਲ ਨੇ ਕਹੀ ਵੱਡੀ ਗੱਲ

ਡੀ. ਐੱਸ. ਪੀ. ਨੇ ਕਿਹਾ ਕਿ ਐੱਸ. ਆਈ. ਅਰਜਨ ਸਿੰਘ ਪੁਲਸ ਚੌਂਕੀ ਡੱਲਾ ਵੱਲੋਂ ਤਲਾਸ਼ੀ ਲੈਣ ’ਤੇ ਕਾਰ ਦੇ ਡੈਸ਼ਬੋਰਡ ’ਚੋਂ ਮੋਮੀ ਲਿਫ਼ਾਫ਼ਾ ਮਿਲਿਆ, ਜਿਸ ’ਚੋਂ 5 ਗ੍ਰਾਮ ਹੈਰੋਇਨ, 7000 ਰੁਪਏ ਡਰੱਗ ਮਨੀ ਅਤੇ ਇਕ ਰਿਵਾਲਵਰ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਕਰਨ ਅਤੇ ਹੋਰ ਵੀ ਨਸ਼ੀਲਾ ਪਦਾਰਥ ਮਿਲਣ ਦੀ ਸੰਭਾਵਨਾ ਹੈ।
ਡੀ. ਐੱਸ. ਪੀ. ਨੇ ਕਿਹਾ ਕਿ ਰਾਕੇਸ਼ ਕੁਮਾਰ ਉਰਫ਼ ਕਸਤੂਰੀ ਲਾਲ ਖ਼ਿਲਾਫ਼ ਪਹਿਲਾਂ ਵੀ 2 ਮੁਕੱਦਮੇ ਦਰਜ ਹਨ, ਜਿਨ੍ਹਾਂ ’ਚੋਂ ਇਕ 11-08-2020 ਨੂੰ ਅਤੇ ਦੂਜਾ 6 ਅਪ੍ਰੈਲ 2016 ਨੂੰ ਦਰਜ ਹੋਇਆ ਹੈ। ਡੀ. ਐੱਸ. ਪੀ. ਬਬਨਦੀਪ ਨੇ ਸਵਾਲਾਂ ਦੇ ਜਵਾਬ ’ਚ ਦੱਸਿਆ ਕਿ ਇਹ ਢੌਂਗੀ ਬਾਬਾ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਕਾਬੂ ਕੀਤਾ ਗਿਆ ਹੈ, ਜੋ ਕਿ ਬਾਬੇ ਵਾਲਾ ਚੋਲਾ ਪਾ ਕੇ ਗੈਰ-ਕਾਨੂੰਨੀ ਧੰਦਾ ਕਰਦਾ ਸੀ, ਜਿਸ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ।

ਡੋਡਿਆਂ ਦੇ 104 ਬੂਟੇ ਬਰਾਮਦ, ਮੁਲਜ਼ਮ ਗ੍ਰਿਫ਼ਤਾਰ
ਡੀ. ਐੱਸ. ਪੀ. ਬਬਨਦੀਪ ਸਿੰਘ ਤੇ ਇੰਸਪੈਕਟਰ ਸ਼ਿਵਕੰਵਲ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਉਸ ਸਮੇਂ ਇਕ ਹੋਰ ਸਫਲਤਾ ਹਾਸਲ ਹੋਈ, ਜਦੋਂ ਏ. ਐੱਸ. ਆਈ. ਦਵਿੰਦਰਪਾਲ ਇੰਚਾਰਜ ਚੌਂਕੀ ਮੋਠਾਂਵਾਲ ਸਮੇਤ ਪੁਲਸ ਪਾਰਟੀ ਗਸ਼ਤ ਵਾ ਤਲਾਸ਼ ਭੈੜੇ ਦੇ ਸਬੰਧ ’ਚ ਪਿੰਡ ਤੋਤੀ ਮੌਜੂਦ ਸੀ। ਇਸ ਦੌਰਾਨ ਉਹ ਪਿੰਡ ਦੇ ਪੱਛਮ ਵਾਲੇ ਪਾਸੇ ਡੇਰਾ ਗੋਬਿੰਦ ਸਿੰਘ ਪੁੱਤਰ ਜਿਊਣ ਸਿੰਘ ਪੁੱਜੇ ਤਾਂ ਦੇਖਿਆ ਕਿ ਇਕ ਨੌਜਵਾਨ ਆਪਣੇ ਰਿਹਾਇਸ਼ੀ ਮਕਾਨ ਦੇ ਨਾਲ ਲੱਗਦੇ ਖੇਤ ਅਤੇ ਮਕਾਨ ਦੀ ਕੰਧ ਨਾਲ ਝਾੜੀਦਾਰ ਬੂਟਿਆਂ ਵਿਚ ਲੱਗੇ ਬੂਟੇ (ਡੋਡਿਆਂ ਵਾਲੇ) ਤੋਂ ਫੁੱਲ ਤੋੜ ਰਿਹਾ ਸੀ। ਉਕਤ ਨੇ ਪੁਲਸ ਪਾਰਟੀ ਨੂੰ ਵੇਖ ਕੇ ਆਪਣੇ ਹੱਥ ’ਚ ਫੜੇ ਡੋਡਿਆਂ ਦੇ ਫੁੱਲ ਹੇਠਾਂ ਸੁੱਟ ਦਿੱਤੇ, ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰਕੇ ਨਾਮ-ਪਤਾ ਪੁੱਛਿਆ, ਉਸ ਨੇ ਆਪਣਾ ਨਾਮ ਲਖਵੀਰ ਸਿੰਘ ਉਰਫ਼ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਗੋਬਿੰਦ ਸਿੰਘ ਪੁੱਤਰ ਜਿਊਣ ਸਿੰਘ ਵਾਸੀ ਤੋਤੀ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੱਸਿਆ।

ਪੁਲਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਉਕਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਡੋਡਿਆਂ ਦੇ ਬੂਟੇ ਆਪਣੀ ਜ਼ਮੀਨ ’ਚ ਲਗਾਏ ਹੋਏ ਸਨ। ਜਿਸ ’ਤੇ ਪੁਲਸ ਨੇ ਉਸ ਦੇ ਕਬਜ਼ੇ ’ਚੋਂ 104 ਬੂਟੇ ਡੋਡਿਆਂ ਦੇ ਅਤੇ 5 ਫੁੱਲ ਬਰਾਮਦ ਕੀਤੇ। ਨੌਜਵਾਨ ਕੋਲ ਲਾਇਸੈਂਸ ਜਾਂ ਪਰਮਿਟ ਪੇਸ਼ ਨਾ ਕਰਨ ’ਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਸ ਪਾਰਟੀ ਨੂੰ ਵੇਖ ਕੇ 8 ਕਿੱਲੋ ਚੂਰਾ-ਪੋਸਤ ਸੁੱਟ ਕੇ ਭੱਜਿਆ ਮੁਲਜ਼ਮ
ਇਕ ਹੋਰ ਮਾਮਲੇ ’ਚ ਐੱਸ. ਆਈ. ਨਿਰਮਲ ਸਿੰਘ ਸੀ. ਆਈ. ਏ. ਸਟਾਫ਼ ਕਪੂਰਥਲਾ ਸਮੇਤ ਪੁਲਸ ਪਾਰਟੀ ਰਕਬਾ ਤੋਤੀ ਨੇੜੇ ਚੈਕਿੰਗ ’ਤੇ ਸਨ। ਇਸ ਦੌਰਾਨ ਕੱਚੇ ਰਸਤੇ ਵੱਲੋਂ ਇਕ ਨੌਜਵਾਨ ਪੈਦਲ ਆਪਣੇ ਸਿਰ ਉੱਪਰ ਵਜਨਦਾਰ ਬੋਰਾ ਪਲਾਸਟਿਕ ਦਾ ਚੁੱਕੀ ਆਉਂਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਬੋਰਾ ਸੁੱਟ ਕੇ ਮੌਕਾ ਤੋਂ ਭੱਜ ਤੁਰਿਆ। ਉਕਤ ਵੱਲੋਂ ਸੁੱਟੇ ਬੋਰੇ ਨੂੰ ਜਦੋਂ ਖੋਲ ਕੇ ਚੈੱਕ ਕੀਤਾ ਤਾਂ ਉਸ ’ਚੋਂ 8 ਕਿੱਲੋ ਚੂਰਾ-ਪੋਸਤ ਮਿਲੀ। ਪੁਲਸ ਨੇ ਮੁਕੱਦਮਾ ਦਰਜ ਕਰ ਕਰਕੇ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਗੁਰਦੇਵ ਸਿੰਘ ਉਰਫ਼ ਚੀਮਾ ਵਾਸੀ ਤੋਤੀ ਥਾਣਾ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਸਾਬਕਾ CM ਚੰਨੀ ਦਾ ਵੱਡਾ ਖ਼ੁਲਾਸਾ, ਜੱਦੀ ਘਰ ਦੀ ਕੁਰਕੀ ਦੇ ਦਿੱਤੇ ਗਏ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri