ਨੂਰਮਹਿਲ: AC ਠੀਕ ਕਰਨ ਦੇ ਬਹਾਨੇ ਘਰ 'ਚ ਦਾਖ਼ਲ ਹੋਏ ਲੁਟੇਰੇ, ਗੰਨ-ਪੁਆਇੰਟ ’ਤੇ ਲੁੱਟੀ 15 ਲੱਖ ਦੀ ਨਕਦੀ ਤੇ ਗਹਿਣੇ

05/30/2023 2:57:41 PM

ਨੂਰਮਹਿਲ (ਸ਼ਰਮਾ)- ਜਲੰਧਰ ਸ਼ਹਿਰ ਵਿਚ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਨੂਰਮਹਿਲ ਦਾ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਇਕ ਵਪਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਸਮੇਤ ਸੋਨੇ ਦੇ ਗਹਿਣੇ ਲੁੱਟ ਲਏ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਦੋ ਮੋਟਰਸਾਈਕਲਾਂ ’ਤੇ ਸਵਾਰ 4 ਲੁਟੇਰੇ ਮੁਹੱਲਾ ਪਾਸੀਆਂ ਦੇ ਵਸਨੀਕ ਭਾਂਡਿਆਂ ਦੇ ਵਪਾਰੀ ਸ਼ਸ਼ੀ ਭੂਸ਼ਣ ਪਾਸੀ ਦੇ ਘਰੋਂ ਉਸ ਦੇ ਪਿਤਾ ਰਮੇਸ਼ ਕੁਮਾਰ ਪਾਸੀ ਕੋਲੋਂ ਗੰਨ ਪੁਆਂਇੰਟ ’ਤੇ ਵੱਡੀ ਗਿਣਤੀ ’ਚ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਪਰਿਵਾਰ ਮੁਤਾਬਕ ਲੁਟੇਰੇ ਘਰ ਵਿਚੋਂ ਲਗਭਗ 15 ਲੱਖ ਦੀ ਨਕਦੀ ਅਤੇ 20 ਲੱਖ ਦੇ ਗਹਿਣੇ ਲੁੱਟ ਕੇ ਲੈ ਗਏ ਹਨ। 
ਪੀੜਤ ਰਮੇਸ਼ ਕੁਮਾਰ ਪਾਸੀ ਨੇ ਦੱਸਿਆ ਕਿ ਵਾਰਦਾਤ ਵੇਲੇ ਉਹ ਅਤੇ ਗੁਆਂਢੀਆਂ ਦਾ ਇਕ 10-11 ਸਾਲ ਦਾ ਬੱਚਾ ਘਰ ਵਿਚ ਮੌਜੂਦ ਸਨ ਅਤੇ ਉਨ੍ਹਾਂ ਦਾ ਪੁੱਤਰ ਸ਼ਸ਼ੀ ਕੁਮਾਰ ਪਾਸੀ ਅਤੇ ਨੂੰਹ ਆਪਣੀ ਦੁਕਾਨ ’ਤੇ ਗਏ ਹੋਏ ਸਨ। 1.30 ਵਜੇ ਦੇ ਕਰੀਬ ਕਿਸੇ ਨੇ ਦਰਵਾਜ਼ਾ ਖੜ੍ਹਕਾਇਆ ਤਾਂ ਛੋਟੇ ਬੱਚੇ ਨੇ ਪੁੱਛਿਆ ਕਿ ਕੌਣ ਹੈ ਤਾਂ ਅਗੋਂ ਮੁਲਜ਼ਮਾਂ ਨੇ ਕਿਹਾ ਕਿ ਏ. ਸੀ. ਠੀਕ ਕਰਨ ਆਏ ਹਾਂ। ਬੱਚੇ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇਸ ਦੌਰਾਨ 4 ਵਿਅਕਤੀ ਅੰਦਰ ਆ ਗਏ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਇਕ ਨੇ ਮੇਰੇ ਸਿਰ ’ਤੇ ਗੰਨ ਰੱਖੀ ਬਾਕੀਆਂ ਨੇ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਅਲਮਾਰੀਆਂ ਤੋੜ ਕੇ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਗਏ।

