ਬਿਨ੍ਹਾਂ ਡਾਕਟਰ ਤੋਂ ਚੱਲ ਰਿਹੈ ਹਸਪਤਾਲ, 3 ਨਵਜੰਮੇ ਬੱਚਿਆਂ ਦੀ ਮੌਤ

05/21/2019 5:59:48 AM

ਨਵਾਂਸ਼ਹਿਰ, (ਤ੍ਰਿਪਾਠੀ)— ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ 'ਚ ਨਵਜੰਮੇ ਬੱਚਿਆਂ ਨੂੰ ਜੀਵਨ ਦੇਣ ਦੇ ਸਥਾਨ 'ਤੇ ਮੌਤ ਦਾ ਘਰ ਬਣਦਾ ਜਾ ਰਿਹਾ ਹੈ ਜਿਸ ਦੀ ਸਪੱਸ਼ਟ ਉਦਾਹਰਣ ਪਿਛਲੇ 4 ਦਿਨਾਂ 'ਚ ਹੋਈਆਂ 3 ਨਵਜੰਮੇ ਬੱਚਿਆਂ ਦੀ ਮੌਤ ਤੋਂ ਮਿਲਦਾ ਹੈ।ਜ਼ਿਲ੍ਹਾ ਹਸਪਤਾਲ 'ਚ ਡਲਿਵਰੀ ਕਰਵਾਉਣ ਆਉਣ ਵਾਲੀਆਂ ਔਰਤਾਂ ਦੇ ਨਵਜੰਮੇ ਬੱਚਿਆਂ ਦੀ ਮੌਤ ਦਾ ਕਾਰਨ ਹਸਪਤਾਲ 'ਚ ਮਨਜ਼ੂਰਸ਼ੁਦਾ 3 ਗਾਇਨੀਕਾਲੋਜਿਸਟ 'ਚੋਂ ਇਕ ਵੀ ਡਾਕਟਰ ਦਾ ਨਾ ਹੋਣਾ ਮੰਨਿਆ ਜਾ ਰਿਹਾ ਹੈ।

2 ਲੜਕੀਆਂ ਦੇ ਬਾਅਦ ਹੋਏ ਲੜਕੇ ਦੀ ਖੁਸ਼ੀ ਚੰਦ ਮਿੰਟਾਂ ਦੇ ਬਾਅਦ ਹੋਈ ਖ਼ਾਕ
ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ 'ਚ ਆਪਣੀ ਪਤਨੀ ਦੀ ਡਲਿਵਰੀ ਕਰਵਾਉਣ ਪਹੁੰਚੇ ਧਨੀ ਰਾਮ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਯੂ.ਪੀ. ਦੇ ਜ਼ਿਲ੍ਹਾ ਗੌਂਡਾ ਦਾ ਰਹਿਣ ਵਾਲਾ ਹੈ ਅਤੇ ਪਿਛਲੇ 6-7 ਸਾਲ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖੁਰਦਾਂ ਵਿਖੇ ਮੈਸਨ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਉਸ ਦੀਆਂ ਢਾਈ ਅਤੇ ਡੇਢ ਸਾਲ ਦੀਆਂ 2 ਲੜਕੀਆਂ ਹਨ ਅਤੇ ਉਸ ਦੀ ਪਤਨੀ ਦੇ ਗਰਭਵਤੀ ਹੋਣ ਕਾਰਨ ਉਹ ਪਿਛਲੀ ਰਾਤ ਕਰੀਬ 2 ਵਜੇ ਜ਼ਿਲ੍ਹਾ ਹਸਪਤਾਲ 'ਚ ਡਲਿਵਰੀ ਦੇ ਲਈ ਆਪਣੀ ਪਤਨੀ ਨੂੰ ਲੈ ਕੇ ਆਇਆ ਸੀ। ਸੋਮਵਾਰ ਸਵੇਰੇ ਸਾਢੇ 9 ਵਜੇ ਉਸ ਦੀ ਪਤਨੀ ਨੇ ਲੜਕੇ ਨੂੰ ਜਨਮ ਦਿੱਤਾ ਸੀ। ਜਿਸ ਦੇ ਉਪਰੰਤ ਉਸ ਦੇ ਬੱਚੇ ਨੂੰ ਪਤਨੀ ਦੇ ਨਾਲ ਪਾ ਵੀ ਦਿੱਤਾ ਪਰ ਮੈਨੂੰ ਬਾਅਦ 'ਚ ਡਾਕਟਰ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਧੜਕਣ ਘੱਟ ਹੋਣ ਕਾਰਨ ਮੌਤ ਹੋ ਗਈ ਹੈ ਜਿਸ ਦੇ ਸਬੰਧੀ ਉਸ ਦੀ ਪਤਨੀ ਨੂੰ ਹਾਲੇ ਤੱਕ ਕੁਝ ਨਹੀਂ ਦੱਸਿਆ ਗਿਆ ਹੈ। ਉਸ ਨੇ ਦੱਸਿਆ ਕਿ 2 ਲੜਕੀਆਂ ਦੇ ਬਾਅਦ ਲੜਕਾ ਹੋਣ 'ਤੇ ਉਹ ਬਹੁਤ ਖੁਸ਼ ਸੀ ਪਰ ਚੰਦ ਮਿੰਟਾਂ ਦੀ ਖੁਸ਼ੀ ਵੀ ਖ਼ਾਕ ਹੋ ਗਈ।


ਬਿਨ੍ਹਾਂ ਲੇਡੀ ਡਾਕਟਰ ਦੇ ਦੇਖਭਾਲ ਨਾ ਹੋਣ ਕਾਰਨ ਹੋਈ ਪਹਿਲੇ ਬੱਚੇ ਦੀ ਮੌਤ
ਜ਼ਿਲ੍ਹਾ ਹਸਪਤਾਲ 'ਚ ਡਲਿਵਰੀ ਦੇ ਲਈ ਪੁੱਜੀ ਅੰਜੂ ਦੀ ਜੇਠਾਣੀ ਸ਼ਿਵਾਲੀ ਨੇ ਦੱਸਿਆ ਕਿ 11 ਮਹੀਨੇ ਪਹਿਲਾਂ ਅੰਜੂ ਦਾ ਦੀਪਕ ਵਾਸੀ ਨਵਾਂਸ਼ਹਿਰ ਜੋ ਕਬਾੜ ਦਾ ਕੰਮ ਕਰਦਾ ਹੈ ਦੇ ਨਾਲ ਵਿਆਹ ਹੋਇਆ ਸੀ। ਗਰਭਵਤੀ ਹੋਣ ਤੇ ਸਮਾਂ ਪੂਰਾ ਹੋਣ 'ਤੇ ਉਸ ਨੂੰ 18 ਮਈ ਦੀ ਰਾਤ ਨੂੰ ਜ਼ਿਲਾ ਹਸਪਤਾਲ 'ਚ ਡਲਿਵਰੀ ਦੇ ਲਈ ਲਿਆਂਦਾ ਗਿਆ ਸੀ। ਹਸਪਤਾਲ ਵਾਲਿਆਂ ਨੇ ਲੜਕਾ ਹੋਣ ਦੀ ਸੂਚਨਾ ਦਿੱਤੀ ਤਾਂ ਉਹ ਪੂਰਾ ਪਰਿਵਾਰ ਪਹਿਲਾ ਬੱਚਾ ਲੜਕਾ ਹੋਣ 'ਤੇ ਬਹੁਤ ਖੁਸ਼ ਸੀ। ਉਸ ਨੇ ਦੱਸਿਆ ਕਿ ਨਵਜੰਮਿਆ ਬੱਚਾ ਹੈਲਦੀ ਸੀ ਪਰ ਕੁਝ ਹੀ ਘੰਟਿਆਂ ਬਾਅਦ ਦੱਸਿਆ ਗਿਆ ਕਿ ਦਿਲ ਦੀ ਧੜਕਣ ਘੱਟ ਹੋਣ ਦੇ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਸ਼ਿਵਾਲੀ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜੇਕਰ ਹਸਪਤਾਲ ਪ੍ਰਸ਼ਾਸਨ ਦੇ ਕੋਲ ਗਾਇਨੀਕਾਲੋਜਿਸਟ ਡਾਕਟਰ ਹੀ ਨਹੀਂ ਸੀ ਤਾਂ ਉਹ ਗਰਭਵਤੀ ਔਰਤਾਂ ਦੇ ਪ੍ਰਸੂਤਾ ਦਾ ਰਿਸਕ ਲੈ ਕੇ ਦੂਸਰਿਆਂ ਦੇ ਜੀਵਨ ਨੂੰ ਕਿਉਂ ਬਰਬਾਦ ਕਰ ਰਹੇ ਹਨ।

1 ਲੜਕੀ ਦੇ ਬਾਅਦ ਹੋਇਆ ਸੀ ਲੜਕਾ ਪਰ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਹੋਈ ਨਵਜੰਮੇ ਬੱਚੇ ਦੀ ਮੌਤ
ਮੂਲ ਰੂਪ ਨਾਲ ਦੂਸਰੇ ਰਾਜ 'ਚ ਰਹਿਣ ਵਾਲੀ ਅੰਗੂਰੀ ਦੇਵੀ ਨੇ ਦੱਸਿਆ ਕਿ ਉਸ ਦੀ ਲੜਕੀ ਜਯੋਤੀ ਦਾ ਪਤੀ ਤੇ ਉਸ ਦਾ ਜਵਾਈ ਜਾਡਲਾ 'ਚ ਇਕ ਹਲਵਾਈ ਦੇ ਨਾਲ ਲੱਗ ਕੇ ਕੰਮ ਕਰਦਾ ਹੈ। ਉਸ ਦੀ ਲੜਕੀ ਜੋਤੀ ਪਹਿਲਾਂ ਵੀ ਇਕ ਲੜਕੀ ਦੀ ਮਾਂ ਹੈ। ਦੁਬਾਰਾ ਗਰਭਵਤੀ ਹੋਣ ਅਤੇ ਸਮਾਂ ਪੂਰਾ ਹੋਣ 'ਤੇ ਉਸ ਨੂੰ ਹਸਪਤਾਲ 'ਚ ਡਲਿਵਰੀ ਦੇ ਲਈ ਲਿਆਂਦਾ ਸੀ। ਡਲਿਵਰੀ ਦੇ ਬਾਅਦ ਲੜਕਾ ਹੋਇਆ ਸੀ ਜਿਸ ਨੂੰ ਸਵਸਥ ਦੱਸ ਕੇ ਮਾਂ ਦੇ ਕੋਲ ਵੀ ਲਿਟਾਇਆ ਗਿਆ ਸੀ। ਪਰ ਕੁਝ ਸਮੇਂ ਦੇ ਬਾਅਦ ਹਸਪਤਾਲ ਦੀਆਂ ਨਰਸਾਂ ਨੇ ਦੱਸਿਆ ਕਿ ਨਵਜੰਮੇ ਬੱਚੇ ਮੌਤ ਹੋ ਗਈ ਹੈ।


ਅਪ੍ਰੈਲ ਮਹੀਨੇ 'ਚ 1 ਅਤੇ ਮਈ 'ਚ ਹੁਣ ਤੱਕ 4 ਨਵਜੰਮੇ ਬੱਚਿਆਂ ਦੀ ਹੋ ਚੁੱਕੀ ਹੈ ਮੌਤ
ਹਸਪਤਾਲ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਅਪ੍ਰੈਲ ਮਹੀਨੇ 'ਚ ਡਲਿਵਰੀ ਦੇ ਲਈ ਕੁੱਲ 86 ਕੇਸ ਆਏ ਸਨ ਜਿਸ 'ਚ 85 ਬੱਚੇ ਜ਼ਿੰਦਾ ਹਨ ਜਦੋਂ ਕਿ ਇਕ ਬੱਚੇ ਦੀ ਆਈ.ਯੂ.ਡੀ. (ਪੇਟ 'ਚ ਹੀ ਡੈਥ) ਹੋਈ ਹੈ। ਇਸੇ ਤਰ੍ਹਾਂ ਨਾਲ ਮਈ ਮਹੀਨੇ 'ਚ ਹੁਣ ਤੱਕ 48 ਡਲਿਵਰੀਆਂ ਹੋਈਆਂ ਹਨ ਜਿਸ 'ਚ 4 ਨਵਜੰਮੇ ਬੱਚਿਆਂ ਦੀ ਮੌਤ ਹੋਈ ਹੈ।

ਜ਼ਿਲ੍ਹਾ ਨਵਾਂਸ਼ਹਿਰ ਦਾ ਹਸਪਤਾਲ ਜਿਸ ਨੂੰ ਕੁਝ ਹੀ ਸਾਲ ਪਹਿਲਾਂ ਕਰੀਬ 21 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ 'ਚ ਗਾਇਨੀਕਾਲੋਜਿਸਟ ਦੇ 3 ਮਨਜ਼ੂਰਸ਼ੁਦਾ ਅਹੁਦੇ ਹੋਣ ਦੇ ਬਾਵਜੂਦ ਇਕ ਵੀ ਗਾਇਨੀਕਾਲੋਜਿਸਟ ਨਾ ਹੋਣ ਨਾਲ ਜਿੱਥੇ ਸਰਕਾਰ ਦੀ ਇੰਸਟੀਚਿਊਟ ਡਲਿਵਰੀ ਪ੍ਰਭਾਵਿਤ ਹੋ ਰਹੀ ਹੈ ਤਾਂ ਉੱਥੇ ਹੀ ਹਸਪਤਾਲ 'ਚ ਹੋ ਰਹੀ ਨਵਜੰਮੇ ਬੱਚਿਆਂ ਦੀ ਮੌਤ ਨਾਲ ਹਸਪਤਾਲ 'ਚ ਡਲਿਵਰੀ ਕਰਵਾਉਣ ਆਉਣ ਵਾਲੀਆਂ ਗਰਭਵਤੀ ਔਰਤਾਂ 'ਚ ਭਾਰੀ ਡਰ ਪਾਇਆ ਜਾ ਰਿਹਾ ਹੈ।

ਕੀ ਕਹਿੰਦੇ ਹਨ ਸੀਨੀਅਰ ਮੈਡੀਕਲ ਅਧਿਕਾਰੀ
ਜਦੋਂ ਇਸ ਸਬੰਧੀ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਿਆਂ 'ਚ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀਂ ਹੋਈ ਹੈ ਸਗੋਂ ਇਨ੍ਹਾਂ ਸਥਿਤੀਆਂ 'ਚ ਬੱਚਿਆਂ ਨੂੰ ਕਿਸੇ ਹੋਰ ਸਥਾਨ 'ਤੇ ਬਿਨਾਂ ਮੁੱਢਲੇ ਇਲਾਜ ਦੇ ਸ਼ਿਫਟ ਕਰਨਾ ਸੰਭਵ ਨਹੀਂ ਸੀ ਤੇ ਇਲਾਜ ਦੌਰਾਣ ਦਿਲ ਦੀ ਧੜਕਣ ਬੰਦ ਹੋਣ ਕਰ ਕੇ ਉਨ੍ਹਾਂ ਦਾ ਆਪ੍ਰੇਸ਼ਨ ਨਹੀਂ ਹੋ ਪਾਇਆ ਸੀ। ਹਸਪਤਾਲ 'ਚ ਗਾਇਨੀਕਾਲੋਜਿਸਟ ਦੇ ਸਮੂਹ 3 ਅਹੁਦੇ ਖਾਲੀ ਪਏ ਹਨ ਜਿਸ ਦੇ ਸਬੰਧ 'ਚ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਲਿਖਿਆ ਗਿਆ ਹੈ।

ਕੀ ਕਹਿੰਦੇ ਹਨ ਸਿਵਲ ਸਰਜਨ
ਜਦੋਂ ਇਸ ਸਬੰਧ 'ਚ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਕਾਰਣ ਚੋਣ ਜ਼ਾਬਤਾ ਲਾਗੂ ਹੋਣ ਕਰ ਕੇ ਜ਼ਿਲਾ ਹਸਪਤਾਲ ਨੂੰ ਨਵੇਂ ਡਾਕਟਰ ਨਹੀਂ ਮਿਲ ਪਾਏ ਹਨ ਹਾਲਾਂਕਿ ਇਸ ਸਬੰਧ 'ਚ ਵਿਭਾਗ ਨੂੰ ਪਹਿਲਾਂ ਤੋਂ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਹਸਪਤਾਲ 'ਚ ਗਾਇਨੀਕਾਲੋਜਿਸਟ ਦੀ ਕਮੀ ਨੂੰ ਪੂਰਾ ਕਰ ਲਿਆ ਜਾਵੇਗਾ।

KamalJeet Singh

This news is Content Editor KamalJeet Singh