ਕਿਰਾਏ ਦੇ ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਮਕਾਨ ਮਾਲਕ ਵੀ ਰਹਿ ਗਿਆ ਹੈਰਾਨ

05/13/2023 9:33:28 AM

ਚੰਡੀਗੜ੍ਹ (ਸੰਦੀਪ) : ਮਨੀਮਾਜਰਾ ਦੀ ਗਲੀ ਨੰਬਰ-8 'ਚ ਇਕ ਹਫ਼ਤਾ ਪਹਿਲਾਂ ਹੀ ਕਿਰਾਏ ’ਤੇ ਰਹਿਣ ਆਏ ਅਮਨ ਕੁਮਾਰ ਅਤੇ ਪਤਨੀ ਆਰਤੀ ਲਕਸ਼ਮੀ ਦੀਆਂ ਲਾਸ਼ਾਂ ਸ਼ੱਕੀ ਹਾਲਾਤ 'ਚ ਕਮਰੇ 'ਚੋਂ ਮਿਲੀਆਂ। ਲਕਸ਼ਮੀ ਦੀ ਲਾਸ਼ ਫਰਸ਼ ’ਤੇ ਖੂਨ ਨਾਲ ਲਹੂ-ਲੁਹਾਨ ਹਾਲਤ 'ਚ ਪਈ ਸੀ, ਜਿਸ ਦੇ ਗਲੇ ’ਤੇ ਡੂੰਘੇ ਜ਼ਖ਼ਮ ਸਨ। ਉੱਥੇ ਹੀ ਅਮਨ ਫ਼ਾਹੇ ’ਤੇ ਲਟਕਿਆ ਹੋਇਆ ਪਾਇਆ ਗਿਆ। ਪੁਲਸ ਦੀ ਮੁੱਢਲੀ ਜਾਂਚ 'ਚ ਲੱਗ ਰਿਹਾ ਹੈ ਕਿ ਅਮਨ ਨੇ ਪਤਨੀ ਦਾ ਗਲਾ ਵੱਢ ਕੇ ਫਿਰ ਖ਼ੁਦ ਨੂੰ ਫ਼ਾਹਾ ਲਇਆ। ਅਧਿਕਾਰੀਆਂ ਦੀ ਮੰਨੀਏ ਤਾਂ ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਸ ਤਾਰੀਖ਼ ਨੂੰ ਗਜ਼ਟਿਡ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੁਲਸ ਕਈ ਪੱਖਾਂ ਨੂੰ ਧਿਆਨ 'ਚ ਰੱਖ ਕੇ ਜਾਂਚ 'ਚ ਜੁੱਟ ਗਈ ਹੈ। ਮਕਾਨ ਮਾਲਕ ਨੇ ਦੱਸਿਆ ਕਿ ਅਮਨ ਅਤੇ ਉਸ ਦੀ ਪਤਨੀ ਦਾ 4 ਮਹੀਨਿਆਂ ਦਾ ਪੁੱਤਰ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਉਹ ਉਨ੍ਹਾਂ ਕੋਲ ਆਏ ਸਨ। ਉਨ੍ਹਾਂ ਨੇ ਇੱਥੇ ਕਮਰਾ ਕਿਰਾਏ ’ਤੇ ਲਿਆ ਸੀ। 7 ਦਿਨਾਂ ਤੋਂ ਦੋਵੇਂ ਕਮਰੇ 'ਚ ਰਹਿ ਰਹੇ ਸਨ। ਵੀਰਵਾਰ ਦੁਪਹਿਰ ਕਿਸੇ ਗੱਲ ਤੋਂ ਦੋਵਾਂ ਵਿਚਕਾਰ ਅਣਬਣ ਹੋਈ ਸੀ। ਉਨ੍ਹਾਂ ਦੇ ਕਮਰੇ ’ਚੋਂ ਲੜਾਈ ਹੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਰਾਤ ਸਮੇਂ ਦੋਵੇਂ ਬੱਚੇ ਨੂੰ ਲੈ ਕੇ ਕੋਲ ਹੀ ਰਹਿਣ ਵਾਲੇ ਰਿਸ਼ਤੇਦਾਰ ਦੇ ਘਰ ਚਲੇ ਗਏ ਸਨ। ਸ਼ੁੱਕਰਵਾਰ ਦੁਪਹਿਰ 12 ਵਜੇ ਦੋਵੇਂ ਐਕਟਿਵਾ ’ਤੇ ਵਾਪਸ ਆਏ ਸਨ। ਇਸ ਤੋਂ ਬਾਅਦ ਦੋਵੇਂ ਕਮਰੇ ’ਚੋਂ ਬਾਹਰ ਨਹੀਂ ਨਿਕਲੇ ਸਨ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ 'ਚ ਮਰਜ਼ ਹੋਣਗੀਆਂ 587 ਪਨਬੱਸ ਬੱਸਾਂ, ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਮਿਲੇਗੀ ਸਰਕਾਰੀ ਨੌਕਰੀ
ਮਕਾਨ ਮਾਲਕ ਨੇ ਦਿੱਤੀ ਸੀ ਪੁਲਸ ਨੂੰ ਸੂਚਨਾ
ਮਕਾਨ ਮਾਲਕ ਨੇ ਦੱਸਿਆ ਕਿ ਸ਼ਾਮ 6.30 ਵਜੇ ਪਾਣੀ ਦੀ ਮੋਟਰ ਚਲਾਈ ਅਤੇ ਸਾਰੇ ਲੋਕਾਂ ਨੂੰ ਪਾਣੀ ਭਰਨ ਸਬੰਧੀ ਸੂਚਨਾ ਦਿੱਤੀ। ਉਸ ਨੇ ਅਮਨ ਦੇ ਕਮਰੇ ਦਾ ਵੀ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਆਇਆ। ਇਸ ’ਤੇ ਉਸ ਨੂੰ ਸ਼ੱਕ ਹੋਣ ’ਤੇ ਖਿੜਕੀ ਵਿਚੋਂ ਝਾਕ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਲਕਸ਼ਮੀ ਖੂਨ ਨਾਲ ਲੱਥਪੱਥ ਹਾਲਾਤ 'ਚ ਫਰਸ਼ ’ਤੇ ਪਈ ਸੀ, ਜਦੋਂ ਕਿ ਅਮਨ ਨੇ ਫ਼ਾਹਾ ਲਾਇਆ ਹੋਇਆ ਸੀ। ਇਸ ਗੱਲ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਐੱਸ. ਪੀ. ਸਿਟੀ ਮ੍ਰਿਦੁਲ ਟੀ. ਐੱਸ. ਪੀ. ਉਦੇਪਾਲ ਅਤੇ ਮਨੀਮਾਜਰਾ ਥਾਣਾ ਇੰਚਾਰਜ ਜਸਪਾਲ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ। ਪੁਲਸ ਨੇ ਮੌਕੇ ’ਤੇ ਜਾ ਕੇ ਵਾਰਦਾਤ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਸ਼ਾਇਦ ਅਮਨ ਨੇ ਪਹਿਲਾਂ ਪਤਨੀ ਲਕਸ਼ਮੀ ਦਾ ਗਲਾ ਵੱਢਿਆ ਅਤੇ ਬਾਅਦ 'ਚ ਫ਼ਾਹਾ ਲਾ ਲਿਆ ਕਿਉਂਕਿ ਕਮਰਾ ਅੰਦਰੋਂ ਬੰਦ ਸੀ। ਅੰਦਰ ਕਿਸੇ ਤੀਸਰੇ ਵਿਅਕਤੀ ਦੇ ਹੋਣ ਦਾ ਕੋਈ ਚਾਂਸ ਨਹੀਂ ਸੀ। ਅਜਿਹੀ ਹਾਲਤ 'ਚ ਪੁਲਸ ਨੂੰ ਮੁੱਢਲੀ ਜਾਂਚ 'ਚ ਕਤਲ ਤੋਂ ਬਾਅਦ ਖ਼ੁਦਕੁਸ਼ੀ ਦੀ ਸਥਿਤੀ ਲੱਗ ਰਹੀ ਹੈ ਪਰ ਪੁਲਸ ਹੋਰ ਪੱਖਾਂ ਨੂੰ ਧਿਆਨ 'ਚ ਰੱਖਦਿਆਂ ਵੀ ਕੰਮ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita