ਹਸਪਤਾਲ ਦੀ ਲਾਪਰਵਾਹੀ, ਸ਼ੱਕੀ ਮਰੀਜ਼ ਵਾਰਡ ''ਚ ਠਹਿਰਾਇਆ ''ਕੋਰੋਨਾ'' ਪਾਜ਼ੇਟਿਵ ਮਰੀਜ਼

05/08/2020 4:42:31 PM

ਲੁਧਿਆਣਾ (ਰਾਜ) : ਹਮੇਸ਼ਾ ਚਰਚਾ 'ਚ ਰਹਿਣ ਵਾਲਾ ਸਿਵਲ ਹਸਪਤਾਲ ਸ਼ੱਕੀਆਂ ਨੂੰ ਵੀ ਕੋਰੋਨਾ ਪਾਜ਼ੇਟਿਵ ਬਣਾ ਦੇਵੇਗਾ। ਇਸੇ ਹੀ ਤਰ੍ਹਾਂ ਦਾ ਇਕ ਕੇਸ ਸਿਵਲ ਹਸਪਤਾਲ ਦਾ ਸਾਹਮਣੇ ਆਇਆ ਹੈ ਜਿੱਥੇ ਇਕ ਟੀ. ਬੀ. ਦੀ ਸ਼ਿਕਾਇਤ ਲੈ ਕੇ ਆਏ ਮਰੀਜ਼ ਨੂੰ ਕੋਰੋਨਾ ਦਾ ਸ਼ੱਕੀ ਮਰੀਜ਼ ਮੰਨ ਕੇ ਉਸ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕਰ ਲਿਆ। ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਪਰ ਇਕ ਦਿਨ ਪਹਿਲਾਂ ਹੀ ਉਸ ਦੇ ਵਾਰਡ 'ਚ ਇਕ ਮਰੀਜ਼ ਨੂੰ ਸ਼ਿਫਟ ਕੀਤਾ ਗਿਆ। ਜਦੋਂ ਉਸ ਨੇ ਪੁੱਛਿਆ ਤੁਸੀਂ ਕਿੰਨੀ ਦੇਰ ਤੋਂ ਹੋ ਤਾਂ ਸ਼ਿਫਟ ਹੋਏ ਨੌਜਵਾਨ ਨੇ ਦੱਸਿਆ ਕਿ ਇਕ ਕਰੀਬ ਇਕ ਮਹੀਨੇ ਤੋਂ ਹੈ। ਉਹ ਕੋਰੋਨਾ ਪਾਜ਼ੇਟਿਵ ਹੈ। ਇਹ ਸੁਣ ਕੇ ਉਸ ਦੇ ਹੋਸ਼ ਉੱਡ ਗਏ। ਉਸ ਦੇ ਕੋਲ ਆਉਣ ਵਾਲੇ ਸਟਾਫ ਨਾਲ ਵੀ ਉਸ ਨੇ ਗੱਲ ਕੀਤੀ ਪਰ ਉਸ ਨੂੰ ਕੋਈ ਜਵਾਬ ਨਾ ਮਿਲਿਆ।

ਇਹ ਵੀ ਪੜ੍ਹੋ ► ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 7 ਨਵੇਂ ਮਾਮਲੇ ਆਏ ਸਾਹਮਣੇ 

'ਕੋਰੋਨਾ' ਦਾ ਸ਼ੱਕੀ ਮੰਨ ਕੇ ਕੀਤਾ ਐਡਮਿਟ
ਹੁਣ ਉਕਤ ਵਿਅਕਤੀ ਡਰਿਆ ਹੋਇਆ ਹੈ ਕਿ ਹੁਣ ਤੱਕ ਉਸ ਦੀ ਰਿਪੋਰਟ ਨਹੀਂ ਆਈ। ਜੇਕਰ ਰਿਪੋਰਟ ਆਈ ਵੀ ਤਾਂ ਪਾਜ਼ੇਟਿਵ ਨੌਜਵਾਨ ਦੇ ਲਿੰਕ 'ਚ ਆਉਣ 'ਤੇ ਕਿਤੇ ਉਸ ਨੂੰ ਵੀ 'ਕੋਰੋਨਾ' ਨਾ ਹੋ ਜਾਵੇ। ਇਸ ਤੋਂ ਇਲਾਵਾ ਉਕਤ ਵਾਰਡ ਵਿਚ ਇਕ ਹੋਰ ਮਰੀਜ਼ ਵੀ ਨਵਾਂ ਆਇਆ ਹੈ ਜੋ ਕਿ ਸ਼ੱਕੀ ਹੈ। ਢੰਡਾਰੀ ਦੇ ਰਹਿਣ ਵਾਲੇ ਹਰਮਿੰਦਰ ਵਰਮਾ ਨੇ ਦੱਸਿਆ ਕਿ ਉਸ ਦੀ ਦੁਕਾਨ ਹੈ। ਕੁਝ ਸਮਾਂ ਪਹਿਲਾਂ ਉਸ ਨੂੰ ਟਾਈਫਾਈਡ ਹੋਇਆ ਸੀ ਜੋ ਕਿ ਹੁਣ ਠੀਕ ਹੋ ਗਿਆ ਸੀ ਪਰ ਉਸ ਦੀ ਛਾਤੀ ਵਿਚ ਕੁਝ ਦਿੱਕਤ ਸੀ। ਪਹਿਲਾਂ ਉਸ ਨੇ ਕਿਤੋਂ ਐਕਸ-ਰੇ ਕਰਵਾਇਆ। ਉਸ ਨੇ ਕਿਹਾ ਕਿ ਉਹ ਇਕ ਵਾਰ ਡਾਕਟਰ ਨੂੰ ਦਿਖਾ ਲਵੇ। ਇਸ ਲਈ ਪਹਿਲਾਂ ਉਹ ਗਿੱਲ ਰੋਡ ਸਥਿਤ ਇਕ ਹਸਪਤਾਲ ਦਿਖਾਉਣ ਲਈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਕਿਹਾ ਕਿ ਉਸ ਨੂੰ ਟੀ. ਬੀ. ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਉਹ ਇਕ ਵਾਰ ਸਿਵਲ ਹਸਪਤਾਲ ਜਾ ਕੇ ਚੈੱਕਅਪ ਕਰਵਾ ਲੈਣ। ਉਹ ਚਾਰ ਦਿਨ ਪਹਿਲਾਂ ਸਿਵਲ ਹਸਪਤਾਲ ਆਪਣਾ ਚੈੱਕਅਪ ਕਰਵਾਉਣ ਲਈ ਆਇਆ ਸੀ ਪਰ ਉਸ ਨੂੰ ਕੋਰੋਨਾ ਦਾ ਸ਼ੱਕੀ ਮੰਨ ਕੇ ਐਡਮਿਟ ਕਰ ਲਿਆ ਗਿਆ ਅਤੇ ਆਈਸੋਲੇਸ਼ਨ ਵਾਰਡ ਵਿਚ ਭੇਜ ਦਿੱਤਾ। ਉਸ ਦੇ ਸੈਂਪਲ ਜਾਂਚ ਲਈ ਭੇਜੇ ਗਏ, ਹਾਲਾਂਕਿ ਹੁਣ ਤੱਕ ਕੋਈ ਰਿਪੋਰਟ ਨਹੀਂ ਆਈ ਹੈ।

ਇਹ ਵੀ ਪੜ੍ਹੋ ► ਬਟਾਲਾ ''ਚ ''ਕੋਰੋਨਾ'' ਦੇ ਵੱਡੇ ਧਮਾਕੇ ਤੋਂ ਬਾਅਦ ਕਈ ਪਿੰਡਾਂ ਨੂੰ ਕੀਤਾ ਸੀਲ

ਹਰਵਿੰਦਰ ਵਰਮਾ ਦਾ ਕਹਿਣਾ ਹੈ ਕਿ ਪਹਿਲੀ ਮੰਜ਼ਿਲ 'ਤੇ ਉਸ ਦਾ ਆਈਸੋਲੇਸ਼ਨ ਵਾਰਡ ਹੈ ਜਿਸ ਵਿਚ ਇਕ ਦਿਨ ਪਹਿਲਾਂ ਹੀ ਇਕ ਨੌਜਵਾਨ ਨੂੰ ਸ਼ਿਫਟ ਕੀਤਾ ਗਿਆ ਸੀ। ਜਦੋਂ ਉਸ ਨੇ ਨੌਜਵਾਨ ਨੂੰ ਪੁੱਛਿਆ ਕਿ ਉਹ ਕਦੋਂ ਤੋਂ ਹੈ ਅਤੇ ਉਸ ਦੀ ਰਿਪੋਰਟ ਕੀ ਹੈ ਤਾਂ ਉਸ ਨੇ ਕਿਹਾ ਕਿ ਉਸ ਦੀ ਰਿਪੋਰਟ ਪਾਜ਼ੇਟਿਵ ਹੈ ਅਤੇ ਉਹ ਕਰੀਬ ਇਕ ਮਹੀਨੇ ਤੋਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਹਰਵਿੰਦਰ ਦਾ ਕਹਿਣਾ ਹੈ ਕਿ ਇਹ ਹਸਪਤਾਲ ਦੀ ਵੱਡੀ ਲਾਪ੍ਰਵਾਹੀ ਹੈ ਜੋ ਕਿ ਇਕ ਪਾਜ਼ੇਟਿਵ ਮਰੀਜ਼ ਸ਼ੱਕੀ ਮਰੀਜ਼ਾਂ ਦੇ ਵਾਰਡ ਵਿਚ ਬਿਠਾ ਦਿੱਤਾ। ਉਕਤ ਵਾਰਡ ਵਿਚ ਉਸ ਤੋਂ ਇਲਾਵਾ ਇਕ ਹੋਰ ਸ਼ੱਕੀ ਮਰੀਜ਼ ਹੈ। ਹਸਪਤਾਲ ਦੀ ਇਸ ਲਾਪ੍ਰਵਾਹੀ ਨਾਲ ਉਸ ਨੂੰ ਵੀ ਕੋਰੋਨਾ ਹੋ ਸਕਦਾ ਹੈ। ਉਧਰ, ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਡਾ. ਗੀਤਾ ਨਾਲ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਨੇ ਕਾਲ ਪਿਕ ਨਹੀਂ ਕੀਤੀ।

Anuradha

This news is Content Editor Anuradha