ਬਾਗਬਾਨੀ ਦੇ ਖੇਤਰ ’ਚ ਅਗਾਂਹਵਧੂ ਕਿਸਾਨ ਜਸਕਰਨ ਸਿੰਘ ਕੌਣੀ ਦਾ ਚਮਕਿਆ ਨਾਂ

01/11/2021 12:12:56 PM

ਦੋਦਾ (ਲਖਵੀਰ ਸ਼ਰਮਾਂ) - ਪਿੰਡ ਕਾਊਣੀ ਦੇ ਅਗਾਂਹਵਧੂ ਕਿਸਾਨ ਜਸਕਰਨ ਸਿੰਘ ਪੁੱਤਰ ਬਲਦੇਵ ਸਿੰਘ ਨੇ ਫ਼ਸਲੀ ਚੱਕਰ ’ਚੋਂ ਨਿਕਲ ਕੇ ਬਾਗਬਾਨੀ ਦੇ ਖੇਤਰ ਵਿਚ ਆਪਣਾ ਅਤੇ ਆਪਣੇ ਪਿੰਡ ਦਾ ਨਾਮ ਪੂਰੇ ਜ਼ਿਲ੍ਹੇ ਅੰਦਰ ਹੀ ਨਹੀਂ ਸਗੋਂ ਪੂਰੇ ਪੰਜਾਬ ਅੰਦਰ ਚਮਕਾ ਦਿੱਤਾ ਹੈ। ਕਿਸਾਨ ਜਸਕਰਨ ਸਿੰਘ ਨੇ ਸਟ੍ਰਾਅਬੇਰੀ ਦੀ ਕਾਸ਼ਤ ਲਗਭਗ ਛੇ ਸਾਲ ਪਹਿਲਾਂ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਆਰੰਭ ਕੀਤੀ ਸੀ ਅਤੇ ਇਸ ਵਾਰ ਵੀ ਲਗਭਗ ਚਾਰ ਏਕੜ ਸਟ੍ਰਾਅਬੇਰੀ ਦੀ ਖੇਤੀ ਕਰ ਰਹੇ ਹਨ।

ਕਿਸਾਨ ਨੂੰ ਨਵੇਂ ਸਮੇਂ ਦੀ ਖੇਤੀ ਦਾ ਚਾਣਨ ਮੁਨਾਰਾ ਦੱਸਦਿਆਂ ਕਿਹਾ ਕਿ ਬਾਗਬਾਨੀ ਰਾਹੀਂ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ, ਜਦਕਿ ਫ਼ਸਲੀ ਵਿਭਿੰਨਤਾ ਅਪਨਾਉਣ ਨਾਲ ਸਾਡੇ ਕੁਦਰਤੀ ਸੋਮਿਆਂ ’ਤੇ ਵੀ ਬੋਝ ਘੱਟਦਾ ਹੈ ਅਤੇ ਕੁਦਰਤੀ ਸੰਤੁਲਣ ਬਰਕਰਾਰ ਰਹਿੰਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਗਬਾਨੀ ਵਿਭਾਗ ਦੀ ਤਕਨੀਕੀ ਸਲਾਹ ਨਾਲ ਬਾਗਬਾਨੀ ਸ਼ੁਰੂ ਕਰਨ। ਜਸਕਰਨ ਸਿੰਘ ਨੇ ਆਪਣੀ ਸਫਲਤਾ ਦੀ ਕਹਾਣੀ ਦੱਸਦੇ ਹੋਏ ਆਖਦੇ ਹਨ ਕਿ ਉਸ ਨੇ ਛੇ ਸਾਲ ਪਹਿਲਾਂ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਸਟ੍ਰਾਅ ਬੇਰੀ ਦੀ ਕਾਸ਼ਤ ਆਰੰਭ ਕੀਤੀ ਸੀ ਪਰ ਹੁਣ ਉਹ ਇਕੱਲਾ ਇਹ ਖੇਤੀ ਕਰ ਰਿਹਾ ਹੈ। 

ਕਿਸਾਨ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਸਿੰਚਾਈ ਲਈ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਇਸ ਕਿਸਾਨ ਵਲੋਂ ਡੇਢ ਏਕੜ ’ਚ ਪੀਲਾ ਤਰਬੂਜ਼ (ਮਤੀਰਾ), ਖਰਬੂਜ਼ੇ ਅਤੇ ਬੀਜ ਰਹਿਤ ਖੀਰੇ ਦੀ ਖੇਤੀ ਕੀਤੀ ਵੀ ਜਾ ਰਹੀ ਹੈ, ਜਿਸ ਦਾ ਉਤਪਾਦਨ ਅਪ੍ਰੈਲ ਵਿਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਝੋਨੇ ਦੇ ਫ਼ਸਲੀ ਚੱਕਰ ਦੇ ਮੁਕਾਬਲੇ ਬਾਗਬਾਨੀ ਵਿਚ ਚੰਗੀ ਆਮਦਨ ਹੁੰਦੀ ਹੈ।

rajwinder kaur

This news is Content Editor rajwinder kaur