ਹਿੰਦੂ ਨੇਤਾਵਾਂ ਦੀ ਸੁਰੱਖਿਆ ਯਕੀਨੀ ਨਾ ਬਣਾਉਣ ’ਤੇ ਜਾਮ ਲਾਏ ਜਾਣਗੇ : ਪੰਡਿਤ

04/06/2019 4:36:03 AM

ਹੁਸ਼ਿਆਰਪੁਰ (ਗੁਪਤਾ)-ਸ਼ਰਾਰਤੀ ਅਨਸਰਾਂ ਵੱਲੋਂ ਹਿੰਦੂ ਨੇਤਾਵਾਂ ’ਤੇ ਕੀਤੇ ਜਾ ਰਹੇ ਹਮਲੇ ਤੇ ਸਰਕਾਰ ਵੱਲੋਂ ਇਨ੍ਹਾਂ ’ਤੇ ਲਗਾਮ ਨਾ ਪਾਉਣ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਸ਼ਿਵ ਸੈਨਾ ਪੰਜਾਬ ਦੇ ਜ਼ਿਲਾ ਪ੍ਰਧਾਨ ਸ਼ਿਵਮ ਵੈਦ ਤੇ ਜ਼ਿਲਾ ਚੇਅਰਮੈਨ ਵਿਕਾਸ ਜਸਰਾ ਦੀ ਅਗਵਾਈ ’ਚ ਟਾਂਡਾ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ’ਚ ਸ਼ਿਵ ਸੈਨਾ ਉੱਤਰੀ ਭਾਰਤ ਦੇ ਪ੍ਰਧਾਨ ਮਿੱਕੀ ਪੰਡਿਤ ਤੇ ਦੋਆਬਾ ਪ੍ਰਧਾਨ ਰਾਹੁਲ ਖੰਨਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ’ਚ ਸ਼ਾਮਲ ਇੱਕਠ ਨੂੰ ਸੰਬੋਧਨ ਕਰਦੇ ਪੰਡਿਤ ਨੇ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਨਾ ਹੋਣ ਕਾਰਨ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ ਤੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਨਾ ਪਾਉਣ ਸਦਕਾ ਆਮ ਜਨਤਾ ਦੇ ਨਾਲ-ਨਾਲ ਹਿੰਦੂ ਜਥੇਬੰਦੀਆਂ ਦੇ ਨੇਤਾ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਹਿੰਦੂ ਨੇਤਾਵਾਂ ਵੱਲੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਤੇ ਅੱਤਵਾਦ ਦੇ ਖਿਲਾਫ ਆਵਾਜ਼ ਬੁਲੰਦ ਕਰਨ ਕਾਰਨ ਹਿੰਦੂ ਨੇਤਾਵਾਂ ਨੂੰ ਜਾਨੋ-ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰ ਪੁਲਸ ਪ੍ਰਸਾਸ਼ਨ ਵੱਲੋਂ ਇਨ੍ਹਾਂ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਥਾਂ ਸ਼ਰਾਰਤੀ ਅਨਸਰਾਂ ਵੱਲੋਂ ਝੂਠੇ ਬਿਆਨ ਦੇਣ ’ਤੇ ਪੁਲਸ ਪ੍ਰਸਾਸ਼ਨ ਹਿੰਦੂ ਨੇਤਾਵਾਂ ਨੂੰ ਹੀ ਪ੍ਰੇਸ਼ਾਨ ਕਰਨ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਸ਼ਿਵ ਸੈਨਾ ਪੰਜਾਬ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਰਾਹੁਲ ਖੰਨਾ ਨੇ ਕਿਹਾ ਕਿ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਹਿੰਦੂਆਂ ਨਾਲ ਹੋ ਰਹੀਆਂ ਵਧੀਕੀਆਂ ’ਤੇ ਰੋਕ ਨਾ ਲਾਈ ਤਾਂ ਸ਼ਿਵ ਸੈਨਾ ਪੰਜਾਬ ਸਾਰੇ ਹਿੰਦੂ ਸੰਗਠਨਾਂ ਦੇ ਸਹਿਯੋਗ ਨਾਲ ਪੰਜਾਬ ਭਰ ’ਚ ਰੈਲੀਆਂ ਕਰੇਗੀ ਤੇ ਸਡ਼ਕ ਜਾਮ ਲਗਾਏਗੀ। ਇਸ ਮੌਕੇ ਆਕਾਸ਼ ਰਾਣਾ, ਪੰਡਿਤ ਮਿਥਲੇਸ ਗਰਗ, ਅੰਕੁਸ਼ ਸ਼ਰਮਾ, ਟੋਨੀ ਰਡ਼ਾ, ਗਿੱਦਾ ਪਰੋਜ, ਗਗਨ ਪਰੋਜ, ਸੁਧਾਸ਼ੂ ਮਲਹੋਤਰਾ, ਹਰਜੀਤ ਸਿੰਘ, ਜਿੰਦਰ ਬਣਿਆਲ, ਵਿਵੇਕ ਵਿਜਨ, ਰਣਜੀਤ ਸਿੰਘ, ਵਿਕਾਸ ਜਸਰਾ, ਸ਼ਿਵਮ ਵੈਦ ਤੇ ਹੋਰ ਸ਼ਿਵ ਸੈਨਾ ਵਰਕਰ ਹਾਜ਼ਰ ਸਨ। ਮੀਟਿੰਗ ਉਪਰੰਤ ਗੱਲਬਾਤ ਕਰਦੇ ਮਿੱਕੀ ਪੰਡਿਤ ਤੇ ਹੋਰ। (ਗੁਪਤਾ)

Related News