ਜਿਸ ਮੁੱਖ ਮੰਤਰੀ ’ਤੇ ਰੇਤ, ਬੱਜਰੀ ਮਾਫ਼ੀਆ ਦੇ ਦੋਸ਼ ਲੱਗਦੇ ਹੋਣ, ਉੱਥੇ ਮਾਫ਼ੀਆ ਕਿਵੇਂ ਰੁਕੇਗਾ? : ਕੇਜਰੀਵਾਲ

12/08/2021 2:42:28 PM

ਅੰਮ੍ਰਿਤਸਰ (ਜ.ਬ) : ਪੰਜਾਬ ਅੰਦਰ ਇਕੱਲੇ ਰੇਤ ਖਣਨ (ਰੇਤ ਮਾਫ਼ੀਆ) ’ਚ ਹੀ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਗੈਰ-ਕਾਨੂੰਨੀ ਕਾਰੋਬਾਰ ਚੱਲ ਰਿਹਾ ਹੈ, ਜਿਸ ’ਚ ਸੱਤਾਧਾਰੀ (ਰੂਲਿੰਗ) ਕਾਂਗਰਸ ਦੇ ਵਿਧਾਇਕ, ਵਜ਼ੀਰ ਅਤੇ ਖ਼ੁਦ ਮੁੱਖ ਮੰਤਰੀ ਸਮੇਤ ਇਨ੍ਹਾਂ ਦੇ ਕਰੀਬੀਆਂ ’ਤੇ ਸਿੱਧੇ ਤੌਰ ’ਤੇ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਸੱਤਾਧਾਰੀ ਕਾਂਗਰਸ ਦੇ ਮਾਫ਼ੀਆ ਰਾਜ ’ਤੇ ਹਮਲਾ ਬੋਲਦਿਆਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ। ‘ਆਪ’ ਸੁਪਰੀਮੋ ਕੇਜਰੀਵਾਲ ਮੰਗਲਵਾਰ ਸਵੇਰੇ ਗੁਰੂ ਨਗਰੀ ਦੇ ਏਅਰਪੋਰਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੇਜਰੀਵਾਲ ਇਕ ਰੋਜ਼ਾ ਪੰਜਾਬ ਫੇਰੀ ਦੌਰਾਨ ਕਰਤਾਰਪੁਰ (ਜਲੰਧਰ) ਅਤੇ ਹੁਸ਼ਿਆਰਪੁਰ ’ਚ ਆਯੋਜਿਤ ਪਾਰਟੀ ਪ੍ਰੋਗਰਾਮਾਂ ’ਚ ਹਿੱਸਾ ਲੈਣ ਆਏ ਸਨ। ਕੇਜਰੀਵਾਲ ਨੇ ਕਿਹਾ ਕਿ ਰੇਤ ਮਾਫ਼ੀਆ ਸਮੇਤ ਬਾਕੀ ਅਨੇਕਾਂ ਗੈਰ-ਕਾਨੂੰਨੀ ਧੰਦਿਆਂ (ਮਾਫ਼ੀਆ) ’ਚ ਸ਼ਮੂਲੀਅਤ ਬਾਰੇ ਮੁੱਖ ਮੰਤਰੀ ਸਮੇਤ ਬਾਕੀ ਵਿਧਾਇਕਾਂ-ਵਜ਼ੀਰਾਂ ’ਤੇ ਉਗਲਾਂ ਉੱਠ ਰਹੀਆਂ ਹਨ ਤਾਂ ਆਮ ਜਨਤਾ ਦੇ ਹਿੱਤਾਂ ਦੀ ਰੱਖਿਆ ਕੌਣ ਕਰੇਗਾ? ਪੰਜਾਬ ਦੇ ਹਿੱਤ ਕੌਣ ਬਚਾਏਗਾ? ਇਨਸਾਫ਼ ਲਈ ਆਮ ਲੋਕ ਕਿਸ ਕੋਲ ਜਾਣਗੇ? ਕੀ ਅਜਿਹੇ ਮਾਫ਼ੀਆ ਅਤੇ ਮਾਫ਼ੀਆ ਰਾਜ ਦੇ ਸਰਪ੍ਰਸਤਾਂ ਕੋਲੋਂ ਪੰਜਾਬ ਅਤੇ ਪੰਜਾਬ ਦੀ ਜਨਤਾ ਦੇ ਭਲੇ ਦੀ ਉਮੀਦ ਕੀਤੀ ਜਾ ਸਕਦੀ ਹੈ? ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜਿਸ ਸੂਬੇ ਦੇ ਮੁੱਖ ਮੰਤਰੀ ’ਤੇ ਰੇਤ, ਬਜ਼ਰੀ ਮਾਫੀਏ ਦੇ ਦੋਸ਼ ਲਗਦੇ ਹੋਣ ਉਸ ਸੂਬੇ ਵਿਚ ਮਾਫੀਆ ਕਿਵੇਂ ਰੁਕੇਗਾ?

ਇਹ ਵੀ ਪੜ੍ਹੋ : ਕਾਂਗਰਸ ਦੇ ਵਾਰ ਰੂਮ ‘15 ਆਰ. ਜੀ.’ ’ਚ ਪੰਜਾਬ ਦੀਆਂ 117 ਸੀਟਾਂ ’ਤੇ ਮੰਥਨ

ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਬਾਦਲਾਂ ਅਤੇ ਭਾਜਪਾ ਦੇ ਮਾਫ਼ੀਆ ਰਾਜ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ। 2017 ’ਚ ਲੋਕਾਂ ਨੇ ਕਾਂਗਰਸ ਅਤੇ ਕੈਪਟਨ ’ਤੇ ਵਿਸ਼ਵਾਸ ਕੀਤਾ, ਪ੍ਰੰਤੂ ਇਹ ਵੀ ਬਾਦਲਾਂ ਦੇ ਨਕਸ਼ੇ ਕਦਮ ’ਤੇ ਤੁਰ ਪਏ ਅਤੇ ਪੌਣੇ 5 ਸਾਲਾਂ ’ਚ ਪੰਜਾਬ ਅਤੇ ਪੰਜਾਬੀਆਂ ਨੂੰ ਬਿਲਕੁਲ ਤੋੜ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਇਕ ਅੰਦਾਜ਼ੇ ਮੁਤਾਬਿਕ ਸਿਰਫ਼ ਰੇਤ-ਬਜਰੀ ਖਣਨ ’ਚ ਪ੍ਰਤੀ ਸਾਲ 20 ਹਜ਼ਾਰ ਕਰੋੜ ਰੁਪਏ ਦਾ ਗੈਰ ਕਾਨੂੰਨੀ ਕਾਰੋਬਾਰ ਪੰਜਾਬ ’ਚ ਚੱਲ ਰਿਹਾ ਹੈ। ਇਹ ਪੈਸਾ ਜਨਤਾ ਦੀ ਭਲਾਈ ਲਈ ਵਰਤਿਆ ਜਾ ਸਕਦਾ ਹੈ ਪਰ ਇਹ ਸਰਕਾਰੀ ਖ਼ਜ਼ਾਨੇ ਦੀ ਥਾਂ ਲੀਡਰਾਂ ਦੀਆਂ ਜੇਬਾਂ ’ਚ ਜਾ ਰਿਹਾ ਹੈ। ਕੇਜਰੀਵਾਲ ਨੇ ਵਚਨਬੱਧਤਾ ਦਿੱਤੀ ਕਿ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ ਰੇਤ ਖਣਨ ਸਮੇਤ ਸਾਰੇ ਕਾਲੇ ਧੰਦੇ ਬੰਦ ਕੀਤੇ ਜਾਣਗੇ। ਮਾਫ਼ੀਆ ਰਾਜ ਕਾਰਨ ਸੂਬੇ ਦੇ ਸਾਧਨਾਂ-ਸਰੋਤਾਂ ਦੇ ਜੋ ਪੈਸੇ ਸਿਆਸੀ ਲੀਡਰਾਂ ਦੀਆਂ ਜੇਬਾਂ ’ਚ ਜਾ ਰਹੇ ਹਨ, ਉਹ ਪੈਸਾ ਮਾਵਾਂ-ਭੈਣਾਂ, ਬਜ਼ੁਰਗਾਂ ਦੀਆਂ ਲੋੜਵੰਦ ਜੇਬਾਂ ’ਚ ਜਾਇਆ ਕਰੇਗਾ।

ਇਹ ਵੀ ਪੜ੍ਹੋ : ਪੰਜਾਬ ’ਚ ਅਗਲੀ ਸਰਕਾਰ ਅਕਾਲੀ ਦਲ-ਬਸਪਾ ਗਠਜੋੜ ਦੀ ਬਣੇਗੀ : ਪ੍ਰੋ. ਵਲਟੋਹਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha