ਪੰਜਾਬ ਐਕਸਾਈਜ਼ ਪਾਲਿਸੀ ਵਿਚ ਬਦਲਾਅ ਨਾਲ ਹੋਟਲ, ਰੈਸਟੋਰੈਂਟ ਕਾਰੋਬਾਰੀ ਖੁਸ਼

07/23/2017 5:13:44 AM

ਲੁਧਿਆਣਾ(ਸੇਠੀ)-ਪੰਜਾਬ ਹਾਈਵੇ 'ਤੇ ਬੰਦ ਪਏ 1600 ਦੇ ਲਗਭਗ ਬਾਰ ਰੈਸਟੋਰੈਂਟ, ਹੋਟਲ ਅਤੇ ਮੈਰਿਜ ਪੈਲੇਸ ਨੂੰ ਰਾਜ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ ਜੋ ਕਿ ਸੁਪਰੀਮ ਕੋਰਟ ਵੱਲੋਂ ਲਾਏ ਗਏ, ਸ਼ਰਾਬ ਪਾਬੰਦੀ ਕਾਰਨ ਬੰਦ ਹੋਣ ਕੰਢੇ ਸਨ। ਸਰਕਾਰ ਨੇ ਪੰਜਾਬ ਐਕਸਾਈਜ਼ ਪਾਲਿਸੀ ਵਿਚ ਸੋਧ ਕਰ ਕੇ ਹੋਟਲ, ਬਾਰ, ਰੈਸਟੋਰੈਂਟ, ਮੈਰਿਜ ਪੈਲੇਸ ਅਤੇ ਕਲੱਬ ਸ਼ਰਾਬ ਤੋਂ ਇਲਾਵਾ ਹੋਰ ਅਧਿਸੂਚਿਤ ਥਾਵਾਂ ਨੂੰ ਛੱਡ ਦਿੱਤਾ ਗਿਆ ਹੈ ਜੋ ਕਿਸੇ ਵੀ ਰਾਜ ਜਾਂ ਰਾਸ਼ਟਰੀ ਰਾਜ ਮਾਰਗ ਦੇ 500 ਮੀਟਰ ਦੇ ਅੰਦਰ ਆਉਂਦੇ ਹਨ। ਇਸ ਦਾ ਨੋਟੀਫਿਕੇਸ਼ਨ ਵਿਭਾਗ ਨੇ 21 ਜੁਲਾਈ 2017 ਨੂੰ ਪ੍ਰਦੇਸ਼ ਦੇ ਸਾਰੇ ਡਿਪਟੀ ਆਬਕਾਰੀ ਤੇ ਕਰ ਅਧਿਕਾਰੀਆਂ ਨੂੰ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਲਾਇਸੈਂਸ ਦੇਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਜਿਸ ਦਿਨ ਇਸ ਕਾਨੂੰਨ ਵਿਚ ਸੋਧ ਹੋਈ ਕਾਰੋਬਾਰੀਆਂ ਨੇ ਸ਼ਰਾਬ ਦੇ ਲਾਇਸੈਂਸ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਐੱਸ. ਸੀ. ਵੱਲੋਂ ਪਾਬੰਦੀ ਤੋਂ ਬਾਅਦ ਸਬੰਧਤ ਕਾਰੋਬਾਰੀ ਪ੍ਰੇਸ਼ਾਨੀ ਦੇ ਆਲਮ ਵਿਚ ਸਨ ਕਿਉਂਕਿ ਅਦਾਲਤ ਨੇ ਸਾਰੇ ਕਾਰੋਬਾਰੀਆਂ ਨੂੰ ਹਾਈਵੇ 'ਤੇ ਸ਼ਰਾਬ ਪਰੋਸਣ 'ਤੇ ਪਾਬੰਦੀ ਲਾਈ ਸੀ ਪਰ ਇਸ ਸੋਧ ਤੋਂ ਬਾਅਦ ਸਾਰੇ ਹੋਟਲ, ਰੈਸਟੋਰੈਂਟ, ਬਾਰ ਅਤੇ ਮੈਰਿਜ ਪੈਲੇਸਾਂ ਵਾਲੇ ਖੁਸ਼ ਹਨ। ਜ਼ਿਕਰਯੋਗ ਹੈ ਕਿ 1 ਅਪ੍ਰੈਲ 2017 ਤੋਂ ਸ਼ਰਾਬ 'ਤੇ ਪਾਬੰਦੀ ਹੋਣ ਕਾਰਨ ਸਬੰਧਤ ਕਾਰੋਬਾਰ ਰਾਜ ਸਰਕਾਰ ਤੋਂ ਰਾਹਤ ਦੀ ਮੰਗ ਕਰ ਰਹੇ ਸਨ ਜਿਸ ਤੋਂ ਬਾਅਦ 20 ਜੂਨ ਨੂੰ ਹੋਈ ਪੰਜਾਬ ਕੈਬਨਿਟ ਨੇ ਪੰਜਾਬ ਐਕਸਾਈਜ਼ ਸ਼ਰਾਬ ਪਾਬੰਦੀ ਤੋਂ 500 ਮੀਟਰ ਦੇ ਰਾਸ਼ਟਰੀ ਅਤੇ ਰਾਜ ਮਾਰਗਾਂ ਦੇ ਅੰਦਰ ਸਥਿਤ ਹੋਟਲ ਅਤੇ ਰੈਸਟੋਰੈਂਟ ਨੂੰ ਛੂਟ ਦੇ ਦਿੱਤੀ ਗਈ।