ਘਰ ਦਾ ਕੰਮ ਕਰਕੇ ਆਰਾਮ ਕਰ ਰਹੀ ਸੀ ਪਤਨੀ, ਨਸ਼ੇ ਦੇ ਆਦੀ ਪਤੀ ਨੇ ਕੀਤੀ ਕੁੱਟਮਾਰ ਤੇ...

06/20/2017 4:57:37 PM

ਤਪਾ ਮੰਡੀ(ਸ਼ਾਮ, ਗਰਗ)— ਪਤੀ ਵੱਲੋਂ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ 'ਤੇ ਸਿਵਲ ਹਸਪਤਾਲ ਤਪਾ 'ਚ ਦਾਖਲ ਪੀੜਤ ਵਿਆਹੁਤਾ ਲਖਵੀਰ ਕੌਰ ਨੇ ਦੱਸਿਆ ਕਿ 13 ਸਾਲ ਪਹਿਲਾਂ ਉਸ ਦਾ ਵਿਆਹ ਲੌਂਗੋਵਾਲ ਵਿਖੇ ਹੋਇਆ ਸੀ। ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਹੈ ਅਤੇ ਹਰ ਸਮੇਂ ਵਿਹਲਾ ਰਹਿੰਦਾ ਹੈ। ਨਸ਼ੇ ਦੀ ਲੱਤ ਪੂਰੀ ਕਰਨ ਲਈ ਉਸ ਨੇ ਸਾਰੀ ਜ਼ਮੀਨ ਵੇਚ ਦਿੱਤੀ। ਉਹ ਇਕ ਸਕੂਲ 'ਚ ਪੜ੍ਹਾ ਕੇ ਅਤੇ ਲੋਕਾਂ ਦੇ ਘਰਾਂ 'ਚ ਪੋਚੇ ਲਾ ਕੇ ਦੋਹਾਂ ਬੱਚਿਆਂ ਦਾ ਢਿੱਡ ਭਰਦੀ ਹੈ। ਸੋਮਵਾਰ ਨੂੰ ਜਦੋਂ ਉਹ ਪੋਚੇ ਲਗਾ ਕੇ ਘਰ ਆਰਾਮ ਕਰ ਰਹੀ ਸੀ ਕਿ ਨਸ਼ੇ ਦਾ ਆਦੀ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਨ ਲੱਗ ਪਿਆ। ਮਾਂ ਦੀ ਕੁੱਟਮਾਰ ਹੁੰਦੀ ਦੇਖ ਦੋਵੇਂ ਬੱਚੇ ਰੋਣ ਲੱਗ ਪਏ।
ਪੁਲਸ ਨੇ ਨਹੀਂ ਕੀਤੀ ਸੁਣਵਾਈ
ਇਸ ਸੰਬੰਧੀ ਉਸ ਨੇ ਆਪਣੀ ਮਾਂ ਅਤੇ ਭੈਣ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਲੌਂਗੋਵਾਲ ਪੁੱਜ ਕੇ ਇਸ ਦੀ ਸ਼ਿਕਾਇਤ ਪੁਲਸ ਸਟੇਸ਼ਨ ਲੌਂਗੋਵਾਲ ਵਿਖੇ ਕੀਤੀ ਪਰ ਅਣਸੁਣੀ ਕਰ ਦਿੱਤੀ ਗਈ। ਉਸ ਨੇ ਤਪਾ ਦੇ ਹਸਪਤਾਲ 'ਚ ਦਾਖਲ ਹੋ ਕੇ ਇਲਾਜ ਕਰਵਾਉਣਾ ਸ਼ੁਰੂ ਕੀਤਾ। 
ਕੀ ਕਹਿਣਾ ਹੈ ਪੀੜਤਾ ਦੇ ਪਤੀ ਦਾ : 
ਪੀੜਤਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਨਸ਼ਾ ਕਰਨ ਦਾ ਆਦੀ ਸੀ ਪਰ ਹੁਣ ਨਸ਼ਾ ਛੱਡਣ 'ਤੇ ਉਸ ਦੀ ਦਵਾਈ ਚੱਲ ਰਹੀ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੀ ਪਤਨੀ ਦੀ ਕੋਈ ਕੁੱਟਮਾਰ ਨਹੀਂ ਕੀਤੀ। 
ਕੀ ਕਹਿਣਾ ਹੈ ਐੈੱਸ. ਐੈੱਚ. ਓ ਦਾ :
ਐੈੱਸ. ਐੈੱਚ. ਓ. ਲੌਂਗੋਵਾਲ ਜੁਗਰਾਜ ਸਿੰਘ ਦਾ ਕਹਿਣਾ ਹੈ ਕਿ ਪੀੜਤਾ ਦੇ ਤਪਾ ਮੰਡੀ ਹਸਪਤਾਲ 'ਚ ਜਾ ਕੇ ਬਿਆਨ ਕਲਮਬੰਦ ਕਰ ਲਏ ਗਏ ਹਨ, ਜੇਕਰ ਪਤੀ-ਪਤਨੀ ਦਾ ਆਪਸ 'ਚ ਬੈਠ ਕੇ ਸਮਝੌਤਾ ਹੁੰਦਾ ਹੈ ਤਾਂ ਠੀਕ ਹੈ। ਨਹੀਂ ਤਾਂ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।