ਉੱਚੀ ਦੁਕਾਨ, ਫਿੱਕਾ ਪਕਵਾਨ : ਕੇਕ ''ਚੋਂ ਨਿਕਲਿਆ ਕਾਕਰੋਚ

09/17/2017 7:04:22 AM

ਸੰਗਰੂਰ(ਬੇਦੀ)- ਸ਼ਹਿਰ ਦੇ ਇਕ ਨਾਮੀ ਹੋਟਲ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਖਾਣ ਵਾਲੀਆਂ ਚੀਜ਼ਾਂ ਦੀ ਸ਼ੁੱਧਤਾ ਵਿਚ ਉਸ ਸਮੇਂ ਵੱਡੇ ਪੱਧਰ 'ਤੇ ਖਾਮੀਆਂ ਸਾਹਮਣੇ ਆਈਆਂ ਜਦੋਂ ਜਨਮ ਦਿਨ 'ਤੇ ਖਰੀਦੇ ਗਏ ਕੇਕ ਵਿਚੋਂ ਕਾਕਰੋਚ ਨਿਕਲਿਆ। ਜਿਸਤੋਂ ਬਾਅਦ ਖਰੀਦਦਾਰ ਵਿਅਕਤੀ ਜਦੋਂ ਇਸਦੀ ਸ਼ਿਕਾਇਤ ਲੈ ਕੇ ਹੋਟਲ ਵਿਚ ਗਿਆ ਤਾਂ  ਉਸਦੀ ਕੋਈ ਸੁਣਵਾਈ ਨਹੀਂ ਹੋਈ, ਬਲਕਿ ਹੋਟਲ ਦੇ ਮੁਲਾਜ਼ਮਾਂ ਨੇ ਉਸ ਨਾਲ ਹੱਥੋਪਾਈ ਕੀਤੀ। ਜਸਪ੍ਰੀਤ ਸਿੰਘ ਲੱਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਅੱਜ ਇਕ ਹੋਟਲ 'ਚੋਂ ਕੇਕ ਖਰੀਦਿਆ ਸੀ ਪਰ ਜਦੋਂ ਕੇਕ ਨੂੰ ਖੋਲ੍ਹਿਆ ਤਾਂ ਉਸ 'ਚੋਂ ਕਾਕਰੋਚ ਨਿਕਲਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਕੇਕ ਵਿਚ ਕਾਕਰੋਚ ਸਬੰਧੀ ਹੋਟਲ ਦੇ ਸਟਾਫ ਨੂੰ ਦੱਸਣਾ ਚਾਹਿਆ ਤਾਂ ਇਕ ਕਰਮਚਾਰੀ ਨੇ ਉਨ੍ਹਾਂ ਨਾਲ ਹੱਥੋਪਾਈ ਕਰਦਿਆਂ ਕੇਕ ਖੋਹ ਲਿਆ ਤੇ ਮਾਮਲਾ ਰਫਾ- ਦਫਾ ਕਰਨ ਦੀ ਕੋਸ਼ਿਸ਼ ਕੀਤੀ। ਕਾਫੀ ਹੰਗਾਮਾ ਹੋਣ 'ਤੇ ਹੋਟਲ ਮਾਲਕ ਤੇ ਮੁਲਾਜ਼ਮਾਂ ਨੇ ਇਸਦੇ ਲਈ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਹੀ ਮੁਨਾਸਿਬ ਸਮਝਿਆ ਪਰ ਵੇਖਣ ਵਾਲੀ ਗੱਲ ਹੈ ਕਿ ਛੋਟੀਆਂ ਰੇਹੜੀਆਂ 'ਤੇ ਸਿਰਫ ਕਾਰਵਾਈ ਦੀ ਖਾਨਾਪੂਰਤੀ ਕਰਨ ਵਾਲੇ ਸਿਹਤ ਵਿਭਾਗ ਦਾ ਅਜਿਹੇ ਨਾਮੀ ਹੋਟਲਾਂ ਵੱਲ ਧਿਆਨ ਕਿਉਂ ਨਹੀਂ ਜਾਂਦਾ। ਸਿਹਤ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਵੀ ਕਈ ਸਵਾਲ ਖੜ੍ਹੇ ਕਰਦੀ ਹੈ।