ਪਿੰਡ ਜਗਤਪੁਰਾ ਤੋਂ ਫਿਰ ਫੜ੍ਹੀ ਸੈਂਕੜੇ ਲੀਟਰ ਅਲਕੋਹਲ

08/19/2017 9:06:28 PM

ਝਬਾਲ (ਹਰਬੰਸ ਲਾਲੂਘੁੰਮਣ)- ਅਲਕੋਹਲ ਤਸਕਰੀ ਦੇ ਮਾਮਲੇ 'ਚ ਬਦਨਾਮ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਜਗਤਪੁਰਾ ਜਿਥੇ ਫਿਰ ਵੱਡੀ ਮਾਤਰਾ 'ਚ ਅਲਕੋਹਲ ਫੜ੍ਹੀ ਗਈ ਹੈ ਉਥੇ ਹੀ ਇਸ ਪਿੰਡ 'ਚ ਅਲਕੋਹਲ ਦੀ ਹੋ ਰਹੀ ਵੱਡੇ ਪੱਧਰ 'ਤੇ ਤਸਕਰੀ ਪੁਲਸ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣੇ ਹੋਣ ਦੇ ਨਾਲ ਲੋਕ ਚਰਚਾ ਵੀ ਬਣਿਆਂ ਹੋਇਆ ਹੈ ਅਤੇ ਪੁਲਸ 'ਤੇ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਆਖਿਰ ਪੁਲਸ ਦੇ ਨੱਕ ਹੇਠਾਂ ਅਲਕੋਹਲ ਦਾ ਧੰਦਾ ਕਿਸ ਤਰਾਂ ਪ੍ਰਫੁਲਤ ਹੋ ਰਿਹਾ ਹੈ। ਐਕਸਾਇਜ਼ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਕਸਾਇਜ਼ ਵਿਭਾਗ ਅਤੇ ਥਾਣਾ ਪੁਲਸ ਦੇ ਸਾਂਝੇ ਅਭਿਆਨ ਤਹਿਤ ਸ਼ਨੀਵਾਰ ਨੂੰ ਪਿੰਡ ਜਗਤਪੁਰਾ ਵਿਖੇ ਮਾਰੇ ਗਏ ਛਾਪੇ ਦੌਰਾਂਨ ਦੋ ਘਰਾਂ ਚੋਂ 2-2 ਡਰੰਮ (ਪ੍ਰਤੀ ਡਰੰਮ 200 ਲੀਟਰ) ਕੁਲ 800 ਲੀਟਰ ਅਲਕੋਹਲ ਬਰਾਮਦ ਕੀਤੀ ਗਈ ਹੈ। ਐਕਸਾਇਜ ਵਿਭਾਗ ਦੇ ਸੂਤਰਾਂ ਅਨੁਸਾਰ ਅਲਕੋਹਲ ਸਮੇਤ ਦੋ ਲੋਕਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਹੈ। ਬੀਤੇ ਮਹੀਨੇ ਇਕ ਹਫਤੇ 'ਚ ਇਸ ਪਿੰਡ 'ਚੋਂ ਦੋ ਵਾਰ ਵੱਡੀ ਮਾਤਰਾ 'ਚ ਐਕਸਾਇਜ਼ ਵਿਭਾਗ ਵੱਲੋਂ ਅਲਕੋਹਲ ਫੜੀ ਗਈ ਸੀ, ਜਿਸ ਸਬੰਧੀ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵੱਲੋਂ ਹੈਰਾਨ ਕਰ ਦੇਣ ਵਾਲੇ ਖੁਲਾਸੇ ਕਰਦਿਆਂ ਦੱਸਿਆ ਕਿ ਕਥਿਤ ਮਿਲੀਭੁਗਤ ਨਾਲ ਇਹ ਅਲਕੋਹਲ ਰਾਜਪੁਰਾ ਤੋਂ ਜਗਤਪੁਰਾ ਤੱਕ ਪਹੁੰਚ ਰਹੀ ਹੈ। ਲੋਕਾਂ ਦਾ ਪੁਲਸ 'ਤੇ ਵੱਡਾ ਸਵਾਲ ਇਹ ਹੈ ਕਿ ਪੁਲਸ ਅਤੇ ਐਕਸਾਇਜ਼ ਵਿਭਾਗ ਦੇ ਨੱਕ ਹੇਠਾਂ ਆਖਿਰ ਪਿੰਡ ਜਗਤਪੁਰਾ 'ਚ ਅਲਕੋਹਲ ਦਾ ਧੰਦਾ ਕਿਵੇਂ ਪ੍ਰਫੁਲਤ ਹੁੰਦਾ ਜਾ ਰਿਹਾ ਹੈ। 
ਕੀ ਕਹਿਣਾ ਥਾਣਾ ਮੁਖੀ ਹਰਿਤ ਸ਼ਰਮਾ ਦਾ
ਥਾਣਾ ਮੁਖੀ ਝਬਾਲ ਹਰਿਤ ਸ਼ਰਮਾ ਨੂੰ ਜਦੋਂ ਫੜ੍ਹੀ ਗਈ ਅਲਕੋਹਲ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਦਾਅਵਾ ਸੀ ਕਿ ਇਸ ਸਬੰਧੀ ਤਫਤੀਸ ਚੱਲ ਰਹੀ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਸਬੰਧ ਕਿਨ੍ਹਾਂ ਲੋਕਾਂ ਨਾਲ ਹਨ ਅਤੇ ਇਹ ਅਲਕੋਹਲ ਕਿਥੋਂ ਲੈ ਕੇ ਆਂਉਦੇ ਹਨ। ਉਨ੍ਹਾਂ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਉਪਰੰਤ ਹੀ ਜਾਣਕਾਰੀ ਨਸਰ ਕੀਤੀ ਜਾਵੇਗੀ।