ਪੰਜਾਬ ''ਚ ਹੋ ਰਹੀ ਮਨੁੱਖੀ ਸਮਗਲਿੰਗ ''ਤੇ ਸੁਸ਼ਮਾ ਸਵਰਾਜ ਨੇ ਕੈਪਟਨ ਨੂੰ ਕੀਤਾ ਟਵੀਟ

07/29/2018 6:20:05 PM

ਜਲੰਧਰ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਵਿਚ ਹੋ ਰਹੀ ਮਨੁੱਖੀ ਸਮਗਲਿੰਗ ਦੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਦਰਅਸਲ ਤਰਨਤਾਰਨ ਦੇ ਪਿੰਡ ਪੰਡੋਰੀ ਡੋਨਾ ਦੀ ਇਕ ਲੜਕੀ ਏਜੰਟ ਰਾਹੀਂ ਦੁਬਈ ਗਈ ਸੀ, ਜਿਸ ਨੂੰ ਉਥੇ ਬੰਦੀ ਬਣਾ ਲਿਆ ਗਿਆ। ਇਸ ਮਾਮਲੇ ਨੂੰ ਮੋਨਿਕਾ ਸ਼ਰਮਾ ਨਾਮਕ ਇਕ ਲੜਕੀ ਨੇ ਟਵੀਟ ਕਰਕੇ ਵਿਦੇਸ਼ ਮੰਤਰੀ ਦੇ ਧਿਆਨ 'ਚ ਲਿਆਂਦਾ ਜਿਸ ਨੂੰ ਹੁਣ ਸਹੀ ਸਲਾਮਤ ਆਪਣੇ ਘਰ ਪਹੁੰਚਾ ਦਿੱਤਾ ਗਿਆ ਹੈ। 
ਵਿਦੇਸ਼ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਇਸ ਮਾਮਲੇ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਦੁਬਈ ਤੋਂ ਪਰਤੀ ਲੜਕੀ ਨਾਲ ਗੱਲਬਾਤ ਕੀਤੀ ਜਾਵੇ ਅਤੇ ਉਸ ਨੂੰ ਦੁਬਈ ਭੇਜਣ ਵਾਲੇ ਏਜੰਟਾਂ ਦਾ ਪਤਾ ਲਗਾਇਆ ਜਾਵੇ। ਸੁਸ਼ਮਾ ਸਵਰਾਜ ਨੇ ਕਿਹਾ ਕਿ ਪੰਜਾਬ ਵਿਚ ਜਿਸ ਤਰ੍ਹਾਂ ਮਨੁੱਖੀ ਸਮਗਲਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ, ਇਹ ਚਿੰਤਾ ਦਾ ਵਿਸ਼ਾ ਹਨ। ਪੰਜਾਬ ਸਰਕਾਰ ਨੂੰ ਅਜਿਹੇ ਏਜੰਟਾਂ ਦੀ ਪੜਚੋਲ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। 
ਇਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਇਸ ਗੰਭੀਰ ਮਾਮਲੇ ਨੂੰ ਖੁਦ ਦੇਖ ਰਹੇ ਹਨ। ਕੈਪਟਨ ਨੇ ਕਿਹਾ ਕਿ ਮਨੁੱਖੀ ਸਮਗਲਿੰਗ ਕਰਨ ਵਾਲੇ ਏਜੰਟਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮਾਮਲੇ ਸੰਬੰਧੀ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇਗਾ।