ਹੁਸ਼ਿਆਰਪੁਰ ਦੇ ਸਾਈਕਲਿਸਟ ਹਨੀ ਭਿੰਡਰ ਨੇ ਰਚਿਆ ਇਤਿਹਾਸ

02/01/2018 2:49:13 AM

ਹੁਸ਼ਿਆਰਪੁਰ (ਜ.ਬ.)- ਸਾਈਕਲ ਚਲਾਉਣ ਦੇ ਖੇਤਰ 'ਚ ਸਫ਼ਲਤਾ ਪ੍ਰਾਪਤ ਕਰਨ ਦੀ ਆਪਣੀ ਇੱਛਾ, ਜ਼ਿਦ, ਜਜ਼ਬਾ ਤੇ ਸਕੂਨ ਦੀ ਬਦੌਲਤ ਹੁਸ਼ਿਆਰਪੁਰ ਦੇ ਮੁਹੱਲਾ ਸੁਭਾਸ਼ ਨਗਰ 'ਚ ਰਹਿਣ ਵਾਲੇ 47 ਸਾਲਾ ਅਮਰਪ੍ਰੀਤ ਸਿੰਘ ਉਰਫ ਹਨੀ ਭਿੰਡਰ ਨੇ ਹੁਣ 1405 ਕਿੱਲੋਮੀਟਰ ਦੀ ਦੂਰੀ ਨੂੰ ਸਿਰਫ 98 ਘੰਟੇ 'ਚ ਪੂਰਾ ਕਰਕੇ ਨਵਾਂ ਇਤਿਹਾਸ ਰਚਣ ਦਾ ਕੰਮ ਕੀਤਾ ਹੈ। ਦਿੱਲੀ ਰੈਂਡਨਰ ਕਲੱਬ ਵੱਲੋਂ ਆਯੋਜਿਤ ਬ੍ਰੈਵੇ 'ਚ ਦਿੱਲੀ ਵਿਖੇ ਮੁਰਾਦਾਬਾਦ, ਬਰੇਲੀ, ਸਿਤਾਰਗੰਜ, ਖਟੀਮਾ ਹੁੰਦੇ ਹੋਏ ਨੇਪਾਲ ਦੇ ਦੂਰ-ਦੁਰਾਡੇ ਇਲਾਕੇ ਧਨੀਗੜ੍ਹ, ਨੇਪਾਲਗੰਜ ਹੁੰਦੇ ਹੋਏ ਨਿਮੋਈ ਤੱਕ ਦੀ ਆਉਣ ਤੇ ਜਾਣ ਦੀ ਕੁੱਲ 1405 ਕਿੱਲੋਮੀਟਰ ਦੀ ਦੂਰੀ ਤੈਅ ਕਰਨ ਸਮੇਂ 108 ਘੰਟੇ ਤੋਂ ਪਹਿਲਾਂ ਹੀ 98 ਘੰਟੇ ਵਿਚ ਪੂਰੀ ਕਰ ਲਈ ਹੈ। ਹੈਰਾਨੀ ਦੀ ਗੱਲ ਹੈ ਕਿ ਦੂਸਰੇ ਨੰਬਰ 'ਤੇ ਰਹੇ ਪ੍ਰਤੀਯੋਗੀ ਨੇ ਇਸ ਦੂਰੀ ਨੂੰ ਤੈਅ ਕਰਨ 'ਚ 7 ਘੰਟੇ ਦਾ ਵੱਧ ਸਮਾਂ ਲਾਇਆ। 
ਅੱਜ ਵੱਖ-ਵੱਖ ਸੰਗਠਨਾਂ ਵੱਲੋਂ ਸਨਮਾਨਿਤ ਕੀਤੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਈਕਲਿਸਟ ਹਨੀ ਭਿੰਡਰ ਨੇ ਕਿਹਾ ਕਿ ਹੁਣ ਉਸਦਾ ਸੁਪਨਾ ਜੁਲਾਈ 2019 ਵਿਚ ਸਾਈਕਲਿਸਟ ਖੇਤਰ ਦਾ ਸਭ ਤੋਂ ਵੱਡਾ ਮਹਾਂਕੁੰਭ ਰੋਮ (ਰੇਸ ਐਕ੍ਰੋਸ ਅਮਰੀਕਾ) 'ਚ ਭਾਗ ਲੈਣਾ ਹੈ। 
ਮੀਡੀਆ ਨੂੰ ਸੰਬੋਧਨ ਕਰਦਿਆਂ ਭਿੰਡਰ ਨੇ ਕਿਹਾ ਕਿ ਅੱਜ ਤੋਂ 2 ਸਾਲ ਪਹਿਲਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਈਕਲ ਦੇ ਖੇਤਰ ਵਿਚ ਮੈਨੂੰ ਐਨੀ ਵੱਡੀ ਸਫ਼ਲਤਾ ਮਿਲੇਗੀ। ਕਰੀਬ ਡੇਢ ਸਾਲ ਪਹਿਲਾਂ ਹੀ ਪੰਜਾਬ ਬਾਈਕਰਜ਼ ਕਲੱਬ ਦੇ ਅਭਿਸ਼ੇਕ ਕਸ਼ਅਪ ਤੇ ਸ਼ਰਣਪ੍ਰੀਤ ਨੇ ਉਸਨੂੰ ਉਤਸ਼ਾਹਿਤ ਕੀਤਾ। ਹੁਣ ਤੱਕ 200, 300, 400 ਤੇ 600 ਕਿੱਲੋਮੀਟਰ ਦੀ ਦੂਰੀ ਇਕ ਵਾਰ ਨਹੀਂ ਬਲਕਿ 5 ਵਾਰ ਪੂਰੀ ਕਰਕੇ ਸਾਈਕਲਿਸਟ ਖੇਤਰ ਦਾ ਸਭ ਤੋਂ ਵੱਡਾ ਸਨਮਾਨ ਸੁਪਰ ਰੈਂਡੋਨਿਓਰ ਦਾ ਖਿਤਾਬ ਜਿੱਤ ਚੁੱਕਾ ਹਾਂ।
ਸ਼ਿਵਾਲਿਕ ਸਿਗਨੇਚਰ ਦੀ ਤਿਆਰੀ ਕਰ ਦਿੱਤੀ ਹੈ ਸ਼ੁਰੂ
ਹਨੀ ਭਿੰਡਰ ਨੇ ਕਿਹਾ ਕਿ ਉਹ ਹੁਣ ਪੰਜਾਬ ਬਾਈਕਰਜ਼ ਕਲੱਬ ਵੱਲੋਂ 7 ਅਪ੍ਰੈਲ ਨੂੰ ਆਯੋਜਿਤ ਹੋਣ ਵਾਲੀ ਸ਼ਿਵਾਲਿਕ ਸਿਗਨੇਚਰ ਦੀ ਤਿਆਰੀ ਵਿਚ ਜੁਟ ਗਿਆ ਹੈ। ਜਿਸ ਲਈ ਕੁੱਲ ਦੂਰੀ 615 ਕਿੱਲੋਮੀਟਰ ਤੈਅ ਕਰਨ ਲਈ ਚੰਡੀਗੜ੍ਹ, ਰੋਪੜ, ਗੜ੍ਹਸ਼ੰਕਰ, ਹੁਸ਼ਿਆਰਪੁਰ, ਦਸੂਹਾ, ਕਮਾਹੀ ਦੇਵੀ, ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸਰਹੰਦ, ਲਾਂਡਰਾ ਹੁੰਦੇ ਹੋਏ ਸੁਖਨਾ ਲੇਕ ਚੰਡੀਗੜ੍ਹ ਵਿਖੇ ਸੰਪੰਨ ਹੋਣੀ ਹੈ।