‘ਪਡ਼੍ਹੋ ਪੰਜਾਬ-ਪੜ੍ਹਾਓ ਪੰਜਾਬ’ ਪ੍ਰਾਜੈਕਟ ਬੰਦ ਕਰਨ ਲਈ ਸਿੱਖਿਆ ਅਧਿਕਾਰੀਆਂ ਨੂੰ ਸੰਘਰਸ਼ ਕਮੇਟੀ ਨੇ ਦਿੱਤਾ ਨੋਟਿਸ

02/16/2019 4:13:27 AM

ਹੁਸ਼ਿਆਰਪੁਰ (ਘੁੰਮਣ)-ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲਾ ਇਕਾਈ ਦੇ ਕਨਵੀਨਰ ਅਜੀਬ ਦਿਵੇਦੀ, ਸੁਨੀਲ ਸ਼ਰਮਾ, ਅਜੀਤ ਸਿੰਘ ਰੂਪਤਾਰਾ, ਮਨਿੰਦਰ ਮਰਵਾਹਾ, ਸੁਖਦੇਵ ਡਾਨਸੀਵਾਲ, ਪਰਮਜੀਤ ਸਿੰਘ, ਸਰਦਾਰਾ ਸਿੰਘ ’ਤੇ ਆਧਾਰਿਤ ਇਕ ਵਫ਼ਦ ਨੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪਡ਼੍ਹੋ ਪੰਜਾਬ-ਪਡ਼੍ਹਾਓ ਪੰਜਾਬ ਪ੍ਰਾਜੈਕਟ ਸਕੂਲਾਂ ’ਚ ਬੰਦ ਕੀਤੇ ਜਾਣ ਲਈ ਨੋਟਿਸ ਦਿੱਤਾ ਹੈ। ਵਫ਼ਦ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਇਸ ਗੈਰ-ਵਿਗਿਆਨਕ ਪ੍ਰਾਜੈਕਟ ਨੂੰ ਚਲਾ ਕੇ ਜਿਥੇ ਬਾਲ ਮਨਾਂ ’ਤੇ ਡਰ ਤੇ ਸਹਿਮ ਪੈਦਾ ਕੀਤਾ ਹੈ, ਉਥੇ ਜ਼ਿਲਾ ਸਿੱਖਿਆ ਅਧਿਕਾਰੀਆਂ ’ਤੇ ਜ਼ਿਲਾ ਕੋਆਰਡੀਨੇਟਰ ਬਿਠਾ ਕੇ ਸਿੱਖਿਆਤੰਤਰ ਦੇ ਬਰਾਬਰ ਆਪਣਾ ਤੰਤਰ ਕਾਇਮ ਕਰ ਕੇ ਲੋਕ ਹਿੱਤ ਦੀ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰਨ ਦੀ ਸੋਚੀ-ਸਮਝੀ ਚਾਲ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਾਜੈਕਟ ਦੇ ਨਾਂ ’ਤੇ ਕਿਸੇ ਵੀ ਅਧਿਕਾਰੀ ਨੇ ਸਕੂਲਾਂ ’ਚ ਜਾ ਕੇ ਕਿਸੇ ਅਧਿਆਪਕ ਨੂੰ ਤੰਗ-ਪ੍ਰੇਸ਼ਾਨ ਕੀਤਾ ਤਾਂ ਅਧਿਆਪਕ ਸੰਘਰਸ਼ ਕਮੇਟੀ ਜ਼ਿਲੇ ਦੇ ਸਮੂਹ ਅਧਿਆਪਕਾਂ ਨਾਲ ਉਕਤ ਅਧਿਕਾਰੀਆਂ ਦੇ ਘਰਾਂ ਦਾ ਘਿਰਾਓ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹੁਸ਼ਿਆਰਪੁਰ ’ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੇਕਰ ਕਿਤੇ ਵੀ ਆਉਂਦੇ ਹਨ ਤਾਂ ਅਧਿਆਪਕ ਸੰਘਰਸ਼ ਕਮੇਟੀ ਜ਼ਿਲੇ ਦੇ ਅਧਿਆਪਕਾਂ ਨਾਲ ਮਿਲ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰੇਗੀ। ਇਸ ਮੌਕੇ ਕੁਲਵੰਤ ਸਿੰਘ, ਅਮਰ ਸਿੰਘ, ਜਸਪ੍ਰੀਤ ਸੈਣੀ, ਰੇਨੂੰ ਬਾਲਾ, ਰਜਿੰਦਰ ਕੁਮਾਰ, ਅਮਰਦੀਪ ਸਿੰਘ, ਵਿੱਦਿਆ ਸਾਗਰ, ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।