ਫਗਵਾੜਾ 'ਚ NRI ਜੋੜੇ ਦੇ ਹੋਏ ਕਤਲ ਕੇਸ ਨੂੰ ਲੈ ਕੇ ਪੁਲਸ ਜਾਂਚ 'ਚ ਹੋਇਆ ਇਹ ਖੁਲਾਸਾ (ਤਸਵੀਰਾਂ)

05/31/2020 5:50:30 PM

ਫਗਵਾੜਾ (ਹਰਜੋਤ)— ਬੀਤੀ ਰਾਤ ਫਗਵਾੜਾ ਦੇ ਉਂਕਾਰ ਨਗਰ 'ਚ ਹੋਏ ਐੱਨ. ਆਰ. ਆਈ. ਕਤਲ ਦੇ ਕੇਸ ਨੂੰ ਲੈ ਕੇ ਪੁਲਸ ਵੱਲੋਂ ਕੀਤੀ ਗਈ ਜਾਂਚ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਕਤਲ ਦੇ ਮਾਮਲੇ 'ਚ ਪੁਲਸ ਨੇ ਘਰ ਦੇ 'ਚ ਰਹਿ ਰਹੇ ਕਿਰਾਏਦਾਰ ਨੂੰ ਕੀਤੀ ਜਾਂਚ ਤੋਂ ਬਾਅਦ ਕਾਤਲ ਦੱਸਿਆ ਹੈ।

ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਿਟੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਕਿਰਾਏ 'ਤੇ ਰਹਿੰਦਾ ਢੋਲੀ ਹੀ ਉਨ੍ਹਾਂ ਦਾ ਕਾਤਲ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਪੂਰੀ ਜਾਂਚ-ਪੜ੍ਹਤਾਲ ਕਰਨ ਮਗਰੋਂ ਢੋਲੀ ਜਗਦੇਵ ਸਿੰਘ ਉਰਫ ਜੱਸੀ ਪੁੱਤਰ ਗੁਰਮੇਲ ਸਿੰਘ ਵਾਸੀ ਨੰਗਲ ਕਾਲੋਨੀ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਪੀ. ਮਨਵਿੰਦਰ ਸਿੰਘ ਅਤੇ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਕੈਨੇਡਾ, ਮੁੰਬਈ ਅਤੇ ਇਥੇ ਉਂਕਾਰ ਨਗਰ ਬਣਾਏ ਮਕਾਨਾ 'ਚ ਸਮੇਂ-ਸਮੇਂ 'ਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ। ਉਨ੍ਹਾਂ ਘਰ ਦਾ ਉੱਪਰਲਾ ਹਿੱਸਾ ਘਰ ਦੀ ਰਾਖੀ ਵਾਸਤੇ ਢੋਲੀ ਜਗਦੇਵ ਸਿੰਘ ਉਰਫ਼ ਜੱਸੀ ਢੋਲੀ ਪੁੱਤਰ ਗੁਰਮੇਲ ਸਿੰਘ ਵਾਸੀ ਨੰਗਲ ਕਾਲੋਨੀ ਫਗਵਾੜਾ ਨੂੰ ਪਿਛਲੇ 7-8 ਸਾਲ ਤੋਂ ਕਿਰਾਏ 'ਤੇ ਦਿੱਤਾ ਹੋਇਆ ਸੀ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾ ਮੁਹੱਲਾ ਵਾਸੀਆਂ ਨੇ ਇਸ ਦੀ ਸ਼ਿਕਾਇਤ ਮ੍ਰਿਤਕ ਕ੍ਰਿਪਾਲ ਸਿੰਘ ਮਿਨਹਾਸ ਕੋਲ ਕੀਤੀ ਸੀ ਕਿ ਉਨ੍ਹਾਂ ਦੇ ਕਿਰਾਏਦਾਰ ਕੋਲਤਰ੍ਹਾਂ-ਤਰ੍ਹਾਂ ਦੇ ਲੋਕ ਆਉਂਦੇ ਹਨ ਜੋ ਮੁਹੱਲੇ 'ਚ ਠੀਕ ਨਹੀਂ। ਇਸ ਮਾਮਲੇ ਨੂੰ ਲੈ ਕੇ ਕ੍ਰਿਪਾਲ ਸਿੰਘ ਨੇ ਕਿਰਾਏਦਾਰ ਢੋਲੀ ਜਗਦੇਵ ਸਿੰਘ ਨੂੰ 7-8 ਮਹੀਨੇ ਤੋਂ ਰੁਕਿਆ ਕਿਰਾਇਆ ਦੇਣ ਅਤੇ ਮਕਾਨ ਖ਼ਾਲੀ ਕਰਨ ਲਈ ਕਹਿ ਦਿੱਤਾ ਸੀ। ਜਿਸ ਦੌਰਾਨ ਉਸ ਦੇ ਮਨ 'ਚ ਕੋਈ ਖੁੰਦਕ ਪੈਂਦਾ ਹੋਈ ਲੱਗ ਰਹੀ ਹੈ, ਜਿਸ ਕਾਰਨ ਉਸ ਨੇ 29 ਮਈ ਦੀ ਰਾਤ ਨੂੰ ਹੀ ਜਦੋਂ ਉਨ੍ਹਾਂ ਦਾ ਘਰ 'ਚ ਚਾਕੂਆਂ ਨਾਲ ਕਤਲ ਕੀਤਾ ਤਾਂ ਉਸ ਸਮੇਂ ਮੁਹੱਲੇ ਦਾ ਇਕ ਵਿਅਕਤੀ ਨੇ ਆ ਕੇ ਘਰ ਦਾ ਕੁੰਡਾ ਖੜਕਾ ਦਿੱਤਾ। ਉਸ ਸਮੇਂ ਉਕਤ ਢੋਲੀ ਕਤਲ ਕਰਨ ਵਾਲੇ ਕਮਰੇ 'ਚੋਂ ਨਿਕਲ ਕੇ ਇਕ ਦਮ ਕੋਠੇ ਜਾ ਚੜ੍ਹਿਆ ਅਤੇ ਉਸ ਨੇ ਉੱਪਰੋਂ ਹੀ ਕਹਿ ਦਿੱਤਾ ਕਿ ਉਹ ਸੌ ਗਏ ਹਨ। ਇਸ ਦੌਰਾਨ ਉਕਤ ਵਿਅਕਤੀ ਵਾਪਸ ਚੱਲਾ ਗਿਆ ਅਤੇ ਅਗਲੇ ਦਿਨ ਜਦੋਂ ਉਹ ਆਪਣੇ ਕੋਠੇ 'ਤੇ ਹਰ ਰੋਜ਼ ਵਾਂਗ 5 ਵਜੇ ਸੈਰ ਕਰਨ ਲਈ ਨਹੀਂ ਚੜ੍ਹੇ ਅਤੇ ਨਾ ਹੀ ਉਸ ਦਿਨ ਦੋਧੀ ਪਾਸੋਂ ਦੁੱਧ ਲੈਣ ਲਈ ਬਾਹਰ ਆਏ। ਜਿਸ ਤੋਂ ਮੁਹੱਲਾ ਵਾਸੀਆਂ ਨੂੰ ਉਨ੍ਹਾਂ ਦੀ ਭਾਲ ਸ਼ੁਰੂ ਹੋ ਗਈ ਅਤੇ ਫੋਨ ਬੰਦ ਆ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਦੀ ਕੈਨੇਡਾ ਰਹਿੰਦੀ ਲੜਕੀ ਤਲਵੀਰ ਕੌਰ ਜੋ ਹਰ ਰੋਜ਼ ਵਾਂਗ ਆਪਣੇ ਮਾਤਾ-ਪਿਤਾ ਨੂੰ ਫ਼ੋਨ ਕਰਦੀ ਸੀ ਉਸ ਨੇ ਵੀ ਜਦੋਂ ਫੋਨ ਕੀਤੇ ਤਾਂ ਫ਼ੋਨ ਬੰਦ ਆਇਆ। ਉਸ ਨੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਅਤੇ ਜਦੋਂ ਉਹ ਘਰ ਪੁੱਜੇ ਤਾਂ ਘਰ ਦਾ ਗੇਟ ਖੁੱਲ੍ਹਾ ਸੀ ਅਤੇ ਅੰਦਰ ਦੇ ਦਰਵਾਜ਼ੇ ਬੰਦ ਸਨ। ਘਰ ਦੇ ਅੰਦਰ ਦਾ ਦਰਵਾਜ਼ਾ ਤੋੜਨ ਤੋਂ ਬਾਅਦ ਵੇਖਿਆ ਤਾਂ ਕ੍ਰਿਪਾਲ ਸਿੰਘ ਦੀ ਲਾਸ਼ ਮੰਜੇ 'ਤੇ ਪਈ ਸੀ ਅਤੇ ਉਸ ਦੇ ਕਰੀਬ 17/18 ਨਿਸ਼ਾਨ ਚਾਕੂਆਂ ਦੇ ਵੱਜੇ ਹੋਏ ਹਨ। ਉਨ੍ਹਾਂ ਦੀ ਪਤਨੀ ਦਵਿੰਦਰ ਕੌਰ ਦੀ ਲਾਸ਼ ਜ਼ਮੀਨ 'ਤੇ ਸੁੱਟੀ ਹੋਈ ਸੀ।

ਐੱਸ. ਪੀ. ਮਨਵਿੰਦਰ ਸਿੰਘ ਤੇ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਕੀਤੀ ਜਾਂਚ ਦੌਰਾਨ ਇਸ ਗੱਲ ਤੋਂ ਉਸ ਨੂੰ ਦੋਸ਼ੀ ਬਣਾਇਆ ਕਿ ਉਕਤ ਢੋਲੀ ਜਦੋਂ ਕਤਲ ਕਰ ਰਿਹਾ ਸੀ ਤਾਂ ਉਸ ਸਮੇਂ ਹੀ ਘਰ ਦਾ ਕੁੰਡਾ ਗੁਆਂਢੀ ਵੱਲੋਂ ਖੜ੍ਹਕਾਇਆ ਗਿਆ। ਉਹ ਖੂਨ ਨਾਲ ਲਿਬੜੇ ਹੋਏ ਪੈਰ ਲੈ ਕੇ ਜਦੋਂ ਕੋਠੇ 'ਤੇ ਗੁਆਂਢੀ ਨੂੰ ਦੱਸਣ ਲਈ ਗਿਆ ਕਿ ਉਹ ਸੌ ਗਏ ਹਨ ਤਾਂ ਉਸ ਦੇ ਨਿਸ਼ਾਨ ਪੋੜ੍ਹੀਆਂ ਦੇ ਉੱਪਰ ਤੱਕ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਢੋਲੀ ਨੇ ਆਪਣੇ ਪਰਿਵਾਰ ਨੂੰ ਚਾਰ ਦਿਨ ਪਹਿਲਾ ਹੀ ਕਿਸੇ ਥਾਂ 'ਤੇ ਪਹੁੰਚਾਉਣ ਮਗਰੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਜਿਸ ਸਬੰਧੀ ਪੁਲਸ ਨੇ ਤਜਿੰਦਰ ਸਿੰਘ ਭੱਟੀ ਪੁੱਤਰ ਖਿਦਮਤ ਰਾਏ ਵਾਸੀ ਰਾਮਪੁਰ ਬੰਗਾ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕੀਤਾ ਹੈ।

ਮੁਲਜ਼ਮ ਜਲਦ ਹੀ ਪੁਲਸ ਦੀ ਗ੍ਰਿਫਤ 'ਚ ਹੋਵੇਗਾ : ਐੱਸ. ਐੱਸ. ਪੀ.
ਅੱਜ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਸਵੇਰੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਘਟਨਾ ਸਬੰਧੀ ਸਾਰੀ ਜਾਣਕਾਰੀ ਹਾਸਲ ਕਰਕੇ ਪੁਲਸ ਨੂੰ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰਨ ਦੀ ਹਦਾਇਤ ਕੀਤੀ। ਐੱਸ. ਐੱਸ. ਪੀ. ਨੇ ਆਸ ਪ੍ਰਗਟਾਈ ਕਿ ਜਲਦ ਹੀ ਮੁਲਜ਼ਮ ਪੁਲਸ ਦੀ ਗ੍ਰਿਫ਼ਤ 'ਚ ਹੋਵੇਗਾ। ਉਨ੍ਹਾਂ ਦੱਸਿਆ ਕਿ ਢੋਲੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਕਾਬੂ ਕਰਨ ਲਈ ਪੁਲਸ ਦੇ ਅਧਿਕਾਰੀਆਂ ਦੀ ਅਗਵਾਈ 'ਚ ਟੀਮਾਂ ਦਾ ਗਠਨ ਕੀਤਾ।

ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹਾਂ ਵਾਰਸਾ ਹਵਾਲੇ ਕੀਤੀਆਂ : ਐੱਸ. ਐੱਮ. ਓ.
ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਮ੍ਰਿਤਕ ਜੋੜੇ ਦੇ ਹੋਏ ਕਤਲ ਦੇ ਮਾਮਲੇ 'ਚ ਅੱਜ ਡਾਕਟਰੇ ਦੇ ਬੋਰਡ ਦੀ ਅਗਵਾਈ 'ਚ ਪੋਸਟਮਾਰਟਮ ਕੀਤਾ ਗਿਆ ਬੋਰਡ 'ਚ ਡਾ. ਐੱਸ. ਪੀ., ਡਾ. ਧੀਰਜ ਤੇ ਡਾ. ਕਮਲੇਸ਼ ਨੇ ਲਾਸ਼ਾਂ ਦਾ ਪੋਸਟ ਮਾਰਟਮ ਕਰਨ ਉਪਰੰਤ ਲਾਸ਼ਾ ਵਾਰਸਾ ਦੇ ਹਵਾਲੇ ਕਰ ਦਿੱਤੀਆਂ ਹਨ, ਜਿਨਾਂ ਦਾ ਸੰਸਕਾਰ ਸੋਮਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ।

ਮੁਹੱਲਾ ਵਾਸੀਆਂ ਅਤੇ ਰਿਸ਼ਤੇਦਾਰਾਂ 'ਚ ਸੋਗ ਦੀ ਲਹਿਰ
ਜਿਉਂ ਹੀ ਅੱਜ ਸਵੇਰੇ ਲੋਕਾਂ ਤੱਕ ਪ੍ਰਵਾਸੀ ਭਾਰਤੀ ਦੇ ਜੋੜੇ ਦੇ ਕਤਲ ਦੀ ਖ਼ਬਰ ਪੁੱਜੀ ਤਾਂ ਲੋਕਾਂ 'ਚ ਸੋਗ ਦੀ ਲਹਿਰ ਦੋੜ ਗਈ ਅਤੇ ਲੋਕ ਵਿਰਲਾਪ ਕਰਨ ਲਈ ਪੁੱਜੇ। ਮੌਕੇ 'ਤੇ ਮੌਜੂਦ ਗੁਆਂਢੀਆਂ ਤੇ ਰਿਸ਼ਤੇਦਾਰਾ ਨੇ ਦੱਸਿਆ ਕਿ ਕਿਰਪਾਲ ਸਿੰਘ ਤੇ ਦਵਿੰਦਰ ਕੌਰ ਬੜੇ ਮਿਲਾਪੜੇ ਸੁਆਭ ਦੇ ਮਾਲਕ ਸਨ ਅਤੇ ਉਹ ਹਰ ਕਿਸੇ ਨੂੰ ਇਲਾਕੇ 'ਚ ਖੁਸ਼ੀ-ਖੁਸ਼ੀ ਮਿਲਦੇ ਸਨ। ਉਹ ਰੋਜ਼ਾਨਾ ਗੁਰੂ ਘਰ ਮੱਥਾ ਟੇਕਣ ਜਾਂਦੇ ਸਨ ਅਤੇ ਮੁਹੱਲੇ 'ਚ ਉਨ੍ਹਾਂ ਦਾ ਆਲੇ-ਦੁਆਲੇ ਕਾਫ਼ੀ ਮੇਲ ਮਿਲਾਪ ਸੀ। ਤਖ਼ਤ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਵੀ ਮ੍ਰਿਤਕ ਜੋੜੇ ਦੇ ਕਤਲ ਦੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਉਕਤ ਜੋੜਾ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਸੀ।

ਵਰਨਣਯੋਗ ਹੈ ਕਿ ਬੀਤੀ ਰਾਤ ਫਗਵਾੜਾ ਦੇ ਉਂਕਾਰ ਨਗਰ ਵਿਖੇ ਇਕ ਪ੍ਰਵਾਸੀ ਭਾਰਤੀ ਜੋੜੇ ਦਾ ਬੇਰਹਿਮੀ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਕਤ ਜੋੜਾ ਮੁੰਬਈ 'ਚ ਵੀ ਆਪਣੀ ਰਿਹਾਇਸ਼ ਰੱਖਦਾ ਸੀ ਅਤੇ ਫਗਵਾੜਾ 'ਚ ਵੀ ਰਹਿੰਦਾ ਸੀ। ਇਸ ਕਤਲ ਕੇਸ ਦੀ ਸੂਚਨਾ ਪੁਲਸ ਨੂੰ ਬੀਤੀ ਦੇਰ ਰਾਤ ਮਿਲੀ ਸੀ ਅਤੇ ਪੁਲਸ ਰਾਤ ਤੋਂ ਹੀ ਇਸ ਮਾਮਲੇ 'ਚ ਜੁਟੀ ਹੋਈ ਸੀ। ਉਧਰ ਅੱਜ ਐੱਸ. ਐੱਸ. ਪੀ ਸਤਿੰਦਰ ਸਿੰਘ, ਐੱਸ. ਪੀ. ਮਨਵਿੰਦਰ ਸਿੰਘ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਸੀ।

shivani attri

This news is Content Editor shivani attri