ਸਿਵਲ ਹਸਪਤਾਲ ਦਾ ਸ਼ਰਮਨਾਕ ਕਾਰਾ, ਸਿਰ ''ਚ ਚਲਦੇ ਰਹੇ ਕੀੜੇ ਪਰ ਡਾਕਟਰਾਂ ਨੇ ਨਹੀਂ ਕੀਤਾ ਇਲਾਜ

08/29/2018 6:56:29 PM

ਹੁਸ਼ਿਆਰਪੁਰ (ਅਮਰੀਕ)— ਦੁਨੀਆ 'ਚ ਡਾਕਟਰ ਨੂੰ ਰੱਬ ਦੇ ਬਰਾਬਰ ਮੰਨਿਆ ਜਾਂਦਾ ਹੈ ਜਦਕਿ ਕੁਝ ਡਾ. ਅਜਿਹੇ ਵੀ ਹੁੰਦੇ ਹਨ, ਜੋ ਸਿਰਫ ਨਾਂ ਦੇ ਹੀ ਡਾਕਟਰ ਹਨ ਅਤੇ ਉਨ੍ਹਾਂ ਲਈ ਇਨਸਾਨ ਦੀ ਕੀਮਤ ਕੁਝ ਨਹੀਂ ਹੁੰਦੀ। ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮੰਜ਼ਰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਦੇਖਣ ਨੂੰ ਮਿਲਿਆ, ਜਿੱਥੇ ਸਮੇਂ 'ਤੇ ਇਲਾਜ ਨਾ ਮਿਲਣ ਕਰਕੇ ਇਕ ਵਿਅਕਤੀ ਬੈੱਡ 'ਤੇ ਹੀ ਤੜਫਦਾ ਰਿਹਾ। ਦਰਅਸਲ ਬੀਤੇ ਦਿਨ ਇਕ ਵਿਅਕਤੀ ਦੇ ਸਿਰ 'ਤੇ ਡੂੰਘੀ ਸੱਟ ਲੱਗਣ ਦੇ ਕਾਰਨ ਸਿਰ 'ਚ ਕੀੜੇ ਚਲਣੇ ਸ਼ੁਰੂ ਹੋ ਗਏ ਸਨ ਅਤੇ ਕੁਝ ਕਿਸੇ ਅਣਜਾਣ ਵਿਅਕਤੀ ਨੇ 108 ਐਂਬੂਲੈਂਸ ਜ਼ਰੀਏ ਇਸ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਪਰ ਇਥੇ ਡਾਕਟਰਾਂ ਨੇ ਉਸ ਦੀ ਸਾਰ ਤੱਕ ਨਾ ਲਈ ਅਤੇ ਵਿਅਕਤੀ ਪੂਰਾ ਦਿਨ ਸਿਰ 'ਚ ਦਰਦ ਨਾਲ ਬੈੱਡ 'ਤੇ ਹੀ ਤੜਫਦਾ ਰਿਹਾ। 

ਕਰੀਬ ਰਾਤ 12 ਵਜੇ ਇਸ ਦੀ ਭਿਨਕ ਜਦੋਂ ਮੀਡੀਆ ਜ਼ਰੀਏ ਹੁਸ਼ਿਆਰਪੁਰ ਸਥਿਤ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਸੇਵਾ ਦਲ ਨੂੰ ਲੱਗੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਡਾਕਟਰਾਂ ਤੋਂ ਮਰੀਜ਼ ਦਾ ਇਲਾਜ ਸ਼ੁਰੂ ਕਰਵਾਇਆ। ਇਲਾਜ ਤੋਂ ਬਾਅਦ ਸੰਸਥਾ ਪ੍ਰਧਾਨ ਦੀ ਡਾ. ਨਾਲ ਬਹਿਸ ਹੋ ਗਈ ਅਤੇ ਕਿਹਾ ਕਿ ਆਖਿਰਕਾਰ ਉਨ੍ਹਾਂ ਨੇ ਇਲਾਜ ਕਿਉਂ ਨਹੀਂ ਕੀਤਾ ਜਦਕਿ ਨੌਜਵਾਨ ਸਵੇਰ ਤੋਂ ਹਸਪਤਾਲ 'ਚ ਦਾਖਲ ਹੈ ਪਰ ਡਾਕਟਰ ਉਨ੍ਹਾਂ ਦੀ ਗੱਲ ਦਾ ਜਵਾਬ ਦੇਣ 'ਚ ਅਸਮਰਥ ਦਿਖਾਈ ਦਿੱਤੇ। ਇਲਾਜ ਤੋਂ ਬਾਅਦ ਡਾਕਟਰ ਦਾ ਰਵੱਈਆ ਦੇਖ ਸੇਵਾ ਦਲ ਸੰਸਥਾ ਵਾਲੇ ਮਰੀਜ਼ ਨੂੰ ਆਪਣੇ ਨਾਲ ਲੈ ਗਏ ਤਾਂਕਿ ਚੰਗੀ ਤਰ੍ਹਾਂ ਨਾਲ ਇਲਾਜ ਕੀਤਾ ਜਾ ਸਕੇ।