ਹੁਸ਼ਿਆਰਪੁਰ ''ਚੋਂ ਲਾਪਤਾ ਬੱਚਾ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਮਿਲਿਆ

05/06/2019 10:29:27 PM

ਹੁਸ਼ਿਆਰਪੁਰ,(ਅਮਰਿੰਦਰ): ਹੁਸ਼ਿਆਰਪੁਰ ਦੇ ਪਿੰਡ ਕਪਾਹਟ 'ਚੋਂ ਬੀਤੇ ਦਿਨੀਂ ਦੁਪਹਿਰ ਸਮੇਂ ਨਾਟਕੀ ਅੰਦਾਜ਼ 'ਚ ਲਾਪਤਾ ਹੋਇਆ 12 ਸਾਲਾ ਮਾਸੂਮ ਓਮ ਸ਼ਿਵ ਅੱਜ ਦੁਪਹਿਰ ਸਮੇਂ ਨਾਟਕੀ ਅੰਦਾਜ਼ 'ਚ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਮਿਲਿਆ। ਬੇਟੇ ਦੇ ਮਿਲਣ ਦੀ ਸੂਚਨਾ ਮਿਲਦੇ ਹੀ ਦੁਪਹਿਰ ਸਮੇਂ ਓਮ ਸ਼ਿਵ ਦਾ ਪਰਿਵਾਰ ਉਸ ਨੂੰ ਲੈਣ ਲਈ ਦਿੱਲੀ ਰਵਾਨਾ ਹੋ ਗਿਆ।

ਸਾਈਕਲ ਉੱਤੇ ਘਰੋਂ ਨਿਕਲਿਆ ਸੀ ਓਮ ਸ਼ਿਵ

ਜ਼ਿਕਰਯੋਗ ਹੈ ਕਿ 12 ਸਾਲਾ ਮਾਸੂਮ ਓਮ ਸ਼ਿਵ ਦੇ ਪਰਿਵਾਰ ਵਾਲੇ ਬਿਆਸ ਜਾਣ ਦੀ ਤਿਆਰੀ ਕਰ ਰਹੇ ਸਨ। ਇਸ ਤੋਂ ਨਾਰਾਜ਼ ਹੋ ਕੇ ਓਮ ਸ਼ਿਵ ਆਪਣੇ ਸਾਈਕਲ 'ਤੇ ਘੁੰਮਣ ਲਈ ਘਰੋਂ ਨਿਕਲਿਆ ਸੀ। ਜਦੋਂ ਕਾਫ਼ੀ ਦੇਰ ਤੱਕ ਉਹ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਪ੍ਰੇਸ਼ਾਨ ਹੋ ਉੱਠਿਆ। ਕੁਝ ਲੋਕਾਂ ਨੇ ਦੱਸਿਆ ਕਿ ਨੀਲੇ ਰੰਗ ਦਾ ਕੁੜਤਾ ਪਾਈ ਓਮ ਸ਼ਿਵ ਨੂੰ ਸਾਈਕਲ 'ਤੇ ਚੌਹਾਲ ਵਾਲੇ ਪਾਸੇ ਦੇਖਿਆ ਹੈ। ਪਰਿਵਾਰ ਬੇਟੇ ਦੇ ਗੁੰਮ ਹੋਣ ਦੀ ਸੂਚਨਾ ਪੁਲਸ ਨੂੰ ਦੇ ਕੇ ਪੂਰੀ ਰਾਤ ਉਸ ਦੀ ਭਾਲ ਕਰਦਾ ਰਿਹਾ। ਅੱਜ ਦੁਪਹਿਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਫੋਨ ਆਇਆ ਕਿ ਓਮ ਸ਼ਿਵ ਦਿੱਲੀ 'ਚ ਹੈ, ਉਸ ਨੂੰ ਲੈ ਜਾਓ।

ਕਿਸ ਤਰ੍ਹਾਂ ਪਹੁੰਚਿਆ ਦਿੱਲੀ

ਬੀਤੀ ਸ਼ਾਮ ਕਪਾਹਟ ਪਿੰਡ ਤੋਂ ਮਿਲੀ ਜਾਣਕਾਰੀ ਅਨੁਸਾਰ ਓਮ ਸ਼ਿਵ ਸਾਈਕਲ 'ਤੇ ਘੁੰਮਦੇ ਹੋਏ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ 'ਤੇ ਪਹੁੰਚ ਗਿਆ। ਸਾਈਕਲ ਸਟੈਂਡ ਦੇ ਬਾਹਰ ਛੱਡ ਕੇ ਨਵੀਂ ਦਿੱਲੀ ਜਾਣ ਵਾਲੀ ਰੇਲ ਗੱਡੀ 'ਚ ਰਾਤ 10 ਵਜੇ ਸਵਾਰ ਹੋ ਗਿਆ। ਓਮ ਸ਼ਿਵ ਦੀ ਯੋਜਨਾ ਜਲੰਧਰ 'ਚ ਉਤਰਨ ਦੀ ਸੀ ਪਰ ਉਸ ਨੂੰ ਨੀਂਦ ਆ ਗਈ। ਸਵੇਰੇ ਨੀਂਦ ਖੁੱਲ੍ਹਣ 'ਤੇ ਖੁਦ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਪਾ ਕੇ ਉਹ ਘਬਰਾ ਗਿਆ। ਦੁਪਹਿਰ ਸਮੇਂ ਜਦੋਂ ਸਟੇਸ਼ਨ 'ਤੇ ਉਹ ਰੋਣ ਲੱਗਾ ਤਾਂ ਉਸ ਨੂੰ ਦੇਖ ਕੇ ਇਕ ਔਰਤ ਨੇ ਜਦੋਂ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਸਾਰੀ ਸੱਚਾਈ ਦੱਸ ਦਿੱਤੀ। ਔਰਤ ਨੇ ਉਸੇ ਸਮੇਂ ਫੋਨ ਉੱਤੇ ਓਮ ਸ਼ਿਵ ਦੇ ਪਰਿਵਾਰ ਨੂੰ ਸੂਚਨਾ ਦਿੰਦੇ ਹੋਏ ਉਸ ਨੂੰ ਜੀ.ਆਰ.ਪੀ. ਦੇ ਹਵਾਲੇ ਕਰ ਦਿੱਤਾ।