ਹਨੀਟ੍ਰੈਪ ’ਚ ਫਸਾ ਕੇ 8 ਲੱਖ ਰੁਪਏ ਵਸੂਲਣ ਵਾਲੀ ਰਾਜਸਥਾਨ ਦੀ ਸਾਬਕਾ ਮਹਿਲਾ ਹੋਮਗਾਰਡ ਸਣੇ 3 ਖ਼ਿਲਾਫ਼ ਕੇਸ ਦਰਜ

06/13/2022 11:50:09 AM

ਅਬੋਹਰ(ਰਹੇਜਾ) : ਹਨੀਟ੍ਰੈਪ ਦਾ ਸ਼ਿਕਾਰ ਹੋਏ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਥਾਣਾ ਸਿਟੀ-2 ਦੀ ਪੁਲਸ ਨੇ ਸਾਬਕਾ ਮਹਿਲਾ ਰਾਜਸਥਾਨ ਹੋਮਗਾਰਡ ਸਣੇ 3 ਵਿਅਕਤੀਆਂ ਖ਼ਿਲਾਫ਼ ਬਲੈਕਮੇਲ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਨਵੀਂ ਆਬਾਦੀ ਅਬੋਹਰ ਵਾਸੀ ਇਕ ਨੌਜਵਾਨ ਨੇ ਦੱਸਿਆ ਬੀਤੇ ਸਾਲ ਦਸੰਬਰ ਮਹੀਨੇ ਸ੍ਰੀ ਗੰਗਾਨਗਰ ਵਾਸੀ ਬਬੀਤਾ ਕੁਮਾਰੀ ਪੁੱਤਰੀ ਰਾਮ ਕੁਮਾਰ ਉਸ ਦੇ ਸੰਪਰਕ ’ਚ ਆਈ ਅਤੇ ਉਸ ਤੋਂ ਬਾਅਦ ਦੋਵਾਂ ਦਾ ਮੇਲ-ਜੋਲ ਸ਼ੁਰੂ ਹੋ ਗਿਆ। ਇਸੇ ਦੌਰਾਨ ਬਬੀਤਾ ਨੇ ਉਸ ਨੂੰ ਸ੍ਰੀ ਗੰਗਾਨਗਰ ਦੀ ਨਹਿਰ ਕਾਲੋਨੀ ਵਿਖੇ ਆਪਣੇ ਫਲੈਟ ’ਤੇ ਕਈ ਵਾਰ ਸੱਦਿਆ ਅਤੇ ਉਸ ਨਾਲ ਫੋਨ ’ਤੇ ਗੱਲਾਂ ਤੇ ਨਾਲ ਹੀ ਚੈਟਿੰਗ ਵੀ ਚਲਦੀ ਰਹੀ। ਕਰੀਬ 3 ਮਹੀਨੇ ਦੋਵਾਂ ਵਿਚਾਲੇ ਰਹੀ ਨੇੜਤਾ ਦਾ ਫਾਇਦਾ ਉਠਾਉਂਦਿਆਂ ਬਬੀਤਾ ਨੇ ਉਸ ਨੂੰ ਡਰਾ ਕੇ ਕਰੀਬ 8 ਲੱਖ ਰੁਪਏ ਵਸੂਲੇ ਅਤੇ ਹੋਰ ਪੈਸਿਆਂ ਦੀ ਮੰਗ ਵੀ ਜਾਰੀ ਰੱਖੀ।

ਇਹ ਵੀ ਪੜ੍ਹੋ- ਫਿਰੋਜ਼ਪੁਰ ’ਚ ਨਹਿਰਾਂ ਅਤੇ ਸਤਲੁਜ ਦਰਿਆ ਦੇ ਬੰਨ੍ਹਾਂ ਦੀ ਖਦਸਾ ਹਾਲਤ ,ਕਿੱਥੇ ਗਏ ਸਰਕਾਰੀ ਗਰਾਂਟ ਦੇ ਕਰੋੜਾਂ ਰੁਪਏ?

ਹੁਣ ਜਦੋਂ ਪੀੜਤ ਨੂੰ ਲੱਗਿਆ ਕਿ ਉਹ ਬਬੀਤਾ ਅਤੇ ਉਸਦੇ ਸਾਥੀਆਂ ਦੀ ਬਲੈਕਮੇਲਿੰਗ ਦਾ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਉਨ੍ਹਾਂ ਦੇ ਸ਼ਿਕੰਜੇ ’ਚ ਫਸ ਚੁੱਕਿਆ ਹੈ ਤਾਂ ਉਸ ਨੇ ਬਬੀਤਾ ਦਾ ਨੰਬਰ ਬਲੌਕ ਕਰ ਦਿੱਤਾ। ਨੰਬਰ ਬਲੌਕ ਹੋਣ ’ਤੇ ਖਿਝੀ ਬਬੀਤਾ ਨੇ ਅਬੋਹਰ ਆ ਕੇ ਥਾਣਾ ਸਿਟੀ-2 ’ਚ 11 ਮਾਰਚ ਨੂੰ ਪੀੜਤ ਮੁੰਡੇ ਖ਼ਿਲਾਫ਼ ਜਬਰ-ਜ਼ਨਾਹ ਦਾ ਝੂਠਾ ਪਰਚਾ ਦਰਜ ਕਰਵਾ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਇਸ ਪਰਚੇ ਦੀ ਉੱਚ ਪੱਧਰੀ ਜਾਂਚ ਲਈ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਬਾਅਦ ’ਚ ਇਹ ਪਰਚਾ ਕੈਂਸਲ ਵੀ ਹੋ ਗਿਆ। ਇਸੇ ਦੌਰਾਨ ਬਬੀਤਾ ਨੇ ਆਪਣੀਆਂ ਪੁਲਸ ਦੀ ਵਰਦੀ ਵਾਲੀਆਂ ਫੋਟੋਆਂ ਦਿਖਾ ਕੇ ਪੀੜਤ ਵਿਅਕਤੀ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ ਤਾਂ ਪੈਸੇ ਦੇਣ ਤੋਂ ਇਨਕਾਰ ਕਰਦਿਆਂ ਹੋਇਆਂ ਬਬੀਤਾ ਦਾ ਪਿਛੋਕੜ ਜਾਣਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ। ਪੀੜਤ ਅਨੁਸਾਰ ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਬਬੀਤਾ ਪਹਿਲੇ ਤੋਂ ਹੀ ਸਿਰਸਾ ਜ਼ਿਲੇ ਦੇ ਪੰਨੀਵਾਲਾ ਮੋਟਾ ਪਿੰਡ ਵਾਸੀ ਇਕ ਵਿਅਕਤੀ ਨਾਲ ਸ਼ਾਦੀਸ਼ੁਦਾ ਹੈ।

ਇਹ ਵੀ ਪੜ੍ਹੋ- ਫ਼ਿਰੋਜ਼ਪੁਰ : ਡਿਊਟੀ ਤੋਂ ਘਰ ਪਰਤ ਰਹੇ ਪੰਜਾਬ ਹੋਮਗਾਰਡ ਦੇ ਜਵਾਨ ਦੀ ਸੜਕ ਹਾਦਸੇ ’ਚ ਮੌਤ

ਉਪਰੋਕਤ ਵਿਅਕਤੀ ਨਾਲ ਸਬੰਧ ਠੀਕ ਨਾ ਰਹਿਣ ਕਾਰਨ ਤਲਾਕ ਦਾ ਕੇਸ ਸ਼ੁਰੂ ਹੋ ਗਿਆ ਅਤੇ ਬਬੀਤਾ ਨੇ ਸੂਰਤਗੜ੍ਹ ਤਹਿਸੀਲ ਦੇ ਇਕ ਵਿਅਕਤੀ ਨਾਲ ਰਿਲੇਸ਼ਨ ’ਚ ਰਹਿਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਪੀੜਤ ਵਿਅਕਤੀ ਨੇ ਸਾਰੇ ਦਸਤਾਵੇਜ਼ ਇਕੱਤਰ ਕਰ ਕੇ ਫਾਜ਼ਿਲਕਾ ਜ਼ਿਲ੍ਹੇ ਦੇ ਐੱਸ. ਐੱਸ. ਪੀ. ਨਾਲ ਮੁਲਾਕਾਤ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ। ਜ਼ਿਲ੍ਹਾ ਪੁਲਸ ਕਪਤਾਨ ਵਲੋਂ ਕਰਵਾਈ ਗਈ ਉੱਚ ਪੱਧਰੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਬਬੀਤਾ ਆਪਣੀ ਭਾਬੀ ਸੁਨੀਤਾ ਚੌਧਰੀ ਅਤੇ ਭਰਾ ਲਾਲਚੰਦ ਨਾਲ ਮਿਲ ਕੇ ਅਬੋਹਰ ਵਾਸੀ ਵਿਅਕਤੀ ਨੂੰ ਬਲੈਕਮੇਲ ਕਰ ਰਹੀ ਹੈ। ਐੱਸ. ਐੱਸ. ਪੀ. ਵਲੋਂ ਕਰਵਾਈ ਗਈ ਜਾਂਚ ਦੇ ਆਧਾਰ ’ਤੇ ਥਾਣਾ ਸਿਟੀ-2 ਅਬੋਹਰ ਦੀ ਪੁਲਸ ਨੇ ਪੀੜਤ ਦੀ ਸ਼ਿਕਾਇਤ ਤੇ ਬਬੀਤਾ ਉਸ ਦੀ ਭਾਬੀ ਸੁਨੀਤਾ ਚੌਧਰੀ ਅਤੇ ਭਰਾ ਲਾਲ ਚੰਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਵਲੋਂ ਨਾਮਜ਼ਦ ਤਿੰਨੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ।

ਨੋਟ-  ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha