ਵਿਧਾਇਕ ਆਦੀਆ 9 ਨੂੰ ਵੰਡਣਗੇ ਕਰਜ਼ਾ ਰਾਹਤ ਸਰਟੀਫਿਕੇਟ

02/07/2019 5:08:45 AM

ਹੁਸ਼ਿਆਰਪੁਰ (ਘੁੰਮਣ)-ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ 9 ਜਨਵਰੀ ਨੂੰ ਕਰਜ਼ਾ ਮੁਆਫੀ ਸਮਾਰੋਹ ਰੌਬਿਨ ਮੈਰਿਜ ਪੈਲੇਸ, ਹੁਸ਼ਿਆਰਪੁਰ-ਦਸੂਹਾ ਰੋਡ, ਧੂਤ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਦੀਆਂ 17 ਸ਼ਾਖਾਵਾਂ ਨਾਲ ਲੱਗਦੀਆਂ ਸਹਿਕਾਰੀ ਖੇਤੀਬਾਡ਼ੀ ਸਭਾਵਾਂ ਦੇ 518 ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਕਰੀਬ 6.07 ਕਰੋਡ਼ ਰੁਪਏ ਦੇ ਕਰਜ਼ੇ ਮੁਆਫ ਕਰਕੇ ਕਿਸਾਨਾਂ ਨੂੰ ਸਰਟੀਫਿਕੇਟ ਵੰਡੇ ਜਾਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਹਿੱਤ ਸਾਰੇ ਦੁਆਬਾ ਇਲਾਕੇ ਵਿਚ ਕਰਜ਼ਾ ਮੁਆਫੀ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਿਸਾਨ ਕਰਜ਼ਾ ਮੁਆਫੀ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਹਲਕਾ ਸ਼ਾਮਚੁਰਾਸੀ ਦੇ ਸਮੂਹ ਪਾਰਟੀ ਵਰਕਰਾਂ, ਅਹੁਦੇਦਾਰਾਂ, ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਉਪਰੋਕਤ ਕਰਜ਼ਾ ਰਾਹਤ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਦੇ ਜ਼ਿਲਾ ਮੈਨੇਜਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਵੱਖ-ਵੱਖ ਪਡ਼ਾਵਾਂ ਵਿਚ ਮੁਆਫ ਕੀਤੇ ਜਾ ਰਹੇ ਹਨ। ਪਹਿਲੇ ਪਡ਼ਾਅ ਅਧੀਨ ਹੁਸ਼ਿਆਰਪੁਰ ਜ਼ਿਲੇ ਦੀਆਂ ਸੈਂਟਰਲ ਕੋਆਪ੍ਰੇਟਿਵ ਬੈਂਕ ਬਰਾਂਚਾਂ ਰਾਹੀਂ 14,644 ਸੀਮਾਂਤ ਕਿਸਾਨਾਂ ਦੇ ਕਰੀਬ 139.96 ਕਰੋਡ਼ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਹਨ। ਦੂਜੇ ਪਡ਼ਾਅ ਅਧੀਨ ਕਮਰਸ਼ੀਅਲ ਬੈਂਕਾਂ ਦੇ ਸੀਮਾਂਤ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਗਏ ਹਨ। ਹੁਣ ਚੱਲ ਰਹੇ ਤੀਜੇ ਪੜਾਅ ਅਧੀਨ ਸੈਂਟਰਲ ਕੋਆਪ੍ਰੇਟਿਵ ਬੈਂਕਾਂ ਦੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ ਜਿਸ ਵਿਚ ਹੁਸ਼ਿਆਰਪੁਰ ਜ਼ਿਲੇ ਦੇ 3079 ਛੋਟੇ ਕਿਸਾਨਾਂ ਦੇ ਕਰੀਬ 27.85 ਕਰੋਡ਼ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣੇ ਹਨ । ਇਸ ਕਰਜ਼ਾ ਰਾਹਤ ਸਮਾਰੋਹ ਵਿਚ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋ ਰਹੇ ਹਨ।

Related News