ਰੱਖੜੀ ''ਤੇ ਪਤਨੀ ਗਈ ਸੀ ਪੇਕੇ, ਪਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Tuesday, Aug 08, 2017 - 07:29 AM (IST)

ਜਲੰਧਰ, (ਮਹੇਸ਼)— ਗ੍ਰੀਨ ਐਵੇਨਿਊ ਦੀਪ ਨਗਰ ਜਲੰਧਰ ਕੈਂਟ ਵਿਚ ਐਤਵਾਰ ਦੀ ਰਾਤ 38 ਸਾਲ ਦੇ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸਦੀ ਪਤਨੀ ਆਪਣੇ 5 ਸਾਲ ਦੇ ਬੇਟੇ ਨੂੰ ਨਾਲ ਲੈ ਕੇ ਰੱਖੜੀ ਮੌਕੇ ਆਪਣੇ ਪੇਕੇ ਅੰਮ੍ਰਿਤਸਰ ਗਈ ਹੋਈ ਸੀ। ਮ੍ਰਿਤਕ ਸੁਖਦੀਪ ਸਿੰਘ ਆਰਮੀ ਦੇ ਐੱਮ. ਈ. ਐੱਸ. ਯੂਨਿਟ ਤੋਂ ਰਿਟਾਇਰਡ ਕਰਮਚਾਰੀ ਦਵਿੰਦਰ ਸਿੰਘ ਦਾ ਬੇਟਾ ਸੀ।
ਮ੍ਰਿਤਕ ਦੇ ਭਰਾ ਚਰਨਜੀਤ ਸਿੰਘ ਮੁਤਾਬਕ ਜਦੋਂ ਉਹ ਆਪਣੇ ਭਰਾ ਸੁਖਦੀਪ ਸਿੰਘ ਦੇ ਕਮਰੇ ਵਿਚ ਸਵੇਰੇ ਚਾਹ ਦੇਣ ਲਈ ਗਿਆ ਤਾਂ ਉਸਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਮ੍ਰਿਤਕ ਦੇ ਭਰਾ ਤੇ ਮਾਤਾ-ਪਿਤਾ ਉਸਨੂੰ ਰਾਮਾਮੰਡੀ ਦੇ ਨਿੱਜੀ ਹਸਪਤਾਲ ਵਿਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। 
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੀ ਪਰਾਗਪੁਰ ਪੁਲਸ ਚੌਕੀ ਦੇ ਹੈੱਡ ਕਾਂਸਟੇਬਲ ਜਗਦੇਵ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਜੌਬ ਕਰਦਾ ਮ੍ਰਿਤਕ ਸੁਖਦੀਪ ਸਿੰਘ ਵਿਆਹਿਆ ਹੋਇਆ ਸੀ। ਉਹ ਆਪਣੇ ਬੇਟੇ ਤੇ ਪਤਨੀ ਸਣੇ ਨਿਊ ਡਿਫੈਂਸ ਕਾਲੋਨੀ ਦੀਪ ਨਗਰ ਵਿਚ ਰਹਿੰਦਾ ਸੀ। ਪਤਨੀ ਤੇ ਬੇਟਾ ਅੰਮ੍ਰਿਤਸਰ ਗਏ ਹੋਣ ਕਾਰਨ ਉਹ ਗ੍ਰੀਨ ਐਵੇਨਿਊ ਵਿਚ ਰਹਿੰਦੇ ਆਪਣੇ ਮਾਤਾ-ਪਿਤਾ ਦੇ ਘਰ ਆ ਗਿਆ ਸੀ। ਪਤੀ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਤਨੀ ਵੀ ਅੰਮ੍ਰਿਤਸਰ ਤੋਂ ਜਲੰਧਰ ਪਹੁੰਚ ਗਈ ਸੀ। ਜਾਂਚ ਅਧਿਕਾਰੀ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੁਖਦੀਪ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ। ਪਤਨੀ ਕੋਲੋਂ ਵੀ ਪੁਲਸ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।


Related News