ਸ਼ਰਾਬ ਦੇ ਨਸ਼ੇ ਨੇ ਅੰਨ੍ਹਾ ਕੀਤਾ ਪਤੀ, ਜ਼ਹਿਰ ਦੇ ਕੇ ਮਾਰ ਮੁਕਾਈ ਪਤਨੀ

09/28/2016 4:12:18 PM

ਬਟਾਲਾ (ਸੈਂਡੀ) : ਬੀਤੀ ਰਾਤ ਪਿੰਡ ਖੁਸ਼ਹਾਲਪੁਰ ਵਿਖੇ ਇਕ ਸ਼ਰਾਬੀ ਪਤੀ ਵਲੋਂ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਮਾਰ ਦੇਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਰਸ਼ਪਾਲ ਸਿੰਘ ਵਾਸੀ ਭਟਕਾਣਾ ਬੋਹੜਾਵਾਲਾ ਨੇ ਦੱਸਿਆ ਕਿ ਉਸ ਦੀ ਧੀ ਹਰਜਿੰਦਰ ਕੌਰ ਦਾ ਵਿਆਹ 6 ਸਾਲ ਪਹਿਲਾਂ ਮਨਜਿੰਦਰ ਸਿੰਘ ਪੁੱਤਰ ਸੇਵਾ ਵਾਸੀ ਖੁਸ਼ਹਾਲਪੁਰ ਨਾਲ ਹੋਇਆ ਸੀ ਅਤੇ ਜਿਸ ਤੋਂ ਇਕ 5 ਸਾਲਾ ਦੀ ਲੜਕੀ ਹੈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਨਸ਼ਾ ਕਰਨ ਦਾ ਆਦੀ ਹੈ ਤੇ ਅਕਸਰ ਸ਼ਰਾਬ ਪੀ ਕੇ ਉਨ੍ਹਾਂ ਦੀ ਧੀ ਦੀ ਕੁੱਟਮਾਰ ਕਰਦਾ ਸੀ। ਬੀਤੀ ਰਾਤ ਵੀ ਉਕਤ ਨੇ ਸ਼ਰਾਬ ਪੀ ਕੇ ਲੜਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਨੂੰ ਕੋਈ ਜ਼ਹਿਰੀਲੀ ਚੀਜ਼ ਖਵਾ ਕੇ ਮਾਰ ਦਿੱਤਾ।
ਇਸ ਸੰਬੰਧੀ ਜਦੋਂ ਥਾਣਾ ਡੇਰਾ ਬਾਬਾ ਨਾਨਕ ਦੇ ਐਸ.ਐਚ .ਓ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੜਕੀ ਦੇ ਪਿਤਾ ਦੇ ਬਿਆਨਾ ''ਤੇ ਮ੍ਰਿਤਕ ਹਰਜਿੰਦਰ ਕੌਰ ਦੇ ਪਤੀ ਮਨਜਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Gurminder Singh

This news is Content Editor Gurminder Singh