ਹੋਲੇ ਮਹੱਲੇ ਦੇ ਦੂਜੇ ਦਿਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਹੋਈਆ ਨਤਮਸਤਕ

03/26/2021 5:11:22 PM

ਸ੍ਰੀ  ਕੀਰਤਪੁਰ ਸਾਹਿਬ ( ਬਾਲੀ ) : ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਲਾਨਾ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਜੋੜ ਮੇਲੇ ਦੇ ਦੂਸਰੇ ਦਿਨ ਸ੍ਰੀ ਕੀਰਤਪੁਰ ਸਾਹਿਬ ਦੇ ਵੱਖ-ਵੱਖ ਗੁਰੂ ਘਰਾਂ ’ਚ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨੇ ਮੱਥਾ ਟੇਕਿਆ। ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਬਾਵਜੂਦ ਬਿਨਾਂ ਡਰ ਤੋਂ ਹਜ਼ਾਰਾਂ ਦੀ ਤਦਾਦ ’ਚ ਸੰਗਤਾਂ ਟਰੱਕਾਂ, ਬੱਸਾਂ, ਕਾਰਾਂ, ਟਰੈਕਟਰ ਟਰਾਲੀਆਂ, ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਪਣੇ ਵਾਹਨਾਂ ’ਤੇ ਕੇਸਰੀ ਰੰਗ ਦੇ ਝੰਡੇ ਲਗਾ ਕੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ,‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡਦੇ ਹੋਏ ਪੁੱਜ ਰਹੀਆਂ ਹਨ।ਇਤਿਹਾਸਕ ਗੁਰਦੁਆਰਿਆਂ ਜਿੰਨਾਂ ਵਿੱਚੋਂ ਗੁਰਦੁਆਰਾ ਪਤਾਲਪੁਰੀ ਸਾਹਿਬ, ਗੁ. ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਬਿਬਾਣਗੜ ਸਾਹਿਬ , ਗੁਰਦੁਆਰਾ ਸੀਸ ਮਹਿਲ ਸਾਹਿਬ , ਗੁ.ਕੋਟ ਸਾਹਿਬ ਅਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ , ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਸੰਗਤਾਂ ਵੱਲੋਂ ਪੈਦਲ ਪੌੜੀਆਂ ਦੇ ਰਸਤੇ ਰਾਹੀਂ ਵੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ ਨੂੰ ਵੀ ਆਇਆ ਜਾ ਰਿਹਾ ਹੈ। ਸੰਗਤ ਵੱਲੋਂ ਮੇਲੇ ਦੌਰਾਨ ਵੱਖ-ਵੱਖ ਥਾਂਵਾਂ ’ਤੇ ਸੱਜੀਆਂ ਹੋਈਆਂ ਦੁਕਾਨਾਂ ’ਤੇ ਜਾ ਕੇ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਸਮਾਨ ਦੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ।

ਸਤਲਾਣੀ ਸਾਹਿਬ ਡੇਰੇ ਵੱਲੋਂ ਲੰਗਰ ਦੀ ਸੇਵਾ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸਤਲਾਣੀ ਸਾਹਿਬ ਡੇਰਾ ਨੇੜੇ ਬਾਘਾਬਾਰਡਰ ਦੀ ਸੰਗਤ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਡੇਰੇ ਦੇ ਮੁੱਖ ਸੇਵਾਦਾਰ ਬਾਬਾ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਉਨ੍ਹਾਂ ਦੇ ਡੇਰੇ ਵੱਲੋਂ ਹੋਲੇ ਮਹੱਲੇ ਮੌਕੇ ਗੁ: ਪਤਾਲਪੁਰੀ ਸਾਹਿਬ ਦੇ ਲੰਗਰ ਹਾਲ ਵਿੱਚ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਇਸ ਵਾਰ ਵੀ ਇਹ ਲੰਗਰ ਦੀ ਸੇਵਾ ਚੱਲ ਰਹੀ ਹੈ ਜਿਸ ਵਿੱਚ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾ ਕੇ ਸੰਗਤ ਵਿੱਚ ਵਰਤਾਏ ਜਾ ਰਹੇ ਹਨ। ਪਿੰਡ ਬਰੂਵਾਲ ਵਿਖੇ ਯਾਦਗਾਰੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਹਰ ਸਾਲ ਹੋਲੇ ਮਹੱਲੇ ਦੇ ਮੌਕੇ ’ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਤੇੜਾਂ ਕਲਾਂ ਜ਼ਿਲ੍ਹਾ ਅਜਨਾਲਾ ਦੀਆਂ ਸੰਗਤਾਂ ਵੱਲੋਂ ਦੇਸੀ ਘਿਓ ਨਾਲ ਤਿਆਰ ਪਕਵਾਨ ਤੇ ਪਰਸਾਦਿਆਂ ਦਾ ਲੰਗਰ ਲਗਾਇਆ ਗਿਆ ਹੈ ।

ਹੋਲੇ ਮਹੱਲੇ ਦੇ ਸਬੰਧ ਵਿਚ ਪਿੰਡ ਤੇੜਾਂ ਕਲਾਂ ਜ਼ਿਲ੍ਹਾ ਅਜਨਾਲਾ ਦੀ ਸੰਗਤ ਵੱਲੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ  ਹਰ ਸਾਲ ਹੋਲੇ ਮਹੱਲੇ ਮੌਕੇ ਲੰਗਰ ਲਗਾਉਣ ਵਾਲਿਆਂ ਪ੍ਰਬੰਧਕਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਨਾਲ ਪ੍ਰਿੰਸੀਪਲ ਸੁਰਿੰਦਰ ਸਿੰਘ , ਭਾਈ ਅਮਰਜੀਤ ਸਿੰਘ ਚਾਵਲਾ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰਾਂ) ਵੀ ਹਾਜ਼ਰ ਸਨ। ਸੰਗਤ ਦੀ ਸਹੂਲਤ ਲਈ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧ ਅਧੀਨ ਚਲਦੇ ਡੇਰਾ ਬਾਬਾ ਸ੍ਰੀ ਚੰਦ ਜੀ, ਗੁਰਦੁਆਰਾ ਥੜਾ ਸਾਹਿਬ ਵਿਖੇ ਵੀ ਸੰਗਤ ਦੀ ਸਹੂਲਤ ਲਈ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਜੀ ਦੀ ਯੋਗ ਅਗਵਾਈ ਹੇਠ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਮੇਲੇ ਦੌਰਾਨ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਗੁ. ਚਰਨ ਕੰਵਲ ਸਾਹਿਬ ਵਿਖੇ ਲੱਗੇ ਦੀਵਾਨ ਵਿਚ ਸੰਗਤਾਂ ਬੈਠ ਕੇ ਡਾਢੀ ਵਾਰਾਂ ਸੁਣ ਕੇ ਸਿੱਖ ਇਤਿਹਾਸ ਤੋਂ ਜਾਣੂ ਹੋ ਰਹੀਆ ਹਨ। ਮੇਲੇ ਦੇ ਦਿਨ ਬੀਤਣ ਦੇ ਨਾਲ ਨਾਲ ਸੰਗਤ ਦੀ ਆਮਦ ਵਿਚ ਵੀ ਵਾਧਾ ਹੋ ਰਿਹਾ ਹੈ। ਆਖਰੀ ਦੋ ਦਿਨਾਂ ਵਿਚ ਮੇਲਾ ਪੂਰੇ ਜੋਬਨ ਤੇ ਭਰਨ ਦੀ ਉਮੀਦ ਹੈ।  

Anuradha

This news is Content Editor Anuradha