ਸਹੁਰਿਆਂ ਦੀ ਜ਼ਮੀਨ ਦੇ ਲਾਲਚ 'ਚ ਪਤੀ ਨੇ ਕੀਤਾ ਪਤਨੀ ਦਾ ਕਤਲ (ਤਸਵੀਰਾਂ)

07/20/2018 6:20:39 PM

ਬਰਨਾਲਾ (ਵਿਵੇਕ, ਰਵੀ, ਗਰਗ) : ਸਹੁਰਾ ਪਰਿਵਾਰ ਦੀ ਜ਼ਮੀਨ ਹੜੱਪਣ ਲਈ ਇਕ ਲਾਲਚੀ ਕਿਸਾਨ ਵਲੋਂ ਆਪਣੀ ਪਤਨੀ ਦਾ ਕੁੱਟਮਾਰ ਕਰਨ ਉਪਰੰਤ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਦੋਸ਼ੀ ਪਤੀ ਨੇ ਆਪ ਵੀ ਜ਼ਹਿਰੀਲੀ ਚੀਜ਼ ਨਿਗਲ ਲਈ। ਜਾਣਕਾਰੀ ਦਿੰਦੇ ਹੋਏ ਰੁੜੇਕੇ ਕਲਾਂ ਦੇ ਸਾਬਕਾ ਪੰਚ ਕੌਰ ਸਿੰਘ ਪੁੱਤਰ ਜੰਗੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਮੈਂ ਕਿਸੇ ਕੰਮ ਲਈ ਰੁੜੇਕੇ ਕਲਾਂ ਥਾਣੇ ਵਿਚ ਗਿਆ ਸੀ, ਇਸ ਦੌਰਾਨ ਕਰਮਜੀਤ ਸਿੰਘ ਵਾਸੀ ਰੁੜੇਕੇ ਕਲਾਂ ਨੇ ਆ ਕੇ ਮੈਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਬਲਵਿੰਦਰ ਕੌਰ (45) ਦਾ ਕਤਲ ਕਰ ਦਿੱਤਾ ਹੈ ਅਤੇ ਆਪ ਵੀ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਕੌਰ ਸਿੰਘ ਤੁਰੰਤ ਕਰਮਜੀਤ ਸਿੰਘ ਨੂੰ ਨਾਲ ਲੈ ਕੇ ਉਸ ਦੇ ਘਰ ਪਹੁੰਚਿਆ ਜਿਥੇ ਉਸ ਦੀ ਪਤਨੀ ਮ੍ਰਿਤਕ ਪਈ ਸੀ। ਇਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਕਰਮਜੀਤ ਸਿੰਘ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ ਰੈਫਰ ਕਰ ਦਿੱਤਾ। 

ਮੇਰੀ ਧੀ ਦੇ ਕਾਤਲਾਂ ਨੂੰ ਦਿੱਤੀ ਜਾਵੇ ਫਾਂਸੀ 
ਵਿਰਲਾਪ ਕਰਦੇ ਹੋਏ ਮ੍ਰਿਤਕ ਬਲਵਿੰਦਰ ਕੌਰ ਦੀ ਮਾਤਾ ਤੇ ਕਰਮਜੀਤ ਸਿੰਘ ਦੀ ਸੱਸ ਬਲਵੀਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਦੁੱਗਾ ਸੰਗਰੂਰ ਨੇ ਦੱਸਿਆ ਕਿ ਮੇਰੀਆਂ ਦੋ ਧੀਆਂ ਹਨ, ਅਸੀਂ ਆਪਣੀ ਸਾਰੀ ਜ਼ਮੀਨ 1\2 ਹੱਸਿਆਂ ਵਿਚ ਦੋਵਾਂ ਧੀਆਂ ਦੇ ਨਾਮ ਕੀਤੀ ਹੋਈ ਸੀ ਤੇ ਉਸ ਜ਼ਮੀਨ ਨੂੰ ਅਸੀਂ ਆਪਣੇ ਬੁਢਾਪੇ ਲਈ ਰੱਖਿਆ ਹੈ ਅਤੇ ਉਸੇ ਨਾਲ ਗੁਜ਼ਾਰਾ ਕਰ ਰਹੇ ਹਾਂ ਅਤੇ ਸਾਡੀ ਮੌਤ ਤੋਂ ਬਾਅਦ ਸਾਰੀ ਜ਼ਮੀਨ ਦੋਵਾਂ ਧੀਆਂ ਨੂੰ ਮਿਲਣੀ ਸੀ ਪਰ ਜ਼ਮੀਨ ਦੇ ਲਾਲਚੀ ਕਰਮਜੀਤ ਸਿੰਘ ਨੇ ਜ਼ਮੀਨ ਲਈ ਬਲਵਿੰਦਰ ਕੌਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮ੍ਰਿਤਕ ਮਾਂ ਨੇ ਦੱਸਿਆ ਕਿ ਬਲਵਿੰਦਰ ਕੌਰ ਦੀ 23 ਸਾਲਾ ਲੜਕੀ ਲਵਪ੍ਰੀਤ ਕੌਰ ਸਾਡੇ ਕੋਲ ਆਈ ਸੀ ਤੇ ਉਨ੍ਹਾਂ ਦਾ 19 ਸਾਲਾ ਦੋਹਤਾ ਹਰਮਨਪ੍ਰੀਤ ਸਿੰਘ ਆਪਣੇ ਪਿੰਡ ਰੁੜੇਕੇ ਕਲਾਂ ਵਿਚ ਹੀ ਸੀ। ਸ਼ੁੱਕਰਵਾਰ ਸਵੇਰੇ ਹੀ ਉਨ੍ਹਾਂ ਬਲਵਿੰਦਰ ਕੌਰ ਨਾਲ ਫੋਨ 'ਤੇ ਗੱਲ ਕੀਤੀ ਸੀ ਤੇ ਕਿਹਾ ਕਿ ਅਸੀਂ ਰੁੜੇਕੇ ਕਲਾਂ ਆ ਰਹੇ ਹਾਂ ਜੇਕਰ ਤੈਨੂੰ ਕਰਮਜੀਤ ਤੰਗ ਕਰਦਾ ਹੈ ਤਾਂ ਤੂੰ ਸਾਡੇ ਨਾਲ ਆ ਜਾਵੀਂ। ਜਦੋਂ ਅਸੀ ਬੱਸ ਰਾਹੀਂ ਆ ਰਹੇ ਸੀ ਤਾਂ ਰਸਤੇ ਵਿਚ ਇਹ ਖਬਰ ਮਿਲੀ ਕਿ ਕਰਮਜੀਤ ਸਿੰਘ ਨੇ ਉਨ੍ਹਾਂ ਦੀ ਧੀ ਬਲਵਿੰਦਰ ਕੌਰ ਦੀ ਹੱਤਿਆ ਕਰ ਦਿੱਤੀ ਹੈ। ਬਲਵੀਰ ਕੌਰ ਤੇ ਉਸ ਦੀ ਦੂਸਰੀ ਧੀ ਨੇ ਮ੍ਰਿਤਕ ਬਲਵਿੰਦਰ ਕੌਰ ਦੇ ਪਤੀ ਨੂੰ ਫਾਂਸੀ 'ਤੇ ਚੜ੍ਹਾਉਣ ਦੀ ਮੰਗ ਕੀਤੀ ਹੈ।