ਗੁਰੂ ਨਾਨਕ ਦੇਵ ਹਸਪਤਾਲ ’ਚ ਮਰੀਜ਼ਾਂ ਦਾ ਸ਼ੋਸ਼ਣ!

07/24/2018 5:36:21 AM

 ਅੰਮ੍ਰਿਤਸਰ,  (ਦਲਜੀਤ)-  ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈੱਡ ਕਰਾਸ ਮਰੀਜ਼ਾਂ ਦਾ ਸ਼ੋਸ਼ਣ ਕਰਵਾ ਰਿਹਾ ਹੈ। ਹਸਪਤਾਲ ਵਿਚ ਡਾਕਟਰ ਨੂੰ ਵਿਖਾਉਣ ਆਉਣ ਵਾਲੇ ਮਰੀਜ਼ਾਂ ਦੀ ਸਰਕਾਰੀ ਪਰਚੀ 10 ਰੁਪਏ ਹੈ ਜਦੋਂ ਕਿ ਰੈੱਡ ਕਰਾਸ ਦੀ ਅਗਵਾਈ ਵਿਚ ਚੱਲਣ ਵਾਲੀ ਪਾਰਕਿੰਗ ਦੀ ਪਰਚੀ ਲਈ ਦੋਪਹੀਆ ਵਾਹਨਾਂ ਤੋਂ 20 ਅਤੇ 4 ਪਹੀਆ ਵਾਹਨਾਂ ਤੋਂ 30 ਰੁਪਏ ਵਸੂਲੇ ਜਾ ਰਹੇ ਹਨ। ਪ੍ਰਸ਼ਾਸਨ ਨੂੰ ਇਸ ਸਬੰਧੀ ਪਤਾ ਹੋਣ ਦੇ ਬਾਵਜੂਦ ਅੱਜ ਤੱਕ ਕੋਈ ਵੀ ਅਧਿਕਾਰੀ ਮਰੀਜ਼ਾਂ ਦਾ ਸ਼ੋਸ਼ਣ ਰੋਕਣ ਲਈ ਅੱਗੇ ਨਹੀਂ ਆਇਆ।
 ਜਾਣਕਾਰੀ ਅਨੁਸਾਰ ਹਸਪਤਾਲ ਦੀ ਓ.ਪੀ.ਡੀ. ਵਿਚ ਰੋਜ਼ਾਨਾ 1 ਹਜ਼ਾਰ ਤੋੋਂ ਜ਼ਿਆਦਾ ਮਰੀਜ਼ ਆਉਂਦੇ ਹਨ ਜਦੋਂ ਕਿ ਐਮਰਜੈਂਸੀ ਵਿਚ ਰੋਜ਼ਾਨਾ 2 ਦਰਜਨ ਤੋਂ ਜ਼ਿਆਦਾ ਮਰੀਜ਼ ਦਾਖਲ ਹੁੰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਆਪਣੇ ਦੋਪਹੀਆ ਵਾਹਨਾਂ ’ਤੇ ਆਉਂਦੇ ਹਨ। ਰੈੱਡ ਕਰਾਸ ਵੱਲੋਂ ਹਸਪਤਾਲ ਦੇ ਅਧੀਨ ਚਲਣ ਵਾਲੇ ਸਾਈਕਲ ਸਟੈਂਡ ਦਾ ਠੇਕਾ 42 ਲੱਖ 56 ਹਜ਼ਾਰ ਰੁਪਏ ਵਿਚ ਦਿੱਤਾ ਹੈ। ਇਸ  ਕਾਰਨ ਜ਼ਿਆਦਾ ਠੇਕਾ ਹੋਣ ਦੇ ਕਾਰਨ ਠੇਕੇਦਾਰ ਵੱਲੋਂ ਦੋਪਹੀਆ ਵਾਹਨਾਂ ਤੋਂ 20 ਰੁਪਏ ਅਤੇ 4 ਪਹੀਆ ਵਾਹਨਾਂ ਤੋਂ 30 ਰੁਪਏ ਲਏ ਜਾ ਰਹੇ ਹਨ। 
ਠੇਕੇਦਾਰ ਦਾ ਕਹਿਣਾ ਹੈ ਕਿ ਉਹ ਵੀ ਕੀ ਕਰੇ ਠੇਕਾ ਜ਼ਿਆਦਾ ਹੈ ਅਤੇ ਉਸ ਨੂੰ ਉਸੇ ਦੇ ਅਨੁਸਾਰ ਹੀ ਪੈਸੇ ਲੈਣੇ ਪੈ ਰਹੇ ਹਨ। ਉਸ ਨੇ ਇਹ ਵੀ ਕਿਹਾ ਕਿ ਹੁਣ ਜੀ.ਐੱਸ.ਟੀ. ਆਉਣ ਕਾਰਨ ਉਕਤ ਪਰਚੀ ਦਾ ਰੇਟ ਹੋਰ ਵਧ ਸਕਦਾ ਹੈ। ਵਰਣਨਯੋਗ ਹੈ ਕਿ ਹਸਪਤਾਲ ਵਿਚ ਆਉਣ ਵਾਲੇ ਕਈ ਮਰੀਜ਼ ਤਾਂ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਕੋਲ ਡਾਕਟਰ ਦੀ ਪਰਚੀ ਲਈ 10 ਰੁਪਏ ਨਹੀਂ ਹੁੰਦੇ ਹਨ ਅਤੇ 20 ਰੁਪਏ ਵਾਹਨ ਦੇ ਦੇਣ ਲਈ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਉਹ ਅੱਜ ਹੀ ਜਾਂਚ ਕਰਵਾਉਗੇ ਕਿ ਸਰਕਾਰੀ ਕਾਗਜ਼ਾਂ ਵਿਚ ਕੀ ਰੇਟ ਨਿਰਧਾਰਤ ਕੀਤਾ ਗਿਆ ਹੈ ਅਤੇ ਕੀ ਲਿਆ ਜਾ ਰਿਹਾ ਹੈ ਅਤੇ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।