ਹੁਸ਼ਿਆਰਪੁਰ ਦੇ ਰਿਹਾਇਸ਼ੀ ਇਲਾਕੇ 'ਚ ਤੜਕੇ ਅੱਗ ਨੇ ਮਚਾਇਆ ਤਾਂਡਵ (ਵੀਡੀਓ)

09/04/2019 11:16:26 AM

ਹੁਸ਼ਿਆਰਪੁਰ (ਅਮਰੀਕ,ਅਮਰਿੰਦਰ)—ਹੁਸ਼ਿਆਰਪੁਰ ਸਥਿਤ ਅੱਜ ਸਵੇਰੇ 4 ਵਜੇ ਦੇ ਕਰੀਬ ਗਊਸ਼ਾਲਾ ਬਾਜ਼ਾਰ ਅਗਰਵਾਲ ਫਲੋਰ ਮਿੱਲ 'ਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਇੰਨਾ ਭਿਆਨਕ ਰੂਪ ਧਾਰ ਗਈ ਕਿ ਪਲਾਂ 'ਚ ਮਿੱਲ ਅੰਦਰ ਪਈਆਂ ਮਸ਼ੀਨਾਂ ਸੜ੍ਹ ਕੇ ਸਵਾਹ ਹੋ ਗਈਆਂ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਭਿਆਨਕ ਹੋਣ ਕਾਰਨ ਕਾਬੂ ਨਹੀਂ ਕਰ ਸਕੇ, ਜਿਸ ਤੋਂ ਬਾਅਦ ਇਕ ਨਿੱਜੀ ਸੰਸਥਾ ਸੋਨਾਲੀਨਾ ਨੂੰ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਤੇ ਚਾਰ ਘੰਟੇ ਦੀ ਭਾਰੀ ਮੁਸ਼ਕੱਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਕਰੀਬ 15 ਤੋਂ 16 ਗੱਡੀਆਂ ਦਾ ਇਸਤੇਮਾਲ ਕੀਤਾ ਗਿਆ ਹੈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ।

ਇਲਾਕਾ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਇਲਾਕੇ 'ਚ ਪਹਿਲਾਂ ਆਟੇ ਦੀ ਇਕ ਛੋਟੀ ਜਿਹੀ ਚੱਕੀ ਸੀ, ਜਿਸ ਨੂੰ ਹੌਲੀ-ਹੌਲੀ ਫਲੌਰ ਮਿੱਲ 'ਚ ਤਬਦੀਲ ਕਰ ਦਿਤਾ ਗਿਆ। ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਇਸ ਮਿੱਲ 'ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਬਿਜਲੀ ਮਹਿਕਮੇ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਫਿਲਹਾਲ ਅੱਗ ਲੱਗਣ ਕਾਰਨ ਮਿੱਲ 'ਚ ਪਈਆਂ ਮਸ਼ੀਨਾਂ ਤੇ ਸਾਮਾਨ ਨੂੰ ਮਿਲਾ ਕੇ ਕਰੋੜਾਂ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

Shyna

This news is Content Editor Shyna