ਇਹ ਵੀ ਪੜ੍ਹੋ - ਹੈਰਾਨੀਜਨਕ ਪਰ ਸੱਚ, ਸਰਕਾਰੀ ਬੱਸਾਂ ਨੂੰ ਸਮੇਂ ਸਿਰ ਟੈਕਸ ਨਾ ਭਰਨ ਕਾਰਨ ਲੱਗਾ 69 ਲੱਖ ਦਾ ਜੁਰਮਾਨਾ

ਸ਼ਸ਼ੀ ਕੁਮਾਰ ਪਾਸੀ ਨੇ ਦੱਸਿਆ ਕਿ 2 ਵਜੇ ਦੇ ਕਰੀਬ ਮੈਂ ਘਰ ਆਇਆ ਤਾਂ ਵੇਖਿਆ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਘਰ ਦੇ ਬਾਹਰ ਬਿਨਾ ਨੰਬਰੀ ਦੋ ਮੋਟਰਸਾਈਕਲ ਖੜ੍ਹੇ ਸਨ। ਉਨ੍ਹਾਂ ਦੱਸਿਆ ਕਿ ਮੇਰੇ ਬਹੁਤ ਵਾਰ ਦਰਵਾਜ਼ਾ ਖੜ੍ਹਕਾਉਣ ’ਤੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਮੈਂ 112 ਨੰਬਰ ’ਤੇ ਫੋਨ ਕਰਨ ਲੱਗਾ, ਇਸੇ ਦੌਰਾਨ ਮੇਰੇ ਸਾਹਮਣੇ ਚਾਰ ਵਿਅਕਤੀ ਬਾਹਰ ਆਏ, ਜਿਨ੍ਹਾਂ ’ਚੋਂ ਦੋ ਦੇ ਹੱਥਾਂ ਵਿਚ ਗੰਨ ਸਨ ਅਤੇ ਬਾਹਰ ਖੜ੍ਹੇ ਬਿਨ੍ਹਾਂ ਨੰਬਰੀ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫਰਾਰ ਹੋ ਗਏ।

ਪੁਲਸ ਦੇ ਉੱਚ ਅਧਿਕਾਰੀਆਂ ਮਨਪ੍ਰੀਤ ਸਿੰਘ ਢਿੱਲੋਂ ਐੱਸ. ਪੀ. ਡੀ. ਜਲੰਧਰ, ਹਰਜਿੰਦਰ ਸਿੰਘ ਡੀ. ਐੱਸ. ਪੀ. ਨਕੋਦਰ, ਗੁਰਿੰਦਰਜੀਤ ਸਿੰਘ ਨਾਗਰਾ ਥਾਣਾ ਮੁਖੀ ਨਕੋਦਰ ਸਦਰ, ਥਾਣਾ ਮੁਖੀ ਨੂਰਮਹਿਲ ਸੁਖਦੇਵ ਸਿੰਘ ਅਤੇ ਪੁਸ਼ਪ ਬਾਲੀ ਇੰਚਾਰਜ ਕ੍ਰਾਈਮ ਬਰਾਂਚ ਜਲੰਧਰ ਤੋਂ ਇਲਾਵਾ ਫਿੰਗਰ ਪ੍ਰਿੰਟ ਐਕਸਪ੍ਰਟਸ ਦੀ ਟੀਮ ਵੀ ਮੌਕੇ ’ਤੇ ਪਹੁੰਚੀ। ਐੱਸ. ਪੀ. ਡੀ. ਢਿੱਲੋਂ ਨੇ ਦੱਸਿਆ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ।

ਇਹ ਵੀ ਪੜ੍ਹੋ - ਬਿਆਸ ਦਰਿਆ 'ਚ ਨਹਾਉਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੇ ਘਰ 'ਚ ਪੈ ਗਏ ਵੈਣ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri