ਨਸ਼ੇੜੀ ਪਤੀ ਦੀ ਕਰਤੂਤ, ਮੰਗ ਪੂਰੀ ਨਾ ਹੋਣ ''ਤੇ ਪਤਨੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

08/22/2017 7:13:18 PM

ਕਪੂਰਥਲਾ(ਮਲਹੋਤਰਾ)— ਇਕ ਵਿਆਹੁਤਾ ਨੂੰ ਸਹੁਰਿਆਂ ਵੱਲੋਂ ਕੁੱਟਮਾਰ ਕਰਕੇ ਗੱਡੀ ਰਾਹੀਂ ਕਪੂਰਥਲਾ ਭੇਜ ਦਿੱਤਾ ਗਿਆ। ਜ਼ਖਮੀ ਮਹਿਲਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਜ਼ੇਰੇ ਇਲਾਜ ਨੀਲਮ ਕੁਮਾਰੀ ਪੁੱਤਰੀ ਪਿਆਰਾ ਲਾਲ ਨਿਵਾਸੀ ਪਿੰਡ ਲੱਖਣ ਕਲਾਂ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 8 ਸਾਲ ਪਹਿਲਾਂ ਸ਼ਾਹਕੋਟ ਦੇ ਹੁਸੈਨ ਪੁੱਤਰ ਗੁਰਦੀਪ ਲਾਲ ਨਾਲ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੈ ਅਤੇ ਕੋਈ ਕੰਮ-ਧੰਦਾ ਨਹੀਂ ਕਰਦਾ ਅਤੇ ਉਸ ਨੂੰ ਹਰ ਸਮੇਂ ਆਪਣੇ ਪੇਕਿਆਂ ਤੋਂ ਪੈਸੇ ਲਿਆਉਣ ਲਈ ਤੰਗ ਪਰੇਸ਼ਾਨ ਕਰਦਾ ਹੈ। ਐਤਵਾਰ ਨੂੰ ਉਸ ਦੇ ਪਤੀ ਹੁਸੈਨ ਨੇ ਸੱਸ ਪ੍ਰਕਾਸ਼ੋ ਨਾਲ ਮਿਲ ਕੇ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਰਕੇ ਉਹ ਜ਼ਖਮੀ ਹੋ ਗਈ। ਬਾਅਦ 'ਚ ਉਹ ਲੋਕ ਗੱਡੀ 'ਚ ਉਸ ਨੂੰ ਸ਼ਾਹਕੋਟ ਤੋਂ ਕਪੂਰਥਲਾ ਛੱਡ ਗਏ।