ਪਿੰਡ ਮਰਾੜ੍ਹ ਵਿਖੇ ਅਣਪਛਾਤਿਆਂ ਵੱਲੋਂ ਫਾਇਰਿੰਗ, ਘਰ ’ਚ ਸੁੱਟੀ ਗਈ ਚਿੱਠੀ

06/21/2022 5:43:18 PM

ਸਾਦਿਕ (ਪਰਮਜੀਤ) : ਸਾਦਿਕ ਨੇੜੇ ਪਿੰਡ ਮਾਨ ਮਰਾੜ੍ਹ ਵਿਖੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਫਾਇਰਿੰਗ ਕਰਨ ਨਾਲ ਪਿੰਡ ਵਾਸੀ ਸਹਿਮ ਵਿਚ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਮੋਹਣ ਸਿੰਘ ਬਰਾੜ ਨੇ ਦੱਸਿਆ ਕਿ 10 ਵਜੇ ਰਾਤ ਨੂੰ ਕਰੇਟਾ ਗੱਡੀ ਆਈ। ਪਹਿਲਾਂ ਇਹ ਗੱਡੀ ਠੇਕੇ ਕੋਲ ਲਗਭਗ 20 ਮਿੰਟ ਖੜ੍ਹੀ ਰਹੀ। ਫਿਰ ਸਤਨਾਮ ਸਿੰਘ ਪੁੱਤਰ ਗੁਲਜ਼ਾਰ ਸਿੰਘ ਦੇ ਘਰ ਮੂਹਰੇ ਆ ਕੇ ਕਾਰ ਰੁਕੀ ਤੇ ਇਕ ਜਣਾ ਉਤਰਿਆ। ਲੋਹੇ ਦੇ ਮੁੱਖ ਗੇਟ ਵਿਚ ਕੁਝ ਤਿੱਖੀ ਚੀਜ਼ ਮਾਰੀ ਗਈ। ਜਿਸ ਨਾਲ ਗੇਟ ਵਿਚ ਮੋਰੀਆਂ ਹੋ ਗਈਆਂ ਤੇ ਦੋ ਫਾਇਰ ਕੀਤੇ ਅਤੇ ਇਕ ਚਿੱਠੀ ਸੁੱਟ ਕੇ ਫਰਾਰ ਹੋ ਗਏ। ਚਿੱਠੀ ਦੇ ਨਾਲ ਹੀ ਚਿੱਟੇ ਵਾਲੀਆਂ ਪੁੜੀ ਵਰਗੀਆਂ ਦੋ ਪੁੜੀਆਂ ਵੀ ਸੁੱਟੀਆਂ ਗਈਆਂ ਹਨ। ਬਹੁਤ ਹੀ ਘੱਟ ਪੜ੍ਹੇ ਕਿਸੇ ਵਿਅਕਤੀ ਨੇ ਟੁੱਟੀ ਫੁੱਟੀ ਪੰਜਾਬੀ ਵਿਚ ਲਿਖਿਆ ਹੈ ਕਿ ਅੱਜ ਤਾਂ ਗੋਲੀ ਗੇਟ ਵਿਚ ਵੱਜੀ ਹੈ, ਜੇ ਚਿੱਟਾ ਵੇਚਣਾ ਬੰਦ ਨਾ ਕੀਤਾ ਤਾਂ ਕਿਤੇ ਵੀ ਵੱਜ ਸਕਦੀ ਹੈ। ਚਿੱਟਾ ਵੇਚ ਕੇ ਕੋਠੀ ਪੈਗੀ ਹਟ ਜਾ। ਸਾਡੇ ਮੁੰਡੇ ਹਟਦੇ ਨਹੀਂ। ਆਹ ਨਸ਼ਾ ਥੋਡੇ ਘਰੋਂ ਗਿਆ ਹੈ।

ਹੈਰਾਨੀ ਦੀ ਗੱਲ ਹੈ ਕਿ ਜਿਸ ਵਿਚ ਘਰ ਅੱਗੇ ਫਾਇਰ ਕੀਤੇ ਗਏ ਹਨ ਅਤੇ ਚਿੱਠੀ ਅਤੇ ਪੁੜੀਆਂ ਸੁੱਟੀਆਂ ਗਈਆਂ ਹਨ ਉਸ ਪਰਿਵਾਰ ਦਾ ਮੁਖੀ ਸਤਨਾਮ ਸਿੰਘ ਅਮਰੀਕਾ ’ਚ ਰਹਿ ਰਿਹਾ ਹੈ ਤੇ ਉਸ ਦੀ ਪਤਨੀ, ਮਾਤਾ ਤੇ ਬੱਚੇ ਹੀ ਘਰ ’ਚ ਰਹਿ ਰਹੇ ਹਨ। ਪਿੰਡ ਵਾਸੀਆਂ ਮੋਦਨ ਸਿੰਘ, ਮੱਖਣ ਸਿੰਘ ਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਬਹੁਤ ਹੀ ਵਧੀਆ ਪਰਿਵਾਰ ਹੈ ਤੇ ਨਸ਼ੇ ਤੋਂ ਰਹਿਤ ਹੈ ਤੇ ਘਰ ਵਿਚ ਇਸ ਸਮੇਂ ਆਦਮੀ ਕੋਈ ਨਹੀਂ ਰਹਿ ਰਿਹਾ ਹੈ। ਕੁਝ ਲੋਕਾਂ ਵੱਲੋਂ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਉਨ੍ਹਾਂ ਨੇ ਕਿਸੇ ਹੋਰ ਘਰ ਨੂੰ ਨਿਸ਼ਾਨਾ ਬਣਾਉਣਾ ਹੋਵੇਗਾ ਤੇ ਪਿੰਡ ਵਿੱਚ ਦਹਿਸ਼ਤ ਪਾਉਣੀ ਹੋਵੇਗੀ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ ਅਮਨਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਲਈ। ਉਨਾਂ ਕਿਹਾ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ।

Gurminder Singh

This news is Content Editor Gurminder Singh