ਗ੍ਰਾਮੀਣ ਡਾਕ ਸੇਵਕਾਂ ਵਲੋਂ ਭੁੱਖ ਹੜਤਾਲ

11/10/2017 3:36:11 AM

ਕਪੂਰਥਲਾ,   (ਮੱਲ੍ਹੀ)-  ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੇ ਸੱਦੇ 'ਤੇ ਅੱਜ ਆਪਣੀਆਂ ਜਾਇਜ਼ ਤੇ ਭੱਖਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੀ ਇਕਾਈ ਵਲੋਂ ਸਥਾਨਕ ਮੁੱਖ ਡਾਕਘਰ ਸਾਹਮਣੇ ਗ੍ਰਾਮੀਣ ਡਾਕ ਸੇਵਕਾਂ ਵਲੋਂ ਯੂਨੀਅਨ ਦੇ ਡਵੀਜ਼ਨ ਪ੍ਰਧਾਨ ਰਮੇਸ਼ ਖੈੜਾ ਦੀ ਅਗਵਾਈ ਹੇਠ ਭੁੱਖ ਹੜਤਾਲ ਕੀਤੀ ਗਈ, ਜਿਸ 'ਚ ਮੁੱਖ ਤੌਰ 'ਤੇ ਪਹੁੰਚੇ ਯੂਨੀਅਨ ਦੇ ਸਰਕਲ ਪ੍ਰਧਾਨ ਰਮੇਸ਼ ਕੁਮਾਰ ਗਿੱਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸਮੇਂ-ਸਮੇਂ 'ਤੇ ਯੂਨੀਅਨ ਨੂੰ ਉਨ੍ਹਾਂ ਦੀਆਂ ਮੁੱਖ ਮੰਗਾਂ, ਜਿਨ੍ਹਾਂ 'ਚ ਗ੍ਰਾਮੀਣ ਡਾਕ ਸੇਵਕਾਂ ਨੂੰ ਪੱਕੇ ਕਰਨਾ ਤੇ 7ਵੇਂ ਪੇ-ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਲਾਭ ਦੇਣਾ ਆਦਿ ਮੁੱਖ ਹਨ, ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ ਜਾਂਦਾ ਰਿਹਾ ਹੈ ਪਰ ਮੋਦੀ ਸਰਕਾਰ ਦਲਿਤ ਵਾਅਦਾ ਤੇ ਭਰੋਸਾ ਵਫਾ 'ਚ ਨਹੀਂ ਬਦਲਿਆ ਜਿਸ ਕਰਕੇ ਸਾਨੂੰ ਮਜਬੂਰੀ ਕਾਰਨ ਜ਼ਿਲਾ ਹੈੱਡ ਕੁਆਟਰਾਂ 'ਤੇ ਰੋਸ ਧਰਨੇ ਤੇ ਰੋਸ ਮੁਜ਼ਾਹਰੇ ਕਰਨੇ ਪੈ ਰਹੇ ਹਨ।
ਭੁੱਖ ਹੜਤਾਲ ਦੌਰਾਨ ਡਵੀਜ਼ਨ ਪ੍ਰਧਾਨ ਰਮੇਸ਼ ਖੈੜਾ, ਕਪੂਰਥਲਾ ਡਵੀਜ਼ਨ ਸਕੱਤਰ ਕੁਲਦੀਪ ਸਿੰਘ ਸਹੋਤਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਇਕ-ਰੋਜ਼ਾ ਭੁੱਖ ਹੜਤਾਲ ਤਾਂ ਸੰਕੇਤਕ ਰੋਸ ਪ੍ਰਦਰਸ਼ਨ ਸੀ ਤੇ ਹੁਣ ਵੀ ਕੇਂਦਰ ਸਰਕਾਰ ਸਾਡੀਆਂ ਜਾਇਜ਼ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ 'ਚ ਇਹ ਭੁੱਖ ਹੜਤਾਲ ਤੇ ਰੋਸ ਪ੍ਰਦਰਸ਼ਨ ਲੜੀਵਾਰ ਸ਼ੁਰੂ ਕੀਤਾ ਜਾਵੇਗਾ। 
ਇਕ ਦਿਨਾ ਭੁੱਖ ਹੜਤਾਲ 'ਚ ਬੂਟਾ ਸਿੰਘ, ਪਰਮਿੰਦਰ ਸਿੰਘ ਕਰਤਾਰਪੁਰ, ਬਿੰਦਰ ਸਿੰਘ ਭੌਰ, ਲਖਵਿੰਦਰ ਸਿੰਘ ਭੁਲਾਣਾ, ਸ਼ਿੰਗਾਰਾ ਸਿੰਘ, ਚਰਨ ਸਿੰਘ, ਕੁਲਵੰਤ ਸਿੰਘ, ਮੈਡਮ ਗੁਰਦੇਵ ਕੌਰ, ਜਗਜੀਤ ਸਿੰਘ ਤੇ ਅੰਗਰੇਜ ਸਿੰਘ ਆਦਿ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।