ਪੁਰਾਣੀ ਰੰਜਿਸ਼ ਦੇ ਕਾਰਨ ਘਰ ''ਤੇ ਚਲਾਈਆਂ ਗੋਲੀਆਂ

09/05/2017 7:09:42 AM

ਝਬਾਲ/ਬੀੜ ਸਾਹਿਬ,  (ਹਰਬੰਸ ਲਾਲੂ ਘੁੰਮਣ, ਬਖਾਤਵਰ, ਭਾਟੀਆ)-  ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਨੌਸ਼ਹਿਰਾ ਢਾਲਾ ਸਥਿਤ ਬਹਿਕਾਂ 'ਤੇ ਰਹਿੰਦੇ ਇਕ ਕਿਸਾਨ ਦੇ ਘਰ 'ਤੇ ਬੀਤੀ ਰਾਤ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਕਿਸਾਨ ਲਖਵਿੰਦਰ ਸਿੰਘ ਤੇ ਉਸਦੀ ਪਤਨੀ ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦਾ ਪਿਛਲੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਹੈ, ਉਨ੍ਹਾਂ ਵੱਲੋਂ ਹੀ ਉਨ੍ਹਾਂ ਦੇ ਘਰ 'ਤੇ ਗੋਲੀਆਂ ਚਲਾਈਆਂ ਹਨ। ਕਿਸਾਨ ਲਖਵਿੰਦਰ ਸਿੰਘ ਅਤੇ ਉਸਦੀ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਸਦੇ ਲੜਕੇ ਕੰਵਲਜੀਤ ਸਿੰਘ ਨੇ ਛੇਹਰਟਾ ਵਾਸੀ ਇਕ ਲੜਕੀ ਨਾਲ ਢਾਈ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ ਪਰ ਬਾਅਦ ਵਿਚ ਲੜਕੀ ਪਰਿਵਾਰ ਵੱਲੋਂ ਇਸ ਵਿਆਹ ਨੂੰ ਸਹਿਮਤੀ ਦਿੰਦਿਆਂ ਗੁਰਦੁਆਰਾ ਸਾਹਿਬ ਵਿਖੇ ਲੜਕੀ ਅਤੇ ਲੜਕੇ ਦੀਆਂ ਲਾਂਵਾਂ ਕਰਵਾ ਦਿੱਤੀਆਂ ਸਨ। ਕੁਝ ਦਿਨਾਂ ਬਾਅਦ ਉਨ੍ਹਾਂ ਦੀ ਨੂੰਹ ਨੂੰ ਉਸਦੇ ਪੇਕੇ ਪਰਿਵਾਰ ਵਾਲੇ ਘਰ ਫੇਰਾ ਪਵਾਉਣ ਲਈ ਲੈ ਗਏ ਪਰ ਮੁੜ ਵਾਪਸ ਨਹੀਂ ਭੇਜੀ। 
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਕਤ ਲੋਕਾਂ ਵੱਲੋਂ ਉਨ੍ਹਾਂ ਦੇ ਲੜਕੇ ਸਮੇਤ ਪੂਰੇ ਪਰਿਵਾਰ ਉਪਰ ਕਈ ਪ੍ਰਕਾਰ ਦੇ ਝੂਠੇ ਪੁਲਸ ਕੇਸ ਦਰਜ ਕਰਵਾ ਦਿੱਤੇ। ਉਨ੍ਹਾਂ ਦੱਸਿਆ ਕਿ ਦੋ ਵਾਰ ਪਹਿਲਾਂ ਵੀ ਉਨ੍ਹਾਂ ਵੱਲੋਂ ਉਨ੍ਹਾਂ ਦੇ ਲੜਕੇ ਕੰਵਲਜੀਤ ਸਿੰਘ 'ਤੇ ਰਸਤੇ 'ਚ ਰੋਕ ਕੇ ਹਮਲੇ ਕੀਤੇ ਹਨ ਤੇ ਬੀਤੀ ਰਾਤ ਫਿਰ ਕਰੀਬ ਸਾਢੇ 10 ਵਜੇ ਜਦੋਂ ਉਨ੍ਹਾਂ ਦਾ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਉਕਤ ਲੋਕ ਹਥਿਆਰਾਂ ਨਾਲ ਲੈਸ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਦੇ ਬਾਹਰਲੇ ਗੇਟ 'ਤੇ ਗੋਲੀਆਂ ਚਲਾਉਂਦੇ ਉਕਤ ਲੋਕ ਘਰ ਅੰਦਰ ਦਾਖਲ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦਾ ਸਾਰਾ ਪਰਿਵਾਰ ਅੰਦਰ ਕਮਰਿਆਂ 'ਚ ਲੁਕ ਗਿਆ ਤੇ ਉਕਤ ਲੋਕ ਘਰ ਦੇ ਕਮਰਿਆਂ ਅਤੇ ਵਿਹੜੇ 'ਚ ਖੜ੍ਹੀ ਗੱਡੀ 'ਤੇ ਗੋਲੀਆਂ ਚਲਾਉਣ ਉਪਰੰਤ ਫਰਾਰ ਹੋ ਗਏ। ਨਜ਼ਦੀਕ ਰਹਿੰਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੋਲੀਆਂ ਚੱਲਣ ਦੀ ਅਵਾਜ਼ ਸੁਣ ਕੇ ਕਿਸਾਨ ਲਖਵਿੰਦਰ ਸਿੰਘ ਦੇ ਘਰ ਵੱਲ ਨੂੰ ਵਧੇ ਤਾਂ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਕੁਝ ਲੋਕ ਉਸ ਵੱਲੋਂ ਫਰਾਰ ਹੁੰਦੇ ਆਪਣੀਆਂ ਅੱਖਾਂ ਨਾਲ ਵੇਖੇ ਗਏ। ਥਾਣਾ ਮੁਖੀ ਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ, ਮਾਮਲਾ ਸ਼ੱਕੀ ਲੱਗ ਰਿਹਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।